ਪਟਨਾ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਆਰਜੇਡੀ ਦੇ 21ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਕਿਹਾ, “ਅਖਿਲੇਸ਼ ਯਾਦਵ ਅਤੇ ਮਾਇਆਵਤੀ ਦੇ ਨਾਲ ਆਉਣ ਦੀ ਵੱਡੀ ਸੰਭਾਵਨਾ ਹੈ। ਅਜਿਹਾ ਹੋਇਆ ਤਾਂ 2019 ਵਿੱਚ ਬੀਜੇਪੀ ਦੀ ਖੇਡ ਸਮਾਪਤ ਹੋ ਜਾਵੇਗੀ। ਲਾਲੂ ਜੀ ਨੇ ਇਹ ਵੀ ਕਿਹਾ, “ ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਲਾਗੂ ਹੈ। ਮੋਦੀ ਨੇ ਦੇਸ਼ ਵਿੱਚ ਤਾਨਾਸ਼ਾਹੀ ਰਾਜ ਸਥਾਪਤ ਕੀਤਾ ਹੋਇਆ ਹੈ। ਮੋਦੀ ਨੇ ਦੇਸ਼ ਦਾ ਏਨਾ ਬੁਰਾ ਹਾਲ ਕਰ ਦਿੱਤਾ ਹੈ, ਏਨਾ ਤਾਂ ਇੰਦਰਾ ਗਾਂਧੀ ਦੇ ਐਮਰਜੈਂਸੀ ਦੇ ਸਮੇਂ ਵੀ ਨਹੀਂ ਸੀ। ਅਜਿਹੇ ਹਾਲਾਤ ਰਹੇ ਤਾਂ ਲੋਕ ਅੱਗੇ ਚੱਲ ਕੇ ਇੰਦਰਾ ਜੀ ਦੇ ਐਮਰਜੈਂਸੀ ਸਮੇਂ ਨੂੰ ਭੁੱਲ ਜਾਣਗੇ ਅਤੇ ਮੋਦੀ ਦੇ ਰਾਜ ਨੂੰ ਯਾਦ ਰੱਖਣਗੇ।”
ਸਥਾਪਨਾ ਦਿਵਸ ਦੇ ਮੌਕੇ ਤੇ ਲਾਲੂ ਪ੍ਰਸਾਦ ਯਾਦਵ ਨੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਦੇਸ਼ ਜਦੋਂ ਗੁਲਾਮ ਸੀ ਅਤੇ ਕਿਸੇ ਨੂੰ ਅੱਗੇ ਵੱਧਣ ਦੇ ਲਈ ਰਸਤਾ ਵਿਖਾਈ ਨਹੀਂ ਸੀ ਦੇ ਰਿਹਾ ਤਾਂ ਮਹਾਤਮਾ ਗਾਂਧੀ ਚੰਪਾਰਣ ਆਏ ਸਨ। ਉਨ੍ਹਾਂ ਨੇ ਇੱਥੇ ਦੇਸ਼ ਨੂੰ ਦਿਸ਼ਾ ਦਿੱਤੀ ਸੀ। ਅੱਜ ਫਿਰ ਅਜਿਹੇ ਹੀ ਹਾਲਾਤ ਬਣ ਰਹੇ ਹਨ। ਇਸ ਲਈ ਵਿਰੋਧੀ ਧਿਰਾਂ ਦੇ ਸਾਰੇ ਨੇਤਾ ਚੰਪਾਰਣ ਦੀ ਧਰਤੀ ਤੇ ਇੱਕਠੇ ਹੋਣਗੇ ਅਤੇ ਰੈਲੀ ਕੱਢਣਗੇ। ਅਸੀਂ ਅਜੇ ਆਪਣੀ-ਆਪਣੀ ਰਣਨੀਤੀ ਤੇ ਕੰਮ ਕਰ ਰਹੇ ਹਾਂ।” ਉਨ੍ਹਾਂ ਨੇ ਕਿਹਾ ਕਿ ਚੋਣਾਂ ਸਮੇਂ ਦੇਸ਼ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਗਏ ਸਨ ਅਜੇ ਤੱਕ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਸ਼ਾਹ ਨੇ ਵਾਅਦਿਆਂ ਨੂੰ ਜੁਮਲਾ ਕਹਿ ਕੇ ਨਕਾਰ ਦਿੱਤਾ ਪਰ ਹੁਣ 2019 ਦੀਆਂ ਚੋਣਾਂ ਵਿੱਚ ਬੀਜੇਪੀ ਨੂੰ ਸਾਰੇ ਵਾਅਦਿਆਂ ਦਾ ਹਿਸਾਬ ਦੇਣਾ ਹੋਵੇਗਾ।
ਲਾਲੂ ਯਾਦਵ ਨੇ ਆਪਣੇ ਖਾਸ ਅੰਦਾਜ ਵਿੱਚ ਕਿਹਾ ਕਿ ਜਿਸ ਅਡਵਾਣੀ ਨੇ ਬੀਜੇਪੀ ਨੂੰ ਅੱਗੇ ਵਧਾਇਆ ਸੀ, ਰਾਸ਼ਟਰਪਤੀ ਚੋਣਾਂ ਵਿੱਚ ਉਸ ਦਾ ਵੀ ਨੱਕ ਕਟ ਦਿੱਤਾ। ਕੀ ਕਰਨ ਵਿਚਾਰੇ ਅਡਵਾਣੀ? ਅਸਾਂ ਇਨ੍ਹਾਂ ਚੋਣਾਂ ਵਿੱਚ ਮੀਰਾ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਉਨ੍ਹਾਂ ਨੇ ਕਿਹਾ, “ ਭਾਜਪਾ ਨੇ ਕੋਵਿੰਦ ਨੂੰ ਉਮੀਦਵਾਰ ਬਣਾ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਦਲਿਤ ਨੂੰ ਰਾਸ਼ਟਰਪਤੀ ਉਮੀਦਵਾਰ ਬਣਾਇਆ ਹੈ। ਰਾਮਨਾਥ ਕੋਵਿੰਦ ਦਲਿਤ ਨਹੀਂ ਹੈ। ਕੋਵਿੰਦ ਗੁਜਰਾਤ ਵਿੱਚ ਓਬੀਸੀ ਕੈਟੇਗਰੀ ਦੀ ਜਾਤੀ ਹੈ। ਗੁਜਰਾਤ ਵਿੱਚ ਇਸ ਜਾਤੀ ਦੀ ਸੰਖਿਆ 18% ਹੈ। ਬੀਜੇਪੀ ਨੇ ਕੋਵਿੰਦ ਜਾਤੀ ਦੇ ਵੋਟ ਪ੍ਰਾਪਤ ਕਰਨ ਲਈ ਅਜਿਹਾ ਸੱਭ ਕੀਤਾ ਹੈ। ਉਨ੍ਹਾਂ ਨੂੰ ਦਲਿਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।