ਫ਼ਤਹਿਗੜ੍ ਸਾਹਿਬ – “ਅਮਰੀਕਾ ਦੇ ਸਦਰ ਸ੍ਰੀ ਡੋਨਾਲਡ ਟਰੰਪ ਅਤੇ ਭਾਰਤ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਨਾਲ ਹੋਈ ਗੱਲਬਾਤ ਦੇ ਦੌਰਾਨ ਦਹਿਸਤਗਰਦੀ ਨੂੰ ਖ਼ਤਮ ਕਰਨ ਦੀਆਂ ਗੱਲਾਂ ਹੋਈਆ ਹਨ, ਜੋ ਸਹੀ ਹਨ । ਪਰ ਅਸੀਂ ਕੌਮਾਂਤਰੀ ਪੱਧਰ ਤੇ ਸ੍ਰੀ ਡੋਨਾਲਡ ਟਰੰਪ ਤੇ ਸ੍ਰੀ ਮੋਦੀ ਨੂੰ ਜਨਤਕ ਤੌਰ ਤੇ ਪੁੱਛਣਾ ਚਾਹਵਾਂਗੇ ਕਿ ਜਿਸ ਸ੍ਰੀ ਮੋਦੀ ਨੇ 2002 ਵਿਚ 2 ਹਜ਼ਾਰ ਮੁਸਲਮਾਨਾਂ ਦਾ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਸਾਜ਼ਸੀ ਢੰਗ ਨਾਲ ਕਤਲੇਆਮ ਕਰਵਾਇਆ ਹੋਵੇ, ਉਹਨਾਂ ਦੀਆਂ ਧੀਆਂ-ਭੈਣਾਂ ਦੀਆਂ ਜ਼ਬਰ-ਜ਼ਨਾਹ ਕਰਦੇ ਦੀਆਂ ਵੀਡੀਓਜ਼ ਬਣਾਈਆ ਹੋਣ ਅਤੇ 2013 ਵਿਚ ਗੁਜਰਾਤ ਵਿਚ ਪੱਕੇ ਤੌਰ ਤੇ ਵੱਸੇ 60 ਹਜ਼ਾਰ ਸਿੱਖ ਪਰਿਵਾਰਾਂ ਨੂੰ ਉਹਨਾਂ ਦੀਆਂ ਮਲਕੀਅਤ ਜ਼ਮੀਨਾਂ ਅਤੇ ਘਰਾਂ ਤੋਂ ਬੇਘਰ ਕਰ ਦਿੱਤਾ ਹੋਵੇ ਅਤੇ ਜਿਸਦੀ ਅਗਵਾਈ ਵਿਚ ਚੱਲ ਰਹੀ ਭਾਰਤ ਦੀ ਹਕੂਮਤ ਸਮੇਂ ਰਾਜਸਥਾਂਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਯੂਪੀ, ਹਰਿਆਣਾ, ਆਧਰਾ ਪ੍ਰਦੇਸ਼ ਆਦਿ ਸੂਬਿਆਂ ਵਿਚ ਘੱਟ ਗਿਣਤੀ ਕੌਮਾਂ ਉਤੇ ਬਹੁਗਿਣਤੀ ਹਿੰਦੂ ਕੌਮ ਵੱਲੋਂ ਨਿਰੰਤਰ ਜ਼ਬਰ-ਜੁਲਮ ਜਾਰੀ ਹੋਣ ਅਤੇ ਇਨ੍ਹਾਂ ਘੱਟ ਗਿਣਤੀਆਂ ਉਤੇ ਜ਼ਬਰੀ ਹਿੰਦੂਤਵ ਪ੍ਰੋਗਰਾਮ ਲਾਗੂ ਕਰਕੇ ਉਨ੍ਹਾਂ ਨੂੰ ਹਿੰਦੂਤਵ ਦੇ ਗੁਲਾਮ ਬਣਾਉਣ ਦੇ ਮਨਸੂਬੇ ਬਣਾਏ ਜਾਂਦੇ ਹੋਣ । ਅਜਿਹੀ ਸਰਕਾਰੀ ਦਹਿਸਤਗਰਦੀ ਨੂੰ ਖ਼ਤਮ ਕੀਤੇ ਬਿਨ੍ਹਾਂ ਦਹਿਸਤਗਰਦੀ ਕਿਸ ਤਰ੍ਹਾਂ ਖ਼ਤਮ ਹੋ ਸਕੇਗੀ, ਇਹ ਸਾਨੂੰ ਤੇ ਸਮੁੱਚੇ ਸੰਸਾਰ ਨੂੰ ਸਮਝਾਇਆ ਜਾਵੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਜਦੋਂ ਸਮੁੱਚੇ ਭਾਰਤ ਤੇ ਦੁਨੀਆਂ ਵਿਚ ਮੁਸਲਿਮ ਕੌਮ ਆਪਣੇ ਸਭ ਤੋਂ ਮਹੱਤਵਪੂਰਨ ਤਿਉਹਾਰ ਈਦ ਨੂੰ ਮਨਾ ਰਹੀ ਹੋਵੇ, ਉਸ ਸਮੇਂ ਇਕ ਨਿਰਦੋਸ਼ ਜਨੈਦ ਨਾਮ ਦੇ ਮੁਸਲਮਾਨ ਨੂੰ ਇਹਨਾਂ ਹਿੰਦੂਤਵ ਤਾਕਤਾਂ ਵੱਲੋਂ ਕੁੱਟ-ਕੁੱਟਕੇ ਮਾਰ ਦਿੱਤਾ ਗਿਆ ਹੋਵੇ ਅਤੇ ਹੋਰ ਖੇਤਰਾਂ ਵਿਚ ਇਨ੍ਹਾਂ ਉਤੇ ਜ਼ਬਰ-ਜੁਲਮ ਜਾਰੀ ਹੋਣ, ਉਸ ਸਰਕਾਰੀ ਦਹਿਸਤਗਰਦੀ ਵਿਰੁੱਧ ਜੋਰਦਾਰ ਆਵਾਜ਼ ਉਠਾਉਦੇ ਹੋਏ ਅਤੇ ਅਮਰੀਕਾ ਦੇ ਸਦਰ ਟਰੰਪ ਦਾ ਧਿਆਨ ਭਾਰਤ ਵਿਚ ਸਰਕਾਰੀ ਦਹਿਸਤਗਰਦੀ ਵੱਲ ਕੇਦਰਿਤ ਕਰਦੇ ਹੋਏ ਪ੍ਰਗਟਾਏ ਗਏ । ਉਨ੍ਹਾਂ ਕਿਹਾ ਕਿ ਅੱਜ ਸਮੁੱਚੀ ਮੁਸਲਿਮ ਕੌਮ ਨੇ ਸਭ ਸਥਾਨਾਂ ਤੇ ਈਦ ਦੀ ਅਰਦਾਸ ਕਰਦੇ ਹੋਏ ਕਾਲੀਆ ਪੱਟੀਆਂ ਬੰਨ੍ਹਕੇ ਆਪਣੇ ਇਸ ਤਿਉਹਾਰ ਨੂੰ ਮਨਾਇਆ ਹੈ ਜਿਸ ਤੋਂ ਪ੍ਤੱਖ ਹੋ ਰਿਹਾ ਹੈ ਕਿ ਭਾਰਤ ਵਿਚ ਮੁਸਲਿਮ ਅਤੇ ਹੋਰ ਘੱਟ ਗਿਣਤੀ ਕੌਮਾਂ ਤੇ ਹਕੂਮਤੀ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਵੱਡੇ ਪੱਧਰ ਤੇ ਹੋ ਰਹੀਆ ਹਨ । ਕਸ਼ਮੀਰ ਵਿਚ ਵੀ ਈਦ ਦੇ ਤਿਉਹਾਰ ਸਮੇਂ ਮੁਸਲਿਮ ਕੌਮ ਵਿਚ ਭਾਰਤ ਦੀ ਮੋਦੀ ਹਕੂਮਤ ਦੇ ਜ਼ਬਰ-ਜੁਲਮਾਂ ਵਿਰੁੱਧ ਵੱਡਾ ਰੋਹ ਪ੍ਰਤੱਖ ਸਾਹਮਣੇ ਆਇਆ ਹੈ । ਫਿਰ ਅਜਿਹੇ ਸਮੇਂ ਮੋਦੀ ਬਾਹਰਲੇ ਮੁਲਕਾਂ ਦੇ ਪਲੇਟਫਾਰਮ ਤੇ ਦਹਿਸਤਗਰਦੀ ਨੂੰ ਖ਼ਤਮ ਕਰਨ ਦੀ ਗੱਲ ਕਿਸ ਦਲੀਲ ਅਧੀਨ ਕਰ ਰਹੇ ਹਨ ? ਜਦੋਂਕਿ ਭਾਰਤ ਵਿਚ ਇਹ ਸਰਕਾਰੀ ਦਹਿਸਤਗਰਦੀ ਦਾ ਦੌਰ ਸਿੱਖਰਾਂ ਤੇ ਹੈ । ਸ. ਮਾਨ ਨੇ ਅਮਰੀਕਾ ਦੇ ਸਦਰ ਸ੍ਰੀ ਟਰੰਪ ਨੂੰ ਮਨੁੱਖਤਾ ਦੇ ਆਧਾਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਦੀ ਕਿਸੇ ਵੀ ਧਰਮ, ਕੌਮ, ਫਿਰਕੇ, ਮੁਲਕ ਆਦਿ ਨਾਲ ਕੋਈ ਰਤੀਭਰ ਵੀ ਵੈਰ-ਵਿਰੋਧ ਜਾਂ ਦੁਸ਼ਮਣੀ ਨਹੀਂ ਹੈ । ਬਲਕਿ ਸਿੱਖ ਕੌਮ ਸਮੁੱਚੀ ਮਨੁੱਖਤਾ ਦੀ ਬਿਹਤਰੀ ਲੋੜਦੀ ਹੈ । ਜੇਕਰ ਭਾਰਤ ਦੇ ਵਜ਼ੀਰ-ਏ-ਆਜ਼ਮ ਮੋਦੀ ਕੌਮਾਂਤਰੀ ਪੱਧਰ ਤੇ ਆਪਣਾ ਵੱਖਰਾਂ ਰੂਪ ਪੇਸ਼ ਕਰ ਰਹੇ ਹਨ ਅਤੇ ਅੰਦਰੂਨੀ ਤੌਰ ਤੇ ਉਨ੍ਹਾਂ ਦਾ ਰੂਪ ਇਕ ਜ਼ਾਲਮ ਦੀ ਤਰ੍ਹਾਂ ਹੈ, ਸ੍ਰੀ ਟਰੰਪ ਦਹਿਸਤਗਰਦੀ ਖ਼ਤਮ ਕਰਨ ਤੋਂ ਪਹਿਲੇ ਭਾਰਤ ਵਿਚ ਸਰਕਾਰੀ ਦਹਿਸਤਗਰਦੀ ਦੇ ਦੌਰ ਨੂੰ ਖ਼ਤਮ ਕਰਨ ਦੀ ਜਿੰਮੇਵਾਰੀ ਨਿਭਾਉਣ, ਫਿਰ ਦਹਿਸਤਗਰਦੀ ਖੁਦ-ਬ-ਖੁਦ ਅਲੋਪ ਹੋ ਜਾਵੇਗੀ ।