ਇਸਲਾਮਾਬਾਦ – ਪਨਾਮਾ ਪੇਪਰ ਲੀਕ ਮਾਮਲੇ ਵਿੱਚ ਫਸੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ਼ਰੀਫ਼ ਨੇ ਵੀਰਵਾਰ ਨੂੰ ਮੰਤਰੀਮੰਡਲ ਦੀ ਐਮਰਜੈਂਸੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਇਸ ਮਾਮਲੇ ਵਿੱਚ ਦੇਸ਼ ਦੇ ਕਈ ਰਾਜਨੀਤਕ ਦਲਾਂ ਨੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਤੇ ਮੁਕੱਦਮਾ ਚਲਾਉਣ ਲਈ ਸੁਪਰੀੰ ਕੋਰਟ ਵਿੱਚ ਦਰਖਾਸਤ ਦਿੱਤੀ ਸੀ। ਸੁਪਰੀਮ ਕੋਰਟ ਨੇ ਸੰਯੁਕਤ ਜਾਂਚ ਦਲ ਦਾ ਗਠਨ ਕੀਤਾ ਸੀ। ਛੇਅ ਮੈਂਬਰੀ ਜਾਂਚ ਦਲ ਨੇ ਇਸੇ ਵੀਕ ਆਪਣੀ ਰਿਪੋਰਟ ਦਿੱਤੀ ਹੈ।
ਪਾਕਿਸਤਾਨੀ ਮੀਡੀਆ ਅਨੁਸਾਰ ਜਾਂਚ ਕਮੇਟੀ ਨੇ ਪੀਐਮ ਸ਼ਰੀਫ਼ ਅਤੇ ਉਨ੍ਹਾਂ ਦੇ ਪ੍ਰੀਵਾਰ ਦੇ ਖਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ਼ ਕਰਕੇ ਕੇਸ ਚਲਾਉਣ ਦੀ ਅਪੀਲ ਕੀਤੀ ਹੈ। ਇਹ ਰਿਪੋਰਟ ਬਾਹਰ ਆਉਣ ਦੇ ਬਾਅਦ ਵਿਰੋਧੀ ਦਲਾਂ ਵੱਲੋਂ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਤੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਦਬਾਅ ਵੱਧ ਰਿਹਾ ਹੈ। ਇਸ ਲਈ ਨਵਾਜ਼ ਸ਼ਰੀਫ਼ ਨੇ ਮੰਤਰੀਮੰਡਲ ਦੀ ਐਮਰਜੈਂਸੀ ਮੀਟਿੰਗ ਬੁਲਾਈ ਸੀ, ਜਿਸ ਵਿੱਚ ਜਾਂਚ ਕਮੇਟੀ ਦੀ ਰਿਪੋਰਟ ਨੂੰ ਆਰੋਪਾਂ ਅਤੇ ਸ਼ੱਕੀ ਗਤੀਵਿਧੀਆਂ ਦਾ ਪੁਲੰਦਾ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਜਨਤਾ ਨੇ ਉਨ੍ਹਾਂ ਨੂੰ ਚੁਣਿਆ ਹੈ ਅਤੇ ਕੇਵਲ ਜਨਤਾ ਹੀ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਸਕਦੀ ਹੈ।
ਪ੍ਰਧਾਨਮੰਤਰੀ ਸ਼ਰੀਫ਼ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰੀਵਾਰ ਨੇ ਰਾਜਨੀਤੀ ਵਿੱਚ ਆਉਣ ਦੇ ਬਾਅਦ ਕੁਝ ਵੀ ਨਹੀਂ ਕਮਾਇਆ, ਸਗੋਂ ਇਸ ਦੌਰਾਨ ਗਵਾਇਆ ਵੱਧ ਹੈ। ਉਨ੍ਹਾਂ ਅਨੁਸਾਰ ਜਾਂਚ ਕਮੇਟੀ ਦੀ ਰਿਪੋਰਟ ਵਿੱਚ ਜਿਸ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ, ਉਸ ਵਿੱਚ ਬੇਈਮਾਨੀ ਸਾਫ਼ ਝੱਲਕ ਰਹੀ ਹੈ। ਜੋ ਲੋਕ ਝੂਠੇ ਆਰੋਪਾਂ ਕਰਕੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਹਨ ਉਨ੍ਹਾਂ ਨੂੰ ਖੁਦ ਆਪਣੇ ਅੰਦਰ ਝਾਕ ਕੇ ਵੇਖਣਾ ਚਾਹੀਦਾ ਹੈ। ਉਹ ਕਿਸੇ ਦੀ ਸਾਜਿਸ਼ ਵਿੱਚ ਫਸ ਕੇ ਅਸਤੀਫਾ ਨਹੀਂ ਦੇਣਗੇ।