ਖਡੂਰ ਸਾਹਿਬ : ਯੀ.ਪੀ.ਐੱਸ.ਸੀ ਵੱਲੋ ਐਲਾਨ ਕੀਤੇ ਗਏ ਐੱਨ.ਡੀ.ਏ ਦੀ ਇੰਟਰਵਿਊ ਦੇ ਨਤੀਜਿਆਂ ਵਿਚੋਂ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਪਰੇਪਰਟੇਰੀ ਇੰਸਟੀਚਿਊਟ ਦੇ 3 ਵਿਦਿਆਰਥੀਆਂ ਨੇ ਐੱਸ.ਐੱਸ.ਬੀ ਦੀ ਇੰਟਰਵਿਊ ਪਾਸ ਕੀਤੀ । ਯੂ.ਪੀ.ਐੱਸ.ਸੀ ਵੱਲੋਂ ਐਲਾਨੀ ਗਈ ਸੂਚੀ ਵਿੱਚ ਕੁੱਲ 548 ਬੱਚਿਆਂ ਨੇ ਐੱਸ.ਐੱਸ.ਬੀ. ਦੀ ਇੰਟਰਵਿਊ ਪਾਸ ਕੀਤੀ ਹੈ ।
ਇਹਨਾਂ ਵਿਚੋਂ ਆਦੇਸ਼ਪ੍ਰਕਾਸ਼ ਸਿੰਘ ਦੀ 116 ਵਾਂ ਰੈਂਕ ਹਾਸਿਲ ਕਰਕੇ ਏਅਰ ਫੋਰਸ, ਹਰਸਿਦਕਪਾਲ ਸਿੰਘ ਦੀ 198 ਵਾਂ ਰੈਂਕ ਪ੍ਰਾਪਤ ਕਰਕੇ ਆਰਮੀ ਅਤੇ ਧਰਮਪ੍ਰੀਤ ਸਿੰਘ ਦੀ 252 ਵਾਂ ਰੈਂਕ ਹਾਸਿਲ ਕਰਕੇ ਨੇਵੀ ਵਿੱਚ ਕਮਿਸ਼ਨਡ ਅਫਸਰ ਵਜੋਂ ਚੋਣ ਹੋਈ । ਇਹਨਾਂ ਵਿਦਿਆਰਥੀਆਂ ਦਾ 1 ਜੁਲਾਈ ਨੂੰ ਖੜਕਵਾਸਲਾ, ਪੂਨਾ ਵਿਖੇ 4 ਸਾਲ ਦਾ ਕੋਰਸ ਸ਼ੁਰੂ ਹੋਵੇਗਾ ਉਪਰੰਤ ਇਹ ਕਮਿਸ਼ਨਡ ਅਫਸਰ ਬਣਨਗੇ ।
ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਹਾਲ ਵਿੱਚ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਕਰਵਾਇਆ ਗਿਆ । ਸਮਾਗਮ ਦੀ ਆਰੰਭਤਾ ਮੌਕੇ ਬੱਚਿਆਂ ਵੱਲੋਂ ਸ਼ਬਦ ਕੀਰਤਨ ਕਰਕੇ ਕੀਤਾ ਗਿਆ ।
ਇੰਸਟੀਚਿਊਟ ਦੇ ਡਾਇਰੈਕਟਰ ਸਾਬਕਾ ਮੇਜਰ ਜਨਰਲ ਆਰ.ਐੱਸ.ਛੱਤਵਾਲ ਨੇ ਭਰਤੀ ਹੋਣ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਨੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਪੂਰੀ ਲਗਨ ਤੇ ਮਿਹਨਤ ਨਾਲ ਚਾਰ ਸਾਲਾ ਕੋਰਸ ਪੂਰਾ ਕਰਨ ਲਈ ਪ੍ਰੇਰਿਤ ਕੀਤਾ । ਉਹਨਾਂ ਨੇ ਕਿਹਾ ਇਹਨਾਂ ਵਿਦਿਆਰਥੀਆਂ ਨੇ ਸੰਸਥਾ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ।
ਇਸ ਮੌਕੇ ਬਾਬਾ ਸੇਵਾ ਸਿੰਘ ਜੀ ਨੇ ਆਪਣੇ ਸੰਬੋਧਨ ਦੌਰਾਨ ਭਰਤੀ ਹੋਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਹੋਰਨਾਂ ਬੱਚਿਆਂ ਨੂੰ ਇਹਨਾਂ ਵਿਦਿਆਰਥੀਆਂ ਤੋਂ ਸੇਧ ਲੈਣੀ ਚਾਹੀਦੀ ਹੈ । ਬਾਬਾ ਜੀ ਨੇ ਈਮਾਨਦਾਰੀ ਨਾਲ ਡਿਊਟੀ ਕਰਨ ਅਤੇ ਗੁਰਬਾਣੀ ਨਾਲ ਜੁੜੇ ਰਹਿਣ ਲਈ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ।
ਇਸ ਮੌਕੇ ‘ਤੇ ਬਾਬਾ ਸੇਵਾ ਸਿੰਘ ਜੀ ਵੱਲੋਂ ਭਰਤੀ ਹੋਣ ਵਾਲੇ ਵਿਦਿਆਰਥੀਆਂ ਨੂੰ ਇੱਕ-ਇੱਕ ਲੱਖ ਰੁਪਏ ਦੇ ਸਨਮਾਨਿਤ ਵੀ ਕੀਤਾ ਗਿਆ
ਭਰਤੀ ਹੋਣ ਵਾਲੇ ਵਿਦਿਆਰਥੀਆਂ ਨੇ ਕਿਹਾ ਬਾਬਾ ਸੇਵਾ ਸਿੰਘ ਜੀ ਨੇ ਵਿਦਿਆ ਦੇ ਪਸਾਰ ਨੂੰ ਉੱਚਾ ਚੁੱਕਣ ਦੇ ਮੰਤਵ ਨਾਲ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਬਹੁਤ ਵੱਡਾ ਪਲੇਟ ਫਾਰਮ ਦਿੱਤਾ ਹੈ । ਦੇਸ਼ ਪੱਧਰ ਤੇ ਹੋਣ ਵਾਲੇ ਇਮਤਿਹਾਨਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ । ਇਸ ਮੌਕੇ ਤੇ ਬੱਚਿਆਂ ਦੇ ਮਾਤਾ ਪਿਤਾ ਵੀ ਨਾਲ ਆਏ ਹੋਏ ਸਨ ।
ਜਿਕਰਯੋਗ ਹੈ ਕਿ ਯੂ.ਪੀ.ਐੱਸ.ਈ ਵੱਲੋਂ ਦੇਸ਼ ਭਰ ਵਿਚੋਂ ਲਈ ਗਈ ਐੱਨ.ਡੀ.ਏ ਦੀ ਲਿਖਤੀ ਪ੍ਰੀਖਿਆ ਵਿੱਚ ਲਗਭਗ ਸੱਤ ਲੱਖ ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਸੀ ਅਤੇ ਇਹਨਾਂ ਵਿਚੋਂ 6 ਹਜ਼ਾਰ ਬੱਚਿਆਂ ਨੇ ਟੈਸਟ ਪਾਸ ਕੀਤਾ ਸੀ । ਜਿਸ ਵਿੱਚ 23 ਵਿਦਿਆਰਥੀ ਨਿਸ਼ਾਨ-ਏ-ਸਿੱਖੀ ਪਰੇਪਰੇਟਰੀ ਇੰਸਟੀਚਿਊਟ ਦੇ ਸਨ ।
ਇਸ ਮੌਕੇ ‘ਤੇ ਸਕੱਤਰ ਅਵਤਾਰ ਸਿੰਘ ਬਾਜਵਾ, ਬਾਬਾ ਬਲਦੇਵ ਸਿੰਘ, ਪ੍ਰਿੰਸੀਪਲ ਸੁਰਿੰਦਰ ਬੰਗੜ, ਭਾਈ ਵਰਿਆਮ ਸਿੰਘ, ਸ਼ਿੰਦਰ ਸਿੰਘ, ਮੇਜਰ ਸੇਖੋਂ, ਕਰਨਲ ਚੋਹਾਨ, ਪ੍ਰੋ. ਸੇਠੀ, ਪ੍ਰੋ. ਖੁਰਾਣਾ, ਮੈਡਮ ਸਿਮਰਪ੍ਰੀਤ ਕੌਰ, ਪਰਮਿੰਦਰ ਕੌਰ ਵਾਲੀਆ ਅਤੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ ।