ਖੰਨਾ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਗੰਗਾ ਖਾਲਸਾ ਕਾਲਜ ਫਾਰ ਗਰਲਜ਼, ਕੋਟਾਂ (ਲੁਧਿਆਣਾ) ਵਿਖੇ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਪ੍ਰਦਰਸ਼ਨੀ ਮੁਕਬਾਲੇ ਕਰਵਾਏ ਗਏ। ਇਨ੍ਹਾਂ ਮੁਕਾਬਿਲਆਂ ਵਿਚ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵੂਮੈਨ ਝਾੜ ਸਾਹਿਬ, ਖਾਲਸਾ ਗੱਤਕਾ ਐਸੋਸੀਏਸ਼ਨ ਭੱਟੀਆਂ (ਖੰਨਾ), ਗੁਰੂ ਨਾਨਕ ਕਾਲਜ ਫਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਗੱਤਕਾ ਅਖਾੜਾ ਦੁੱਗਰੀ (ਲੁਧਿਆਣਾ), ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਮੀਰੀ ਪੀਰੀ ਗੱਤਕਾ ਅਖਾੜਾ ਡੇਹਲੋਂ (ਲੁਧਿਆਣਾ) ਦੀਆਂ ਗੱਤਕਾ ਟੀਮਾਂ ਨੇ ਜੰਗਜੂ ਖੇਡ ਗੱਤਕੇ ਦੇ ਜੌਹਰ ਦਿਖਾਏ।
ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ਼ਸਤਰ ਕਲਾ ਨੂੰ ਹੋਰ ਉਭਾਰਨ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਖੇਡਾਂ ਅਤੇ ਸੱਭਿਆਚਾਰ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਚਲਾਈ ਗਈ ਪਰੰਪਰਾ ਅਨੁਸਾਰ ਸ਼ਸਤਰ ਵਿਦਿਆ ਦਾ ਅਭਿਆਸ ਹਰ ਸਿੱਖ ਲਈ ਜ਼ਰੂਰੀ ਹੈ। ਗੁਰੂ ਸਾਹਿਬ ਨੇ ਸ਼ਾਸਤਰ ਦੇ ਨਾਲ ਸ਼ਸਤਰ ਦਾ ਸਮੇਲ ਕਰਕੇ ਸਿੱਖਾਂ ਨੂੰ ਇੱਕ ਮਾਰਸ਼ਲ ਕੌਮ ਵਜੋਂ ਪੇਸ਼ ਕੀਤਾ ਸੀ ਪਰ ਅੱਜ ਦੀ ਪੀੜੀ ਆਪਣੀ ਇਸ ਵਿਰਾਸਤੀ ਖੇਡ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਵਿਦਿਆਰਥੀਆਂ ਅੰਦਰ ਇਸ ਪੱਖ ਨੂੰ ਮਜ਼ਬੂਤ ਕਰਨ ਲਈ ਜਿਥੇ ਸਮੇਂ-ਸਮੇਂ ਗੱਤਕਾ ਮੁਕਾਬਲੇ ਕਰਵਾਏ ਜਾਂਦੇ ਹਨ ਉਥੇ ਹੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੀਆਂ ਹਰ ਸਾਲ ਖਾਲਸਾਈ ਖੇਡਾਂ ਦੇ ਉਤਸਵ ਦਾ ਆਯੋਜਨ ਵੀ ਕੀਤਾ ਜਾਂਦਾ ਹੈ।
ਇਨ੍ਹਾਂ ਮੁਕਾਬਲਿਆਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਗੱਤਕਾ ਅਖਾੜਾ ਦੁੱਗਰੀ ਨੇ ਪਹਿਲਾ, ਗੁਰੂ ਨਾਨਕ ਕਾਲਜ ਫਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਅਤੇ ਮੀਰੀ ਪੀਰੀ ਗੱਤਕਾ ਅਖਾੜਾ ਡੇਹਲੋਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਿਨ੍ਹਾਂ ਨੂੰ ਕ੍ਰਮਵਾਰ ੫੧੦੦/-, ੪੧੦੦/- ਅਤੇ ੩੧੦੦/- ਰੁਪਏ ਦਾ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਭਾਗ ਲੈਣ ਵਾਲੀ ਹਰ ਟੀਮ ਨੂੰ ੨੧੦੦/- ਰੁਪਏ ਵੀ ਸਨਮਾਨ ਵਜੋਂ ਦਿੱਤੇ ਗਏ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ। ਕੁਲਦੀਪ ਕੌਰ ਧਾਲੀਵਾਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਸਮੇਤ ਪਹੁੰਚੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ।