ਅੰਮ੍ਰਿਤਸਰ, (ਜਸਬੀਰ ਸਿੰਘ ਪੱਟੀ) – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਗਾਂਧੀ ਪਰਿਵਾਰ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਉਣ ਤੇ ਰੋਕ ਲਗਾਉਣ ਦੇ ਦਿੱਤੇ ਬਿਆਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਬਡੂੰਗਰ ਸਪੱਸ਼ਟ ਕਰੇ ਕਿ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਜਾਂ ਕੋਈ ਥਾਣੇਦਾਰ ਲੱਗ ਗਿਆ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਜੇਕਰ ਬਡੂੰਗਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਤੇ ਪਰੰਪਰਾ ਬਾਰੇ ਕੋਈ ਸ਼ੱਕ ਹੈ ਤਾਂ ਪਹਿਲਾਂ ਉਹ ਸਿੱਖ ਰਹਿਤ ਮਰਿਆਦਾ ਦਾ ਅਧਿਐਨ ਅੱਖਾਂ ਤੇ ਦਿਮਾਗ ਦੇ ਕਿਵਾੜ ਖੋਹਲ ਕੇ ਕਰੇ ਜਿਸ ਦੇ ਕਿਸੇ ਵੀ ਪੰਨੇ ਤੇ ਮੱਥਾ ਟੇਕਣ ਦੀ ਨਾ ਤਾਂ ਕੋਈ ਵਿਧੀ ਲਿਖੀ ਹੈ ਅਤੇ ਨਾ ਹੀ ਕੋਈ ਸ਼੍ਰੇਣੀ ਵੰਡ ਕੀਤੀ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਚਹੁੰ ਵਰਨਾ ਦਾ ਸਾਂਝਾ ਪਵਿੱਤਰ ਅਸਥਾਨ ਬਣਾ ਕੇ ਦੋਸਤ ਤੇ ਦੁਸ਼ਮਣ ਨੂੰ ਇੱਕ ਹੀ ਰਸਤੇ ਸੱਚਖੰਡ ਵਿਖੇ ਨਤਮਸਤਕ ਹੋਣ ਦਾ ਪੈਗਾਮ ਦਿੱਤਾ। ਅੌਰੰਗਜੇਬ ਦੇ ਭਰਾ ਦਾਰਾ ਸ਼ਕੋਹ ਦੀ ਬੀਮਾਰੀ ਦੀ ਦਵਾਈ ਵੀ ਸੱਤਵੇ ਪਾਤਸ਼ਾਹ ਦੁਆਰਾ ਚਲਾਏ ਗਏ ਸਫਾਖਾਨੇ ਤੋਂ ਦਿੱਤੀ ਹੀ ਨਹੀ ਗਈ ਸੀ ਸਗੋਂ ਸ਼ਾਹ ਜ਼ਹਾਨ ਵੱਲੋਂ ਦਵਾਈ ਲੈਣ ਲਈ ਭੇਜੇ ਏਲਚੀਆ ਨੂੰ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਸੀ ਜਦ ਕਿ ਮੁਗਲ ਸਾਮਰਾਜ ਗੁਰੂ ਘਰ ਦਾ ਦੁਸ਼ਮਣ ਬਣਿਆ ਹੋਇਆ ਸੀ। ਜੇਕਰ ਉਸ ਸਮੇਂ ਬਡੂੰਗਰ ਵਰਗੇ ਮਹੰਤ ਹੁੰਦੇ ਤਾਂ ਉਹਨਾਂ ਨੇ ਗੁਰੂ ਸਾਹਿਬ ਦੇ ਖਿਲਾਫ ਵੀ ਝੰਡਾ ਚੁੱਕ ਲੈਣਾ ਸੀ। ਉਹਨਾਂ ਕਿਹਾ ਕਿ ਬਡੂੰਗਰ ਆਪਣੇ ਆਪ ਨੂੰ ਪ੍ਰੋ. ਲਿਖਦੇ ਹਨ ਤੇ ਇੱਕ ਪ੍ਰੋਫੈਸਰ ਨੂੰ ਜੇਕਰ ਸਿੱਖ ਇਤਿਹਾਸ ਦੀ ਜਾਣਕਾਰੀ ਨਹੀ ਤਾਂ ਫਿਰ ਬੜੇ ਹੀ ਅਫਸੋਸ ਦੀ ਗੱਲ ਹੈ। ਜਹਾਂਗੀਰ ਨੇ ਪੰਚਮ ਪਾਤਸ਼ਾਹ ਨੂੰ ਸ਼ਹੀਦ ਕੀਤਾ ਤੇ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੀ ਜੇਲ੍ਹ ਵਿੱਚ ਬੰਦ ਰੱਖਿਆ ਪਰ ਉਸ ਤੋਂ ਬਾਅਦ ਗੁਰੂ ਸਾਹਿਬ ਤੇ ਜਹਾਂਗੀਰ ਦੇ ਸਬੰਧ ਕਾਫੀ ਸੁਖਾਵੇ ਵੀ ਰਹੇ। ਇਸੇ ਤਰ੍ਹਾਂ ਔਰੰਗਜੇਬ ਨੇ ਨੌਵੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਪਰ ਬਹਾਦਰ ਸ਼ਾਹ ਨਾਲ ਦਸਵੇ ਪਾਤਸ਼ਾਹ ਦੇ ਸਬੰਧ ਬਹੁਤ ਹੀ ਮਿੱਤਰਤਾ ਵਾਲੇ ਰਹੇ। ਬਡੂੰਗਰ ਜੇਕਰ ਵਾਕਿਆ ਹੀ ਥਾਣੇਦਾਰ ਹੈ ਤਾਂ ਉਸ ਨੂੰ ਘੰਟਾਘਰ ਦੇ ਬਾਹਰ ਵੱਡੇ ਵੱਡੇ ਬੋਰਡ ਲਗਾ ਦੇਣੇ ਚਾਹੀਦੇ ਹਨ ਕਿ ਇਸ ਪ੍ਰਕਾਰ ਦੇ ਵਿਅਕਤੀ ਸਿਰਫ ਮੱਥਾ ਟੇਕ ਸਕਦੇ ਹਨ ਤੇ ਇਸ ਪ੍ਰਕਾਰ ਦੇ ਨਹੀਂ ਟੇਕ ਸਕਦੇ।
ਉਹਨਾਂ ਕਿਹਾ ਕਿ ਬਡੂੰਗਰ ਦੇ ਸਮੇਂ ਹੀ ਉਹਨਾਂ ਲੋਕਾਂ ਵੀ ਸਿਰੋਪੇ ਦਿੱਤੇ ਜਾਂਦੇ ਰਹੇ ਹਨ ਜਿਹੜੇ ਇਹ ਦਾਅਵਾ ਕਰਦੇ ਹਨ ਕਿ ਸਾਕਾ ਨੀਲਾ ਤਾਰਾ ਇੰਦਰਾ ਗਾਂਧੀ ਕਰਨ ਲਈ ਤਿਆਰ ਨਹੀ ਸੀ ਪਰ ਉਹਨਾਂ ਨੇ ਦਬਾ ਪਾ ਕੇ ਕਰਵਾਇਆ। ਬਡੂੰਗਰ ਸਾਹਿਬ ਇਹ ਵੀ ਸਪੱਸ਼ਟ ਕਰਨ ਕਿ ਪੰਜਾਬ ਵਿੱਚ ਉਹਨਾਂ ਦੇ ਆਕਾ ਪ੍ਰਕਾਸ਼ ਸਿੰਘ ਬਾਦਲ ਦੀ ਸਾਕਾ ਨੀਲਾ ਤਾਰਾ ਤੋਂ ਬਾਅਦ 15 ਸਾਲ ਸਰਕਾਰ ਰਹੀ ਤੇ ਉਹ ਆਪ ਵੀ ਤੀਜੀ ਵਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹਨ ਪਰ ਉਹਨਾਂ ਦੇ ਆਕਾ ਨੇ ਸਾਕਾ ਨੀਲਾ ਤਾਰਾ ਦਾ ਵਿਧਾਨ ਸਭਾ ਵਿੱਚ ਨਿੰਦਾ ਪ੍ਰਸਤਾਵ ਪਾਸ ਕਿਉਂ ਨਹੀਂ ਕੀਤਾ ? ਉਹਨਾਂ ਕਿਹਾ ਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਸਿੱਖਾਂ ਦੀਆ ਧਾਰਮਿਕ ਸੰਸਥਾਵਾਂ ਤੇ ਬਡੂੰਗਰ ਵਰਗੇ ਵਿਅਕਤੀ ਬੈਠੇ ਹਨ ਜਿਹੜੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਦਾ ਵੀ ਟੋਕਨ ਸਿਸਟਮ ਕਰਨ ਲਈ ਉਤਾਵਲੇ ਹਨ। ਉਹਨਾਂ ਕਿਹਾ ਕਿ ਸਿਆਸੀ ਤਿਕੜਮਬਾਜੀਆਂ ਕਰਨ ਵਾਲੇ ਬਡੂੰਗਰ ਨੂੰ ਚਾਹੀਦਾ ਹੈ ਜੇਕਰ ਉਸ ਨੇ ਸਿਆਸੀ ਲਾਹਾ ਲੈਣਾ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਤੁਰੰਤ ਅਸਤੀਫਾ ਦੇਵੇ।