ਲੁਧਿਆਣਾ : ਕਾਰਪੋਰੇਟ ਯੁਗ ਦੇ ਇਸ ਸਮੇਂ ਵਿੱਚ ਪੈਦਾ ਹੋਈਆਂ ਹਾਲਤਾਂ ਦੌਰਾਨ ਜਿਹੜੀ ਸਥਿਤੀ ਬਣੀ ਹੈ ਉਹ ਐਮਰਜੈਂਸੀ ਦੇ ਸਮੇਂ ਨਾਲ ਵੀ ਜ਼ਿਆਦਾ ਖਤਰਨਾਕ ਹੈ। ਇਹ ਭਾਵਨਾ ਲੋਕ ਮੀਡੀਆ ਮੰਚ ਅਤੇ ਪੀਪਲਜ਼ ਮੀਡੀਆ ਲਿੰਕ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਪ੍ਰਗਟਾਈ ਗਈ। ਇਹ ਆਯੋਜਨ ਮੀਡੀਆ ਅਤੇ ਆਮ ਲੋਕਾਂ ਦੀਆਂ ਹਾਲਤਾਂ ਨਾਲ ਸਬੰਧਿਤ ਸ਼ੁਰੂ ਕੀਤੀ ਗਈ ਵਿਚਾਰ ਵਟਾਂਦਰਿਆਂ ਦੀ ਲੜੀ ਤਹਿਤ ਕੀਤਾ ਗਿਆ ਸੀ। ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ, ਪ੍ਰਸਿੱਧ ਕਾਲਮਿਸਟ ਅਤੇ ਈ ਐਨ ਟੀ ਸਪੈਸ਼ਲਿਸਟ ਡਾਕਟਰ ਅਰੁਣ ਮਿੱਤਰਾ, ਕਮਿਊਨਿਸਟ ਆਗੂ ਕਾਮਰੇਡ ਰਮੇਸ਼ ਰਤਨ ਅਤੇ ਬੇਲਣ ਬ੍ਰਿਗੇਡ ਸੁਪਰੀਮੋ ਅਨੀਤਾ ਸ਼ਰਮਾ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਸਨ।
ਪੱਤਰਕਾਰ ਗੁਰਪ੍ਰੀਤ ਮਹਿਦੂਦਾਂ (ਜੀ ਜੀ ਨਿਊਜ਼), ਅਰੁਣ ਕੌਸ਼ਲ (ਪਬਲਿਕ ਵਿਊਜ਼) ਐਡਵੋਕੇਟ ਸ੍ਰੀਪਾਲ ਸ਼ਰਮਾ, ਸਤੀਸ਼ ਸਚਦੇਵਾ ਅਤੇ ਗੁਰਮੇਲ ਮੈਂਡਲੇ (ਨਵਾਂ ਜ਼ਮਾਨਾ), ਇੰਦਰਜੀਤ ਸਿੰਘ (ਸੱਤ ਸਮੁੰਦਰੋਂ ਪਾਰ), ਕੈਨੇਡਾ ਤੋਂ ਆਏ ਤਰਕਸ਼ੀਲ ਆਗੂ ਗੁਰਨਾਮ ਸਿੰਘ ਗਿੱਲ ਅਤੇ ਪੰਜਾਬ ਵਿੱਚ ਸਰਗਰਮ ਤਰਕਸ਼ੀਲ ਜਸਵੰਤ ਜੀਰਖ, ਓਂਕਾਰ ਸਿੰਘ ਪੁਰੀ (ਦਿੱਲੀ ਟਾਈਮਜ਼ ਨਿਊਜ਼), ਡਾਕਟਰ ਭਾਰਤ (ਐਫ ਆਈ ਬੀ ਮੀਡੀਆ), ਰੈਕਟਰ ਕਥੂਰੀਆ (ਪੰਜਾਬ ਸਕਰੀਨ) ਨੇ ਆਪੋ ਆਪਣੇ ਤਜਰਬਿਆਂ ਦੇ ਅਧਾਰ ਉੱਤੇ ਦੱਸਿਆ ਕਿ ਅੱਜ ਦੀ ਸਥਿਤੀ ਕਿੰਨੀ ਭਿਆਨਕ ਹੈ। ਮੀਡੀਆ ਲਈ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਬਹੁਤੇ ਸਾਰੇ ਪੱਤਰਕਾਰ ਅੱਜ ਵੀ ਜ਼ਿੰਦਗੀ ਦੀਆਂ ਮੁਢਲੀਆਂ ਲੋੜਾਂ ਦੀ ਲੜਾਈ ਲੜ ਰਹੇ ਹਨ। ਉਹਨਾਂ ਦੀਆਂ ਮੇਹਨਤ ਨਾਲ ਤਿਆਰ ਕੀਤੀਆਂ ਖਬਰਾਂ ਨੂੰ ਕਾਰਪੋਰੇਟ ਮੀਡੀਆ ਵਿੱਚ ਥਾਂ ਨਹੀਂ ਮਿਲਦੀ। ਬਹੁਤ ਸਾਰੀਆਂ ਸੱਚੀਆਂ ਖਬਰਾਂ ਨਾ ਅਖਬਾਰਾਂ ਵਿੱਚ ਆਉਂਦੀਆਂ ਹਨ ਅਤੇ ਨਾ ਹੀ ਟੀਵੀ ਚੈਨਲਾਂ ਉੱਤੇ। ਉਹਨਾਂ ਨੂੰ ਕਿਹੜੀ ਅਦਿੱਖ ਸ਼ਕਤੀ ਰੋਕਦੀ ਹੈ ਇਸ ਬਾਰੇ ਵਿਸਥਾਰਤ ਬਹਿਸ ਦੀ ਵੀ ਲੋੜ ਹੈ ਅਤੇ ਇਸ ਰੁਝਾਣ ਨੂੰ ਠੱਲ ਪਾਉਣ ਲਈ ਸਮਾਨੰਤਰ ਲੋਕ ਮੀਡੀਆ ਨੂੰ ਮਜ਼ਬੂਤ ਬਣਾਉਣਾ ਵੀ ਜ਼ਰੂਰੀ ਹੈ। ਇਸ ਮੌਕੇ ਰੋਜ਼ਾਨਾ ਨਵਾਂ ਜ਼ਮਾਨਾ ਦੀ ਲੋਕ ਪੱਖੀ ਭੂਮਿਕਾ ਦੀ ਪ੍ਰਸੰਸਾ ਵੀ ਹੋਈ।
ਡਾਕਟਰ ਮਿੱਤਰਾ ਨੇ ਕਿਹਾ ਕਿ ਮੌਜੂਦਾ ਸਥਿਤੀ ਬਹੁਤ ਖਤਰਨਾਕ ਹੈ ਅਤੇ ਇਸਦੇ ਖਿਲਾਫ ਆਵਾਜ਼ ਉਠਾਉਣਾ ਸਦਾ ਸਭਨਾਂ ਦਾ ਫਰਜ਼ ਹੈ। ਭਾਂਵੇ ਅੱਜ ਅਸੀਂ ਬਹੁਤ ਥੋਹੜੇ ਹਾਂ ਪਾਰ ਥੋਹਿੜਆਂ ਤੋਂ ਹੀ ਜ਼ਿਆਦਾ ਹੁੰਦਾ ਹੈ। ਉਹਨਾਂ ਕਿਹਾ ਕਿ ਜੇ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਤਾਂ ਉਹ ਬੁਰੀ ਤਰ੍ਹਾਂ ਹਾਰ ਵੀ ਗਈ ਅਤੇ ਇਸਦਾ ਖਮਿਆਜ਼ਾ ਵੀ ਭੁਗਤਿਆ ਪਰ ਅੱਜ ਜਿਹੜੀ ਅਣਐਲਾਨੀ ਐਮਰਜੈਂਸੀ ਚੱਲ ਰਹੀ ਹੈ ਇਸ ਨੂੰ ਵੀ ਲੋਕ ਨਹੀਂ ਚੱਲਣ ਦੇਣਗੇ ਪਰ ਇਸ ਮਕਸਦ ਲਈ ਸਹੀ ਸੋਚ ਵਾਲੇ ਮੀਡੀਆ ਨੂੰ ਬਹੁਤ ਸਖਤ ਮੇਹਨਤ ਕਰਨੀ ਪਵੇਗੀ। ਸਿਵਲ ਸੋਸਾਇਟੀ ਨੂੰ, ਮੀਡੀਆ ਨੂੰ ਅਤੇ ਸਿਆਸਤਦਾਨਾਂ ਨੂੰ ਵੀ ਇਸ ਕੰਮ ਲਈ ਸਖਤ ਮੇਹਨਤ ਕਰਨੀ ਪਵੇਗੀ। ਉਹਨਾਂ ਇਹ ਵੀ ਕਿਹਾ ਕਿ ਜਿਸ ਤਰਾਂ ਡਾਕਟਰੀ ਦੇ ਕਿੱਤੇ ਵਿੱਚ ਸਾਨੂੰ ਹਰ ਪੰਜਾਂ ਸਾਲਾਂ ਮਗਰੋਂ ਆਪਣੀ ਡਿਗਰੀ ਰਿਨਿਊ ਕਰਾਉਣੀ ਪੈਂਦੀ ਹੈ ਉਸੀ ਤਰਾਂ ਮੀਡੀਆ ਨੂੰ ਵੀ ਆਪਣੀ ਨਿਪੁੰਨਤਾ ਖੁਦ ਫੀਲਡ ਵਿੱਚ ਜਾ ਕੇ ਵਧਾਉਂਦੇ ਰਹਿਣਾ ਚਾਹੀਦਾ ਹੈ।
ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਨੇ ਇਸ ਮੌਕੇ ਪੁੱਜੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਤਕਲੀਫ਼ਾਂ ਦੀ ਗੱਲ ਪ੍ਰਸ਼ਾਸਨ ਤੱਕ ਨਹੀਂ ਪਹੁੰਚ ਰਹੀ ਇਸ ਲਈ ਪੀਪਲਜ਼ ਮੀਡੀਆ ਲਿੰਕ ਬਣਾਇਆ ਗਿਆ ਹੈ ਤਾਂ ਜੋ ਲੋਕ ਪੱਖੀ ਪੱਤਰਕਾਰਾਂ ਦਾ ਇੱਕ ਸਰਗਰਮ ਗਰੁੱਪ ਬਣਾਇਆ ਜਾ ਸਕੇ। ਸਰੋਤਿਆਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਕਿਹਾ ਕਿ ਐਮਰਜੈਂਸੀ ਵਿੱਚ ਲੋਕਾਂ ਦੀ ਜ਼ੁਬਾਨਬੰਦੀ ਦੇ ਨਾਲ ਨਾਲ ਸੋਚਣੀ ਤੱਕ ਵੀ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਦੀ ਸਥਿਤੀ ਜ਼ਿਆਦਾ ਭਿਆਨਕ ਹੈ। ਉਹਨਾਂ ਸ਼ਹੀਦ ਭਗਤ ਸਿੰਘ ਦੇ ਵੇਲਿਆਂ ਦੀ ਪੱਤਰਕਾਰੀ ਅਤੇ ਕੁਰਬਾਨੀ ਦੀ ਵੀ ਯਾਦ ਦੁਆਈ।
ਮੈਡਮ ਅਨੀਤਾ ਸ਼ਰਮਾ ਨੇ ਲੋਕ ਪੱਖੀ ਪੱਤਰਕਾਰਾਂ ਦੀ ਆਰਥਿਕ ਸਥਿਤੀ ਅਤੇ ਖੁਦਕੁਸ਼ੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਅਜਿਹੇ ਕੀਮਤੀ ਪੱਤਰਕਾਰਾਂ ਨੂੰ ਬਚਾਉਣ ਲਈ ਕੋਈ ਵੈਲਫੇਅਰ ਸੋਸਾਇਟੀ ਬਣਾਉਣੀ ਚਾਹੀਦੀ ਹੈ ਜਿਹੜੀ ਇਸ ਪਾਸੇ ਉਚੇਚ ਨਾਲ ਧਿਆਨ ਦੇਵੇ।
ਕਾਮਰੇਡ ਰਮੇਸ਼ ਰਤਨ ਨੇ ਕਿਹਾ ਕਿ ਸਥਾਪਤ ਸੰਸਥਾਗਤ ਮੀਡੀਆ ਨਾਲ ਟੱਕਰ ਲੈਣਾ ਵਿਅਕਤੀਗਤ ਤੌਰ ਤੇ ਸੰਭਵ ਹੀ ਨਹੀਂ ਇਸ ਮਕਸਦ ਲਈ ਸਾਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਉਹਨਾਂ ਇਸ ਵਿਸ਼ੇ ਬਾਰੇ ਹੋਰ ਵੀ ਬਹੁਤ ਕੁਝ ਵਿਸਥਾਰ ਨਾਲ ਕਿਹਾ।
ਮੰਚ ਸੰਚਾਲਨ ਕਰਦਿਆਂ ਪ੍ਰਦੀਪ ਸ਼ਰਮਾ ਇਪਟਾ ਨੇ ਅਜਿਹੀਆਂ ਕਈ ਘਟਨਾਵਾਂ ਦੱਸੀਆ ਜਿਹੜੀਆਂ ਅੱਜ ਦੇ ਬੇਬਸ ਹਾਲਾਤਾਂ ਬਾਰੇ ਦੱਸਦੀਆਂ ਸਨ। ਅੰਤ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਸਾਨੂੰ ਲੋਕ ਪੱਖੀ ਮੀਡੀਆ ਨੂੰ ਮਜ਼ਬੂਤ ਬਣਾਉਣ ਦੇ ਨਾਲ ਨਾਲ ਸੋਸ਼ਲ ਮੀਡੀਆ ਰਹਿਣ ਵੀ ਪ੍ਰਮਾਣਿਕ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਂਕਿ ਅਸਲੀ ਖਬਰਾਂ ਲੁਕਾਉਣ ਵਾਲੇ ਪੂੰਜੀਵਾਦੀ ਮੀਡੀਆ ਦੀਆਂ ਸਾਜ਼ਿਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ।