ਪਟਿਆਲਾ – ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੋਸਾਇਟੀ ਅਰਬਨ ਅਸਟੇਟ ਪਟਿਆਲਾ ਦੇ ਜਨਰਲ ਹਾਊਸ ਨੂੰ ਸੰਬੋਧਨ ਕਰਦਿਆਂ ਗੁਰੂ ਤੇਗ ਬਹਾਦਰ ਹਸਪਤਾਲ ਪਟਿਆਲਾ ਦੇ ਅੱਖਾਂ ਦੇ ਮਾਹਿਰ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇੰਟਰਨੈਟ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਇੰਟਰਨੈਟ, ਫੇਸ ਬੁਕ ਅਤੇ ਸ਼ੋਸਲ ਮੀਡੀਆ ਦੇ ਹੋਰ ਸਾਧਨਾ ਦੀ ਵਰਤੋਂ ਲਗਾਤਾਰ ਨਹੀਂ ਕਰਨੀ ਚਾਹੀਦੀ। ਲਗਾਤਾਰ ਵਰਤੋਂ ਕਰਨ ਨਾਲ ਅੱਖਾਂ ਵਿਚਲਾ ਪਾਣੀ ਖ਼ਤਮ ਹੋ ਜਾਂਦਾ ਹੈ, ਜਿਸ ਕਰਕੇ ਅੱਖਾਂ ਡਰਾਈ ਹੋ ਜਾਂਦੀਆਂ ਹਨ। ਹਰ ਘੰਟੇ ਬਾਅਦ ਅੱਖਾਂ ਨੂੰ ਆਰਾਮ ਦਿਵਾਉਣਾ ਚਾਹੀਦਾ ਹੈ। ਅੱਖਾਂ ਦਾ ਝਪਕਣਾ ਵੀ ਜ਼ਰੂਰੀ ਹੁੰਦਾ ਹੈ। ਉਨ੍ਹਾਂ ਅੱਗੋਂ ਕਿਹਾ ਕਿ ਹਵਾ, ਪਾਣੀ ਦੇ ਪ੍ਰਦੂਸ਼ਣ ਤੋਂ ਅੱਖਾਂ ਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਅੱਖਾਂ ਵਿਚ ਸਿਰਫ ਸਾਫ ਪਾਣੀ ਦੇ ਛਿਟੇ ਮਾਰਨੇ ਚਾਹੀਦੇ ਹਨ। ਧੂੰਏਂ ਤੋਂ ਵੀ ਅੱਖਾਂ ਨੂੰ ਦੂਰ ਰੱਖਣਾ ਚਾਹੀਦਾ ਹੈ। ਪ੍ਰਦੂਸ਼ਣ ਬਹੁਤੀਆਂ ਬਿਮਾਰੀਆਂ ਦੀ ਜੜ੍ਹ ਹੁੰਦਾ ਹੈ। ਗਰਮੀਆਂ ਵਿਚ ਅੱਖਾਂ ਨੂੰ ਧੁੱਪ ਤੋਂ ਵੀ ਬਚਾਉਣਾ ਚਾਹੀਦਾ ਹੈ। ਕੰਪਿਊਟਰ ਅਤੇ ਲੈਪ ਟਾਪ ਦੀ ਵਰਤੋਂ ਵੀ ਸੰਜਮ ਵਿਚ ਜਿਹੜੀ ਜ਼ਰੂਰੀ ਹੋਵੇ ਉਹੀ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਕੰਪਿਊਟਰ, ਲੈਪਟਾਪ ਅਤੇ ਮੋਬਾਈਲ ਦੀ ਬਹੁਤੀ ਵਰਤੋਂ ਨਹੀਂ ਕਰਨ ਦੇਣੀ ਚਾਹੀਦੀ।
ਡਾ.ਬਲਬੀਰ ਸਿੰਘ ਨੇ ਮਾਪਿਆਂ ਨੂੰ ਸਲਾਹ ਦਿੱਤੀ ਕਿ ਬੱਚਿਆਂ ਦੀਆਂ ਅੱਖਾਂ ਘੱਟੋ ਘੱਟ ਸਾਲ ਵਿਚ ਇਕ ਵਾਰ ਜ਼ਰੂਰ ਚੈਕ ਕਰਾਉਣੀਆਂ ਚਾਹੀਦੀਆਂ ਹਨ, ਭਾਵੇਂ ਬੱਚਿਆਂ ਦੀ ਨਿਗਾਹ ਠੀਕ ਹੀ ਹੋਵੇ। ਕਈ ਵਾਰ ਬਚਪਨ ਵਿਚ ਘਾਤਕ ਬਿਮਾਰੀਆਂ ਲੱਗ ਜਾਂਦੀਆਂ ਹਨ, ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਕਿਉਂਕਿ ਬੱਚੇ ਬਹੁਤੀ ਪਰਵਾਹ ਨਹੀਂ ਕਰਦੇ ਹੁੰਦੇ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਪਾਉਣੀ ਚਾਹੀਦੀ। ਇਸ ਲਈ ਮਾਂ ਬਾਪ ਦਾ ਫ਼ਰਜ ਬਣਦਾ ਹੈ ਕਿ ਉਹ ਬੱਚਿਆਂ ਦੀ ਸਿਹਤ ਦਾ ਖਾਸ ਧਿਆਨ ਰੱਖਣ। ਇਸ ਮੌਕੇ ਡਾਕਟਰ ਬਲਬੀਰ ਸਿੰਘ ਨੂੰ ਵੈਲਫੇਅਰ ਸੋਸਾਇਟੀ ਵੱਲੋਂ ਡਾ.ਰਤਨ ਸਿੰਘ ਜੱਗੀ ਪੈਟਰਨ, ਰਣਜੀਤ ਸਿੰਘ ਭਿੰਡਰ ਪ੍ਰਧਾਨ, ਸੁਕਰਿਤੀ ਭਟਨਾਗਰ ਉਪ ਪ੍ਰਧਾਨ ਅਤੇ ਉਜਾਗਰ ਸਿੰਘ ਜਨਰਲ ਸਕੱਤਰ ਨੇ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨਾਲ ਸਨਮਾਨਤ ਕੀਤਾ। ਰਣਜੀਤ ਸਿੰਘ ਭਿੰਡਰ ਨੇ ਡਾ.ਬਲਬੀਰ ਸਿੰਘ ਦਾ ਧੰਨਵਾਦ ਕੀਤਾ।