ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਵੱਲੋ ਕਨੇਡਾ ਸੂਬੇ ਦੀ ਸੈਰ ਕਰਨ ਤੇ ਟਿੱਪਣੀ ਕਰਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿੱਲੀ ਕਮੇਟੀ ਦਿੱਲੀ ਵਿੱਚ ਤਾਂ ਛਾਪ ਨਹੀ ਰਹੀ ਤੇ ਕਨੇਡਾ ਵਿੱਚ ਛਾਪਣ ਦੇ ਸੁਫਨੇ ਲੈ ਰਹੀ ਹੈ ਜਦ ਕਿ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੋ ਵਿਦੇਸ਼ਾਂ ਵਿੱਚ ਸਰੂਪ ਛਾਪਣ ਦਾ ਕੋਈ ਵੀ ਆਦੇਸ਼ ਜਾਰੀ ਨਹੀ ਹੋਇਆ ਹੈ।
ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਤੋਂ ਪਹਿਲਾਂ ਵਿਦੇਸ਼ਾਂ ਵਿੱਚ ਛਪਾਈ ਕਰਨ ਦੇ ਦੋ ਵਾਰੀ ਯਤਨ ਕਰ ਚੁੱਕੀ ਹੈ ਪਰ ਹਰ ਵਾਰ ਮਰਿਆਦਾ ਦੀ ਅੜਚਣ ਪੈਦਾ ਹੋ ਜਾਂਦੀ ਰਹੀ ਹੈ। ਅਮਰੀਕਾ ਦੇ ਅਮੀਰ ਸਿੱਖ ਸ੍ਰ. ਦੀਦਾਰ ਸਿੰਘ ਬੈਂਸ ਨੇ ਸ਼੍ਰੋਮਣੀ ਕਮੇਟੀ ਨੂੰ ਪੌਣੇ ਚੌਦਾ ਏਕੜ ਜ਼ਮੀਨ ਅਮਰੀਕਾ ਵਿੱਚ ਸਿੱਖ ਮਿਸ਼ਨ ਖੋਹਲਣ ਲਈ ਦਿੱਤੀ ਸੀ ਜਿਥੇ ਜਾ ਕੇ ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀਆ ਨੇ ਬੈਂਕ ਵਿੱਚ ਦੋ ਢਾਈ ਕਰੋੜ ਜਮਾ ਵੀ ਕਰਵਾ ਦਿੱਤੇ ਸਨ ਪਰ ਉਥੋਂ ਦੀ ਸਰਕਾਰ ਤੋਂ ਇਜਾਜਤ ਨਹੀ ਮਿਲ ਸਕੀ ਸੀ। ਇਸੇ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਉਸਾਰਨ ਦਾ ਵੀ ਫੈਸਲਾ ਕੀਤਾ ਗਿਆ ਜਿਹੜਾ ਸਿਰੇ ਨਹੀ ਚੜ ਸਕਿਆ ਤੇ ਸ਼੍ਰੋਮਣੀ ਕਮੇਟੀ ਹਾਲੇ ਤੱਕ ਬੈਂਕ ਵਿੱਚ ਜਮਾ ਕਰਵਾਈ ਰਾਸ਼ੀ ਵੀ ਕੱਢਵਾ ਨਹੀ ਸਕੀ ਹੈ।
ਉਹਨਾਂ ਕਿਹਾ ਕਿ ਇਸੇ ਤਰ੍ਹਾ ਕਨੇਡਾ ਵਿੱਚ ਵੀ ਸ਼੍ਰੋਮਣੀ ਕਮੇਟੀ ਨੇ ਭਾਈ ਰਿਪੁਦਮਨ ਸਿੰਘ ਮਲਿਕ ਨਾਲ ਵੀ ਰਾਬਤਾ ਕਾਇਮ ਕੀਤਾ ਸੀ ਤੇ ਸ਼੍ਰੋਮਣੀ ਕਮੇਟੀ ਦੀ ਇਸ ਟੀਮ ਵਿੱਚ ਤੱਤਕਾਲੀ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਤੋ ਇਲਾਵਾ ਹੋਰ ਦਫਤਰੀ ਸਟਾਫ ਵੀ ਸ਼ਾਮਲ ਸੀ ਪਰ ਲੱਖਾਂ ਰੁਪਏ ਕਿਰਾਇਆ ਭਾੜਿਆਂ ਵਿੱਚ ਖਰਚ ਕਰਕੇ ਬਰਬਾਦ ਕਰ ਦਿੱਤੇ ਗਏ ਤੇ ਸਿਰਫ ਸੈਰ ਤੋਂ ਇਲਾਵਾ ਕੋਈ ਹੋਰ ਸਿੱਟਾ ਨਹੀਂ ਨਿਕਲਿਆ ਸੀ। ਉਹਨਾਂ ਕਿਹਾ ਕਿ ਹੁਣ ਮਨਜੀਤ ਸਿੰਘ ਜੀ ਕੇ ਆਪਣੇ ਅੱਧੀ ਦਰਜਨ ਸਾਥੀਆਂ ਨਾਲ ਕਨੇਡਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆ ਬੀੜਾਂ ਛਪਾਉਣ ਦਾ ਕਾਰਜ ਸ਼ੁਰੂ ਕਰਨ ਦੀ ਗੱਲਬਾਤ ਕਰਨ ਲਈ ਗਏ ਹੋਏ ਹਨ। 1925 ਦੇ ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਕੋਈ ਵੀ ਹੋਰ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪ ਨਹੀ ਸਕਦੀ ਅਤੇ ਜਿੰਨਾ ਚਿਰ ਤੱਕ ਸ਼੍ਰੋਮਣੀ ਕਮੇਟੀ ਲਿਖਤੀ ਰੂਪ ਵਿੱਚ ਆਦੇਸ਼ ਜਾਰੀ ਨਹੀਂ ਕਰਦੀ ਉਨਾ ਚਿਰ ਤੱਕ ਕਿਸੇ ਵੀ ਹੋਰ ਸੰਸਥਾ ਨੂੰ ਸਰੂਪ ਛਾਪਣ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਜਦ ਕਿ ਰਿਪੁਦਮਨ ਸਿੰਘ ਇੱਕ ਵਿਵਾਦਤ ਵਿਅਕਤੀ ਹਨ ਤੇ ਉਹਨਾਂ ਦੀ ਆਪਣੀ ਕੋਈ ਵੀ ਅਜਿਹੀ ਕੋਈ ਧਾਰਮਿਕ ਸੰਸਥਾ ਨਹੀਂ ਹੈ ਜਿਸ ਨੂੰ ਸਰੂਪ ਛਾਪਣ ਦੀ ਇਜਾਜਤ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਨੇ ਪਹਿਲਾਂ ਵੀ ਬਿਨਾਂ ਕਿਸੇ ਲੋੜ ਤੇ ਕੋਈ ਵਿਸ਼ੇਸ਼ ਵਜਾ ਵਿਦੇਸ਼ਾਂ ਦੀ ਸੈਰ ਕਰਕੇ ਗੁਰੂ ਦੀ ਗੋਲਕ ਦੀ ਦੁਰਵਰਤੋ ਕਰਕੇ ਕੀਤੀ ਸੀ ਪਰ ਉਹਨਾਂ ਦੇ ਵਿਦੇਸ਼ੀ ਦੌਰਿਆਂ ਦਾ ਦਿੱਲੀ ਕਮੇਟੀ ਤੇ ਸਿੱਖ ਕੌਮ ਨੂੰ ਕੋਈ ਲਾਭ ਨਹੀਂ ਹੋਇਆ ਸੀ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਿਰਫ ਸ਼੍ਰੋਮਣੀ ਕਮੇਟੀ ਨੂੰ ਹੀ ਛਾਪਣ ਦੇ ਅਧਿਕਾਰ ਹਨ ਅਤੇ ਵਿਦੇਸ਼ ਗਏ ਵਫਦ ਵਿੱਚੋਂ ਸ਼੍ਰੋਮਣੀ ਕਮੇਟੀ ਦਾ ਮਨਫੀ ਹੋਣਾ ਸਾਬਤ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਚਲਾਉਣ ਵਾਲੇ ਵਿਅਕਤੀ ਸਿਰਫ ਰਬੜ ਦੀ ਮੋਹਰ ਹਨ ਤੇ ਪਿੱਛੇ ਸੁਖਬੀਰ ਸਿੰਘ ਬਾਦਲ ਹੀ ਰਿਮੋਟ ਕੰਟਰੋਲ ਨਾਲ ਪੁਤਲੀਆਂ ਨੂੰ ਹਿਲਾ ਰਹੇ ਹਨ ਅਤੇ ਅਜਿਹਾ ਕਰਕੇ ਜੂਨੀਅਰ ਬਾਦਲ ਨੇ ਸ਼੍ਰੋਮਣੀ ਕਮੇਟੀ ਨੂੰ ਬੌਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਦੂਰਰਸ ਸਿੱਟੇ ਨਿਕਲਣਗੇ ਅਤੇ ਸਮੁੱਚੀ ਕੌਮ ਸਮੇਂ ਦੇ ਇੰਤਜਾਰ ਵਿੱਚ ਹੈ। ਇਸ ਸਬੰਧੀ ਜਦੋਂਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ. ਕਿਰਪਾਲ ਸਿੰਘ ਬਡੂੰਗਰ ਨਾਲ ਗੱਲ ਕੀਤੀ ਤਾਂ ਉਹਨਾਂ ਗੈਰ ਮਿਆਰੀ ਤੇ ਭੱਦੀ ਭਾਸ਼ਾ ਵਰਤਦਿਆਂ ਕੋਈ ਜਵਾਬ ਨਹੀਂ ਦਿੱਤਾ ਪਰ ਫੋਨ ਜਰੂਰ ਕੱਟ ਦਿੱਤਾ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਵੀ ਦਿੱਲੀ ਕਮੇਟੀ ਵੱਲੋਂ ਕੀਤੀ ਜਾਂਦੀ ਇਸ ਕਾਰਵਾਈ ਤੋਂ ਖੁਸ਼ ਨਹੀਂ ਹਨ।