ਬੀਜਿੰਗ – ਭਾਰਤ ਅਤੇ ਚੀਨ ਦਰਮਿਆਨ ਸਿਕਿਮ ਵਿੱਚ ਪਿੱਛਲੇ ਕੁਝ ਸਮੇਂ ਤੋਂ ਹਾਲਾਤ ਵਿਵਾਦਪੂਰਣ ਬਣੇ ਹੋਏ ਹਨ। ਚੀਨ ਨੇ ਕਿਹਾ ਹੈ ਕਿ ਹੁਣ ਭਾਰਤ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਚੀਨ ਨੇ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਦਾ 1962 ਤੋਂ ਵੀ ਕਿਤੇ ਵੱਧ ਬੁਰਾ ਹਾਲ ਕਰਾਂਗੇ। ਚੀਨ ਦੇ ਸਰਕਾਰੀ ਨਿਊਜ਼ ਪੇਪਰ ਗਲੋਬਲ ਟਾਈਮਜ਼ ਨੇ ਕਿਹਾ ਹੈ ਕਿ ਜੇ ਭਾਰਤ ਨਾ ਮੰਨਿਆ ਤਾਂ ਉਨ੍ਹਾਂ ਦੇ ਕੋਲ ਸੈਨਿਕ ਕਾਰਵਾਈ ਦੇ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੋਵੇਗਾ।
ਗਲੋਬਲ ਟਾਈਮਜ਼ ਨੇ ਲਿਖਿਆ ਹੈ ਕਿ ਸਿਕਿਮ ਵਿਵਾਦ ਨੂੰ ਸਮਾਪਤ ਕਰਨ ਲਈ ਭਾਰਤ ਨੂੰ ਆਪਣੇ ਜਵਾਨਾਂ ਨੂੰ ਪਿੱਛੇ ਖਦੇੜਨਾ ਹੋਵੇਗਾ। ਅਖ਼ਬਾਰ ਵਿੱਚ ਲਿਖਿਆ ਗਿਆ ਹੈ ਕਿ ਜੇਟਲੀ ਨੇ ਠੀਕ ਕਿਹਾ ਹੈ ਕਿ 1962 ਅਤੇ 2017 ਦੇ ਭਾਰਤ ਵਿੱਚ ਬਹੁਤ ਅੰਤਰ ਹੈ, ਪਰ ਜੇ ਯੁੱਧ ਹੁੰਦਾ ਹੈ ਤਾਂ ਭਾਰਤ ਨੂੰ ਹੀ ਵੱਧ ਨੁਕਸਾਨ ਹੋਵੇਗਾ। ਇਹ ਵੀ ਕਿਹਾ ਗਿਆ ਹੈ ਕਿ ਭਾਰਤ ਸਾਡੇ ਦੇਸ਼ ਚੀਨ ਦੇ ਨਿਰਮਾਣ ਕਾਰਜਾਂ ਨੂੰ ਰੋਕਣ ਦਾ ਯਤਨ ਕਰ ਰਿਹਾ ਹੈ ਅਤੇ ਭੂਟਾਨ ਨੂੰ ਵੀ ਚੀਨ ਦੇ ਖਿਲਾਫ਼ ਉਕਸਾ ਰਿਹਾ ਹੈ।
ਇਸ ਅਖ਼ਬਾਰ ਦੁਆਰਾ ਭਾਰਤ ਵਿੱਚ ਕੰਮ ਕਰ ਰਹੀਆਂ ਚੀਨੀ ਕੰਪਨੀਆਂ ਨੂੰ ਵੀ ਚੀਨ ਦੇ ਖਿਲਾਫ਼ ਵੱਧ ਰਹੇ ਵਿਵਾਦ ਸਬੰਧੀ ਸਾਵਧਾਨ ਕੀਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਚੀਨੀ ਕੰਪਨੀਆਂ ਨੂੰ ਚੀਨ ਵਿਰੋਧੀ ਭਾਵਨਾ ਨਾਲ ਨਜਿਠਣ ਦੇ ਲਈ ਯੋਗ ਕਦਮ ਉਠਾਉਣੇ ਚਾਹੀਦੇ ਹਨ।