ਪਟਿਆਲਾ – ਜਰਮਨੀ ਦੇ ਸਿੱਖ ਆਗੂ ਅਤੇ ਸਮਾਜ ਸੇਵੀ ਭਾਈ ਗੁਰਮੀਤ ਸਿੰਘ ਖਨਿਆਣ ਵਲੋਂ ਸਮਾਜਿਕ ਤੇ ਧਾਰਮਿਕ ਖੇਤਰ ਵਿਚ ਸੇਵਾ ਨੂੰ ਅੱਗੇ ਵਧਾਉਂਦਿਆਂ ਕੇਂਦਰੀ ਜੇਲ਼੍ਹ, ਪਟਿਆਲਾ ਵਿਚ 2 ਆਰ.ਓ ਸਿਸਟਮ ਅਤੇ 1 ਵਾਟਰ ਕੂਲਰ ਦੀ ਸੇਵਾ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ 15 ਜੂਨ 2017 ਨੂੰ ਉਹ ਆਪ ਕੇਂਦਰੀ ਜੇਲ੍ਹ ਪਟਿਆਲਾ ਵਿਚ ਭਾਈ ਖਨਿਆਣ ਵਲੋਂ ਕਰਵਾਈ ਗਈ ਸੇਵਾ ਦੀ ਪੂਰਤੀ ਲਈ ਗਏ ਸਨ ਜਿੱਥੇ ਜੇਲ੍ਹ ਦੇ ਹਸਪਤਾਲ ਵਿਚ 50 ਲੀਟਰ ਪ੍ਰਤੀ ਘੰਟਾ ਸਮੱਰਥਾ ਵਾਲਾ ਕਮਰਸ਼ੀਅਲ ਆਰ.ਓ ਸਿਸਟਮ ਅਤੇ 100 ਲੀਟਰ ਸਮੱਰਥਾ ਵਾਲਾ ਵਾਟਰ ਕੂਲਰ ਲਗਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਪਹਿਲਾਂ ਤੋਂ ਲੱਗੇ 10 ਲੀਟਰ ਸਮੱਰਥਾ ਦੇ ਬੰਦ ਪਏ ਘਰੇਲੂ ਆਰ.ਓ ਸਿਸਟਮ ਦੀ ਸਰਵਿਸ ਕਰਕੇ ਮੁੜ ਚਲਾਇਆ ਗਿਆ ਹੈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਪਟਿਆਲਾ ਦਾ ਪਾਣੀ ਪੀਣ ਯੋਗ ਨਹੀਂ ਹੈ ਜਿਸ ਕਾਰਨ ਆਮ ਬੰਦੀਆਂ ਦੇ ਨਾਲ ਨਾਲ ਜੇਲ੍ਹ ਹਸਪਤਾਲ ਵਿਚ ਦਾਖਲ ਬਿਮਾਰ ਬੰਦੀਆਂ ਦੀ ਸਿਹਤ ਉੱਪਰ ਬੁਰਾ ਅਸਰ ਪੈਾਂਦਾ ਹੈ ਕਿਉਂਕਿ ਕੇਂਦਰੀ ਜੇਲ੍ਹ ਪਟਿਆਲਾ ਦੇ ਪਾਣੀ ਦਾ ਟੀ.ਡੀ.ਐੱਸ ਪੱਧਰ 600 ਤੋਂ 900 ਦੇ ਦਰਮਿਆਨ ਹੈ ਜਦਕਿ ਆਮ ਮਨੁੱਖ ਲਈ ਪਾਣੀ ਦਾ 100 ਤੋਂ ਉੱਪਰ ਟੀ.ਡੀ.ਐੱਸ ਪੱਧਰ ਸਿਹਤ ਲਈ ਨੁਕਸਾਨਦੇਹ ਹੈ।
ਉਹਨਾਂ ਦੱਸਿਆ ਕਿ ਭਾਵੇਂ ਕਿ ਉਹ ਕੇਂਦਰੀ ਜੇਲ਼੍ਹ ਪਟਿਆਲਾ ਦੇ ਹਸਪਤਾਲ ਵਿਚ ਇਕ ਆਰ.ਓ ਸਿਸਟਮ ਅਤੇ ਇਕ ਵਾਟਰ ਕੂਲਰ ਦੀ ਸੇਵਾ ਹੀ ਕਰਾਉਂਣ ਗਏ ਸਨ ਪਰ ਜੇਲ਼੍ਹ ਵਿਚ ਸਥਾਪਤ ਗੁਰੂ-ਘਰ ਦੀਆਂ ਸੰਗਤਾਂ ਤੇ ਪ੍ਰਬੰਧਕਾਂ ਦੇ ਕਹਿਣ ‘ਤੇ ਇਕ 50 ਲੀਟਰ ਪ੍ਰਤੀ ਘੰਟਾ ਸਮੱਰਥਾ ਵਾਲਾ ਕਮਰਸ਼ੀਅਲ ਆਰ.ਓ ਸਿਸਟਮ ਗੁਰਦੁਆਰਾ ਸਾਹਿਬ ਵਿਚ ਵੀ ਅਗਲੇ ਹਫਤੇ ਲਗਾ ਦਿੱਤਾ ਜਾਵੇਗਾ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਖਨਿਆਣ ਤੇ ਉਹਨਾਂ ਦੀ ਸੰਸਥਾ ਸਿੱਖ ਹੈਲਪਿੰਗ ਹੈਂਡਸ (Sikhs Helping Hand) ਵਲੋਂ ਪਹਿਲਾਂ ਵੀ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਦੋ 50 ਲੀਟਰ ਪ੍ਰਤੀ ਘੰਟਾ ਸਮੱਰਥਾ ਵਾਲੇ ਕਮਰਸ਼ੀਅਲ ਆਰ.ਓ ਸਿਸਟਮ ਕ੍ਰਮਵਾਰ ਅਪਰੈਲ 2012 ਅਤੇ ਜੂਨ 2015 ਵਿਚ ਲਗਵਾਏ ਗਏ ਸਨ ਅਤੇ ਮਾਰਚ 2011 ਵਿਚ ਫਾਜ਼ਿਲਕਾ ਦੇ ਪਿੰਡ ਦੋਨਾ ਨਾਨਕਾ ਵਿਚ ਸਬਮਰਸੀਬਲ ਮੋਟਰ ਦੀ ਸੇਵਾ ਕੀਤੀ ਗਈ ਸੀ।
ਭਾਈ ਖਨਿਆਣ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਸਿੱਖ ਹੈਲਪਿੰਗ ਹੈਂਡਸ (Sikhs Helping Hand)ਵਲੋਂ ਸਮਾਜ ਸੇਵਾ ਦੇ ਅਨੇਕਾਂ ਕੰਮ ਕਰਦਿਆ ਲੋੜਵੰਦ ਬੱਚਿਆ ਦੀ ਪੜਾਈ ਦਾ ਪ੍ਰਬੰਧ, ਮੈਡੀਕਲ ਕੈਂਪ ਆਦਿ ਲਗਾਏ ਜਾਂਦੇ ਹਨ ਅਤੇ ਆਉਂਦੇ ਦਿਨਾਂ ਵਿਚ ਇਸਦਾ ਘੇਰਾ ਹੋਰ ਵਿਸ਼ਾਲ ਕੀਤਾ ਜਵੇਗਾ।