ਚੰਡੀਗੜ੍ਹ – “ਬੀਤੇ ਦਿਨੀਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦੇ ਫੌ਼ਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ ਦੀਆਂ ਅਤੇ ਸ਼ਰਧਾਲੂਆਂ ਦੀਆਂ ਆਤਮਾਵਾਂ ਲਈ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਸੰਪੂਰਨ ਏਕਤਾ ਦੇ ਰੂਪ ਵਿਚ ਸੰਪਨ ਹੋਈ ਹੈ ਅਤੇ ਜਿਸ ਤਰੀਕੇ ਐਸ.ਜੀ.ਪੀ.ਸੀ. ਹੋਰ ਸਭ ਸਿੱਖ ਸੰਗਠਨਾਂ, ਜਥੇਬੰਦੀਆਂ ਨੇ ਸਹਿਯੋਗ ਦਿੱਤਾ ਹੈ ਅਤੇ ਆਪਣੀ ਕੌਮੀ ਮੰਜਿ਼ਲ ਖ਼ਾਲਿਸਤਾਨ ਲਈ ਦ੍ਰਿੜ ਸੰਕਲਪ ਨੂੰ ਸਮੂਹਿਕ ਤੌਰ ਤੇ ਦੁਹਰਾਇਆ ਹੈ, ਉਸ ਲਈ ਜਿਥੇ ਅਸੀਂ ਸਮੁੱਚੀ ਸਿੱਖ ਕੌਮ, ਐਸ.ਜੀ.ਪੀ.ਸੀ, ਸਿੱਖ ਸੰਗਠਨਾਂ ਅਤੇ ਪ੍ਰਬੰਧਕਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ, ਉਥੇ ਪ੍ਰੈਸ ਵੱਲੋਂ ਦਿੱਤੇ ਗਏ ਹਾਂ-ਵਾਚਕ ਸਹਿਯੋਗ ਲਈ ਵੀ ਧੰਨਵਾਦੀ ਹਾਂ। ਜਿਨ੍ਹਾਂ ਨੇ ਅਮਨ ਪੂਰਵਕ ਹੋਏ ਸ਼ਹੀਦੀ ਸਮਾਗਮ ਦੀ ਪੂਰੀ ਕਵਰੇਜ ਸਹੀ ਰੂਪ ਵਿਚ ਆਪੋ-ਆਪਣੇ ਅਖ਼ਬਾਰਾਂ, ਟੀ.ਵੀ. ਚੈਨਲਾਂ ਅਤੇ ਹੋਰ ਮਾਧਿਅਮ ਰਾਹੀ ਦਿੱਤੀ ਹੈ। ਪਰ ਜਿਸ ਇਕਾ-ਦੁੱਕਾ ਹਿੰਦੂਤਵ ਸੋਚ ਵਾਲੀ ਪ੍ਰੈਸ ਵੱਲੋ ਸਿੱਖ ਕੌਮ ਨੂੰ ਦਹਿਸਤਗਰਦ, ਵੱਖਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਅਤੇ ਅੱਤਵਾਦੀ ਦੇ ਨਾਮ ਦੇ ਕੇ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਸੱਟ ਮਾਰੀ ਗਈ ਹੈ ਅਤੇ ਜਿਸ ਪ੍ਰੈਸ ਵੱਲੋ ਬਰਤਾਨੀਆ, ਰੂਸ ਅਤੇ ਭਾਰਤ ਦੇ ਹੁਕਮਰਾਨਾਂ ਵੱਲੋ ਸਾਂਝੇ ਤੌਰ ਤੇ ਕੀਤੇ ਗਏ ਬਲਿਊ ਸਟਾਰ ਦੇ ਫੌ਼ਜੀ ਹਮਲੇ ਦੀ ਪਿੱਠ ਪੂਰੀ ਜਾ ਰਹੀ ਹੈ, ਉਹ ਸਿੱਖ ਕੌਮ ਲਈ ਅਜਿਹਾ ਨਫ਼ਰਤ ਭਰਿਆ ਮਾਹੌਲ ਉਸਾਰਕੇ ਬਿਲਕੁਲ ਵੀ ਚੰਗੀ ਗੱਲ ਨਹੀਂ ਕਰ ਰਹੇ । ਜੇਕਰ ਅਜਿਹੀ ਹਿੰਦੂਤਵ ਪ੍ਰੈਸ ਤੇ ਫਿਰਕੂ ਸੋਚ ਰੱਖਣ ਵਾਲਿਆ ਨੂੰ ਅਸੀ ਮਨੁੱਖਤਾ ਤੇ ਇਨਸਾਨੀਅਤ ਦੇ ਕਾਤਲ ਕਤਲ ਕਰਨ ਵਾਲੇ ਅਤੇ ਨਸ਼ਲਕੁਸੀ ਕਰਨ ਵਾਲੇ ਲਿਖੀਏ, ਤਾਂ ਉਨ੍ਹਾਂ ਦੇ ਮਨ-ਆਤਮਾਵਾਂ ਉਤੇ ਕੀ ਗੁਜਰੇਗੀ, ਉਹ ਮਹਿਸੂਸ ਕਰ ਸਕਦੇ ਹਨ ? ਜਦੋਂਕਿ ਸਿੱਖ ਕੌਮ ਕਾਇਦੇ-ਕਾਨੂੰਨ ਵਿਚ ਰਹਿਕੇ ਹੀ ਆਪਣੇ ਕੌਮੀ ਸੰਘਰਸ਼ ਨੂੰ ਜਮਹੂਰੀਅਤ ਤੇ ਅਮਨਮਈ ਲੀਹਾਂ ਤੇ ਤੋਰ ਰਹੀ ਹੈ । ਅਜਿਹੀ ਫਿਰਕੂ ਪ੍ਰਭਾਵ ਹੇਠ ਆਈ ਹਿੰਦੂਤਵ ਪ੍ਰੈਸ ਜੇਕਰ ਮਨੁੱਖਤਾ ਤੇ ਇਨਸਾਨੀਅਤ ਦੇ ਨਾਤੇ ਸਿੱਖ ਕੌਮ ਨੂੰ ਉਪਰੋਕਤ ਨਫ਼ਰਤ ਭਰੇ ਨਾਮ ਦੇਣ ਅਤੇ ਗੁੰਮਰਾਹਕੁੰਨ ਪ੍ਰਚਾਰ ਕਰਨਾ ਬੰਦ ਕਰ ਦੇਵੇ ਤਾਂ ਜਿਥੇ ਸਮੁੱਚੇ ਮਾਹੌਲ ਨੂੰ ਅਮਨਮਈ ਰੱਖਣ ਲਈ ਬਿਹਤਰ ਹੋਵੇਗਾ, ਉਤੇ ਉਨ੍ਹਾਂ ਦੀ ਅਮਨਮਈ ਜਿੰਦਗੀ ਲਈ ਵੀ ਬਿਹਤਰ ਹੋਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬਲਿਊ ਸਟਾਰ ਫ਼ੌਜੀ ਹਮਲੇ ਦੇ ਸ਼ਹੀਦਾਂ ਦੀ ਸ਼ਹੀਦੀ ਅਰਦਾਸ ਪੁਰ ਅਮਨ ਤਰੀਕੇ ਹੋਣ ਲਈ ਜਿਥੇ ਸਿੱਖ ਸੰਗਠਨਾਂ ਅਤੇ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਉਥੇ ਪ੍ਰੈਸ ਦੇ ਵੱਡੇ ਹਿੱਸੇ ਵੱਲੋ ਦਿੱਤੇ ਗਏ ਸਹਿਯੋਗ ਲਈ ਵੀ ਉਚੇਚੇ ਤੌਰ ਤੇ ਪ੍ਰੈਸ ਦਾ ਧੰਨਵਾਦ ਕਰਦੇ ਹੋਏ ਅਤੇ ਸਿੱਖ ਕੌਮ ਵਿਰੁੱਧ ਇਕਾ-ਦੁੱਕਾ ਨਫ਼ਰਤ ਫੈਲਾਉਣ ਵਾਲੀ ਪ੍ਰੈਸ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਐਨ.ਡੀ. ਟੀਵੀ ਚੈਨਲ ਅਤੇ ਉਸਦੇ ਪ੍ਰਬੰਧਕੀ ਮੈਨੇਜਰ ਪ੍ਰਣੋਇ ਰੋਇ ਦੇ ਘਰ ਉਤੇ ਸੀ.ਬੀ.ਆਈ ਦੀਆਂ ਰੇਡਾ ਮਾਰਨ ਦੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਅਜਿਹੀ ਕਾਰਵਾਈ ‘ਪ੍ਰੈਸ ਦੀ ਆਜ਼ਾਦੀ’ ਦੇ ਨਿਯਮਾਂ ਅਤੇ ਅਸੂਲਾਂ ਦੇ ਖਿਲਾਫ਼ ਹੈ । ਇਹ ਉਸੇ ਤਰ੍ਹਾਂ ਦੇ ਅਮਲ ਹਨ, ਜਿਵੇ ਮਰਹੂਮ ਇੰਦਰਾ ਗਾਂਧੀ ਅਤੇ ਸੰਜੇ ਗਾਂਧੀ ਨੇ ਐਮਰਜੈਸੀ ਦੌਰਾਨ ਪ੍ਰੈਸ ਉਤੇ ਜ਼ਬਰ-ਜੁਲਮ ਕੀਤੇ ਸਨ ਅਤੇ ਪ੍ਰੈਸ ਦਾ ਗਲਾ ਘੋਟ ਦਿੱਤਾ ਸੀ । ਇਹ ਕਾਰਵਾਈ ਉਸਦੇ ਬਰਾਬਰ ਦੀ ਹੈ । ਐਨ.ਡੀ ਟੀਵੀ ਅਤੇ ਸ੍ਰੀ ਪ੍ਰਣੋਇ ਰੋਇ ਉਤੇ ਹੋ ਰਹੇ ਗੈਰ-ਕਾਨੂੰਨੀ ਜ਼ਬਰ-ਜੁਲਮ ਉਤੇ ਜੋ ਬਾਕੀ ਦੀ ਪ੍ਰੈਸ ਨੇ ਚੁੱਪ ਧਾਰੀ ਹੋਈ ਹੈ, ਇਹ ਰੁਝਾਨ ਵੀ ਅਤਿ ਮੰਦਭਾਗਾ ਹੈ। ਕਿਉਂਕਿ ਇਹੋ ਜਿਹਾ ਵਿਵਹਾਰ ਹੁਕਮਰਾਨਾਂ ਵੱਲੋ ਆਉਣ ਵਾਲੇ ਸਮੇਂ ਵਿਚ ਚੁੱਪ ਰਹਿਣ ਵਾਲੀ ਬਾਕੀ ਦੀ ਪ੍ਰੈਸ ਨਾਲ ਹੋਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ । ਫਿਰ ਉਸ ਸਮੇਂ ਇਸ ਹੋਣ ਵਾਲੇ ਜ਼ਬਰ ਵਿਰੁੱਧ ਕੌਣ ਆਵਾਜ਼ ਉਠਾਏਗਾ ? ਇਸ ਲਈ ਅੱਜ ਸਮੁੱਚੀ ਪ੍ਰੈਸ ਨੂੰ ਜਿਥੇ ਸਿੱਖ ਕੌਮ ਨੂੰ ਦਹਿਸਤਗਰਦ, ਵੱਖਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਅਤੇ ਅੱਤਵਾਦੀ ਨਫ਼ਰਤ ਭਰੇ ਨਾਮ ਦੇਣੇ ਬੰਦ ਕਰਨੇ ਹੋਣਗੇ, ਉਥੇ ਐਨ.ਡੀ. ਟੀਵੀ ਚੈਨਲ ਅਤੇ ਉਸਦੇ ਪ੍ਰਬੰਧਕੀ ਮੈਨੇਜਰ ਪ੍ਰਣੋਇ ਰੋਇ ਉਤੇ ਹੋ ਰਹੇ ਜ਼ਬਰ-ਜੁਲਮ ਵਿਰੁੱਧ ਵੀ ਇਕ ਰੂਪ ਤੇ ਇਕ ਤਾਕਤ ਹੋ ਕੇ ਆਵਾਜ਼ ਉਠਾਉਣੀ ਪਵੇਗੀ । ਅਜਿਹੇ ਫਰਜ ਨਿਭਾਅ ਕੇ ਹੀ ਪ੍ਰੈਸ ਅਤੇ ਸੰਗਠਨ ‘ਸਰਕਾਰੀ ਦਹਿਸਤਗਰਦੀ’ ਨੂੰ ਮਜ਼ਬੂਤੀ ਨਾਲ ਚੁਣੋਤੀ ਦੇ ਸਕਦੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਪ੍ਰੈਸ ਅਤੇ ਜਨਤਾ ਉਤੇ ਹੋਣ ਵਾਲੇ ਜ਼ਬਰ-ਜੁਲਮ ਨੂੰ ਰੋਕਣ ਵਿਚ ਕਾਮਯਾਬ ਹੋ ਸਕਦੇ ਹਨ। ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਚੁੱਪ ਰਹਿਣ ਵਾਲੀ ਪ੍ਰੈਸ ਅਤੇ ਮੀਡੀਆ ਆਪਣੇ ਫਰਜਾਂ ਦੀ ਪਹਿਚਾਣ ਕਰਦਾ ਹੋਇਆ ਜਿਥੇ ਐਨ.ਡੀ. ਟੀਵੀ ਅਤੇ ਸ੍ਰੀ ਪ੍ਰਣੋਇ ਰੋਇ ਉਤੇ ਹੋਣ ਵਾਲੇ ਜ਼ਬਰ-ਜੁਲਮ ਵਿਰੁੱਧ ਇਕ ਤਾਕਤ ਹੋ ਕੇ ਕੋਈ ਐਕਸਨ ਪ੍ਰੋਗਰਾਮ ਕਰੇਗਾ, ਉਥੇ ਸਿੱਖ ਕੌਮ ਲਈ ਉਪਰੋਕਤ ਨਫ਼ਰਤ ਭਰੇ ਸ਼ਬਦ ਲਿਖਣ ਅਤੇ ਵਰਤਣ ਤੋਂ ਸਮੁੱਚੀ ਪ੍ਰੈਸ ਤੋਬਾ ਕਰੇਗੀ ।