ਵਾਸ਼ਿੰਗਟਨ – ਐਫਬੀਆਈ ਦੇ ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਗਏ ਜੇਮਸ ਕੋਮੀ ਨੇ ਅਮਰੀਕੀ ਸੈਨੇਟ ਦੇ ਸਾਹਮਣੇ ਆਪਣੇ ਬਿਆਨ ਦੇ ਕੇ ਅਮਰੀਕੀ ਰਾਜਨੀਤੀ ਵਿੱਚ ਭੂਚਾਲ ਲਿਆ ਦਿੱਤਾ ਹੈ। ਕੋਮੀ ਨੇ ਟਰੰਪ ਤੇ ਆਰੋਪ ਲਗਾਇਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਆਫਿਸ ਦੇ ਪਹਿਲੇ ਦਿਨ ਤੋਂ ਹੀ ਉਨ੍ਹਾਂ ਉਪਰ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਸੀ। ਅਮਰੀਕੀ ਰਾਜਨੀਤੀ ਮਾਹਿਰਾਂ ਅਨੁਸਾਰ ਇਹ ਇਸ ਦਹਾਕੇ ਦੀ ਸੱਭ ਤੋਂ ਵੱਧ ਚਰਚਾ ਵਿੱਚ ਰਹਿਣ ਵਾਲੀ ਗਵਾਹੀ ਹੈ।
ਉਨ੍ਹਾਂ ਨੇ ਵਾਈਟ ਹਾਊਸ ਤੇ ਖੁਦ ਨੂੰ ਬਦਨਾਮ ਕਰਨ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ ਇਹ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਟਰੰਪ ਨੇ ਆਪਣੇ ਤਤਕਾਲੀਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਪਿਲਨ ਦੇ ਖਿਲਾਫ਼ ਰੂਸ ਨਾਲ ਸਬੰਧ ਰੱਖਣ ਦੀ ਚੱਲ ਰਹੀ ਜਾਂਚ ਨੂੰ ਬੰਦ ਕਰਨ ਲਈ ਕਿਹਾ ਸੀ। ਕੋਮੀ ਨੇ ਆਪਣੀ ਗਵਾਹੀ ਵਿੱਚ ਕਿਹਾ ਕਿ ਰਾਸ਼ਟਰਪਤੀ ਦੀ ਜਿਦ ਅਤੇ ਮੰਗ ਪੂਰੀ ਨਾ ਕਰਨ ਕਰਕੇ ਮੇਰੀਆਂ ਪਰੇਸ਼ਾਨੀਆਂ ਵੱਧਦੀਆਂ ਹੀ ਗਈਆਂ। 7 ਪੰਨਿਆਂ ਦੀ ਇਸ ਲਿਖਿਤ ਗਵਾਹੀ ਵਿੱਚ ਕੋਮੀ ਨੇ ਟਰੰਪ ਦੇ ਨਾਲ ਰਹਿਣ ਦੇ ਦੌਰਾਨ ਹੋਈ ਗੱਲਬਾਤ ਦਾ ਵਿਸਥਾਰਪੂਰਵਕ ਬਿਊਰਾ ਦਿੱਤਾ ਹੈ।ਅਮਰੀਕਾ ਵਿੱਚ ਸੋਸ਼ਲ ਮੀਡੀਆ ਤੇ ਇਸ ਦੀ ਖ਼ੂਬ ਚਰਚਾ ਚੱਲ ਰਹੀ ਹੈ।