ਚੰਡੀਗੜ੍ਹ -“ਬੀਜੇਪੀ ਦੇ ਪ੍ਰਮੁੱਖ ਆਗੂ ਸ੍ਰੀ ਅਡਵਾਨੀ, ਜੋਸ਼ੀ, ਵਾਜਪਾਈ ਆਦਿ ਸਿਰਕੱਢ ਆਗੂਆਂ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਵੱਡੇਰੀ ਸਿਆਸੀ ਅਤੇ ਦੁਨਿਆਵੀ ਉਮਰ ਨੂੰ ਦੇਖਦੇ ਹੋਏ ਕਈ ਵਾਰੀ ਸ. ਬਾਦਲ ਨਾਲ ਇਹ ਵਾਅਦੇ ਕੀਤੇ ਗਏ ਹਨ ਕਿ ਉਨ੍ਹਾਂ ਨੂੰ ਭਾਰਤ ਦਾ ਰਾਸ਼ਟਰਪਤੀ ਬਣਾਇਆ ਜਾਵੇਗਾ। ਹੁਣ ਜਦੋਂ ਰਾਸ਼ਟਰਪਤੀ ਦੀ ਨਵੀਂ ਚੋਣ ਵਿਚ ਥੋੜੇ ਦਿਨ ਬਾਕੀ ਰਹਿ ਗਏ ਹਨ, ਤਾਂ ਇਸ ਦਿਸ਼ਾ ਵੱਲ ਬੀਜੇਪੀ ਅਤੇ ਆਰ.ਐਸ.ਐਸ. ਦੀ ਕੋਈ ਹਿੱਲ-ਜੁਲ ਨਜ਼ਰ ਨਹੀਂ ਆ ਰਹੀ । ਹੁਣ ਵੇਖਣਾ ਇਹ ਹੈ ਕਿ ਮੌਜੂਦਾ ਭਾਰਤ ਦੀ ਹਕੂਮਤ ਤੇ ਕਾਬਜ ਮੁਤੱਸਵੀ ਸੋਚ ਵਾਲੇ ਬੀਜੇਪੀ ਦੇ ਆਗੂ ਇਕ ਸਿੱਖ ਆਗੂ ਨਾਲ ਰਾਸ਼ਟਰਪਤੀ ਬਣਾਉਣ ਦੇ ਕੀਤੇ ਗਏ ਵਾਅਦੇ ਨੂੰ ਅਮਲੀ ਰੂਪ ਵਿਚ ਪੂਰਨ ਕਰਦੇ ਹਨ ਜਾਂ ਨਹੀਂ, ਜਾਂ ਫਿਰ 1947 ਵਿਚ ਜਿਵੇ ਨਹਿਰੂ, ਗਾਂਧੀ, ਪਟੇਲ ਆਦਿ ਹਿੰਦੂ ਆਗੂਆਂ ਨੇ ਸਿੱਖ ਕੌਮ ਨਾਲ ਇਹ ਵਾਅਦਾ ਕੀਤਾ ਸੀ ਕਿ ਭਾਰਤ ਆਜ਼ਾਦ ਮੁਲਕ ਕਾਇਮ ਹੋਣ ਤੇ ਭਾਰਤ ਦੇ ਉਤਰੀ ਖਿੱਤੇ ਵਿਚ ਸਿੱਖ ਕੌਮ ਨੂੰ ਇਕ ਆਜ਼ਾਦ ਖਿੱਤਾ ਦਿੱਤਾ ਜਾਵੇਗਾ । ਜਿਥੇ ਸਿੱਖ ਕੌਮ ਆਪਣੀ ਪੂਰਨ ਆਜ਼ਾਦੀ ਨਾਲ ਆਪਣੇ ਧਰਮ, ਸੱਭਿਅਤਾ ਅਤੇ ਪੰਜਾਬੀਅਤ ਦੀ ਪ੍ਰਫੁੱਲਤਾ ਕਰ ਸਕੇਗੀ ਤੇ ਬਿਨ੍ਹਾਂ ਕਿਸੇ ਡਰ-ਭੈ ਦੇ ਆਜ਼ਾਦੀ ਨਾਲ ਵਿਚਰੇਗੀ ਦੇ ਕੀਤੇ ਗਏ ਵਾਅਦੇ ਦੀ ਤਰ੍ਹਾਂ ਸ. ਬਾਦਲ ਨੂੰ ਰਾਸ਼ਟਰਪਤੀ ਬਣਾਉਣ ਦੇ ਵਾਅਦੇ ਦਾ ਵੀ ਇਹੀ ਹਸ਼ਰ ਹੋਵੇਗਾ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਭਾਰਤ ਦੀ ਹਕੂਮਤ ਤੇ ਬੈਠੇ ਮੁਤੱਸਵੀ ਹਿੰਦੂਤਵ ਹੁਕਮਰਾਨਾਂ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਰਾਸ਼ਟਰਪਤੀ ਬਣਾਉਣ ਦੇ ਕੀਤੇ ਗਏ ਵਾਅਦੇ ਨੂੰ ਜਨਤਕ ਤੌਰ ਤੇ ਯਾਦ ਕਰਵਾਉਦੇ ਹੋਏ ਅਤੇ ਬੀਤੇ ਸਮੇਂ ਦੇ ਹਿੰਦੂ ਆਗੂਆਂ ਅਤੇ ਅਜੋਕੇ ਹਿੰਦੂ ਆਗੂਆਂ ਦੇ ਵੱਲੋ ਕੀਤੇ ਜਾਣ ਵਾਲੇ ਵਾਅਦਿਆ ਦੇ ਅੰਤਰ ਨੂੰ ਸਪੱਸਟ ਕਰਨ ਦੀ ਸੋਚ ਨਾਲ ਇਹ ਬਿਆਨ ਜਾਰੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ 1947 ਵਿਚ ਸਿੱਖ ਆਗੂਆਂ ਨੇ ਉਪਰੋਕਤ ਹਿੰਦੂ ਆਗੂਆਂ ਤੇ ਵਿਸ਼ਵਾਸ ਕੀਤਾ ਅਤੇ ਜੋ ਹਸ਼ਰ ਆਜ਼ਾਦੀ ਤੋ ਬਾਅਦ ਉਨ੍ਹਾਂ ਵਾਅਦਿਆ ਦਾ ਜਾਂ ਕੌਲ-ਇਕਰਾਰਾ ਦਾ ਹੋਇਆ, ਉਹ ਅੱਜ ਸਿੱਖ ਕੌਮ ਅਤੇ ਸਮੁੱਚੇ ਦੇਸ਼ ਨਿਵਾਸੀਆਂ ਸਾਹਮਣੇ ਹੈ ਅਤੇ ਕਿਵੇ ਸਿੱਖ ਕੌਮ ਨਾਲ ਹੁਕਰਮਾਨਾਂ ਨੇ ਜ਼ਬਰ-ਜੁਲਮ ਕੀਤੇ, ਬੇਇਨਸਾਫ਼ੀਆਂ ਕੀਤੀਆਂ। ਹੁਣ ਜੋ ਮੌਜੂਦਾ ਹੁਕਰਮਾਨ ਹਨ, ਕੀ ਇਹ ਵੀ ਸਿੱਖ ਕੌਮ ਨਾਲ ਉਪਰੋਕਤ ਕੀਤੇ ਗਏ ਵਾਅਦੇ ਤੇ ਪੂਰਨ ਉਤਰਦੇ ਹਨ ਜਾਂ ਫਿਰ ਉਸੇ ਮੁਤੱਸਵੀ ਸੋਚ ਤੇ ਅਮਲ ਕਰਦੇ ਹਨ ਇਹ ਦੇਖਣਾ ਬਾਕੀ ਹੈ ਜੋ ਚੰਦ ਦਿਨਾਂ ਬਾਅਦ ਰਾਸ਼ਟਰਪਤੀ ਦੀ ਚੋਣ ਆ ਰਹੀ ਹੈ, ਉਸ ਸਮੇਂ ਪੂਰਨ ਰੂਪ ਵਿਚ ਬਿੱਲੀ ਥੈਲਿਓ ਬਾਹਰ ਆ ਜਾਵੇਗੀ । ਸ. ਮਾਨ ਨੇ ਮੌਜੂਦਾ ਭਾਰਤ ਦੇ ਹੁਕਮਰਾਨਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਆਪਣੀ ਆਖਰੀ ਉਮਰ ਵਿਚ ਗੁਜਰ ਰਹੇ ਹਨ, ਉਨ੍ਹਾਂ ਨੇ ਸਿੱਖ ਕੌਮ ਦੇ ਵਿਰੁੱਧ ਜਾ ਕੇ ਵੀ ਬੀਜੇਪੀ ਅਤੇ ਇਨ੍ਹਾਂ ਹਿੰਦੂਤਵ ਆਗੂਆਂ ਨੂੰ ਵੱਡੇ ਜੋਖਮ ਲੈਕੇ ਮਦਦ ਕਰਦੇ ਰਹੇ ਹਨ । ਜੇਕਰ ਅਜੋਕੇ ਹਿੰਦੂ ਆਗੂਆਂ ਨੇ ਵੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੇ ਗਏ ਬਚਨ ਨੂੰ ਪੂਰਾ ਨਾ ਕੀਤਾ ਅਤੇ ਅਜਿਹਾ ਨਾ ਹੋਵੇ ਕਿ ਸ. ਬਾਦਲ ਪਹੁੰਚੀ ਠੇਸ ਦੀ ਬਦੌਲਤ ਅਜਿਹਾ ਹੋ ਜਾਵੇ ਜਿਸ ਨਾਲ ਬੀਜੇਪੀ ਦੇ ਨੌਹ-ਮਾਸ ਅਤੇ ਪਤੀ-ਪਤਨੀ ਵਾਲੇ ਰਿਸਤੇ ਦਾ ਭਾਂਡਾ ਚੌਰਾਹੇ ਵਿਚ ਫੁੱਟ ਜਾਵੇ ਅਤੇ ਇਹ ਰਿਸ਼ਤਾ ਦਾਗੋ-ਦਾਗ ਹੋ ਜਾਵੇ ।