ਅਜੋਕੇ ਸਮੇਂ ਵਿਚ ਬਹੁਤ ਦੇਖਣ ਪੜ੍ਹਨ ਸੁਣਨ ਨੂੰ ਮਿਲ ਰਿਹਾ ਹੈ ਕਿ ਦਸਵੰਧ ਦੇ ਨਾਮ ਤੇ ਸੁਸਾਇਟੀਆਂ, ਟਰੱਸਟਾਂ ਜਾਂ ਇਸ ਤੋਂ ਇਲਾਵਾ ਕੋਈ ਵੀ ਅਦਾਰਾ ਚਾਹੇ ਉਹ ਧਾਰਮਿਕ, ਵਿੱਦਿਅਕ, ਖੇਡਾਂ ਦੇ ਨਾਮ ਤੇ, ਗੈਰ ਸਰਕਾਰੀ ਜਾਂ ਇੰਜ ਕਹਿ ਲੋ ਕਿ ਸਰਕਾਰੀ ਵੀ ਹੋਵੇ ਉਹ ਵੀ ਕਿਸੇ ਪ੍ਰਕਾਰ ਤੋਂ ਉਦਾਹਰਨ:- ਧਰਮ ਦੇ ਨਾਮ ਤੇ, ਮੈਡੀਕਲ ਕੈਂਪਾਂ ਦਾ ਆਯੋਜਨ, ਵਿਆਹ ਸ਼ਾਦੀਆਂ ਕਰਵਾਉਣ ਹੇਤੂ, ਬਿਮਾਰੀ ਜਾਂ ਇਲਾਜ ਲਈ ਇਸ ਤੋਂ ਇਲਾਵਾ ਹੋਰ ਵੀ ਭਲਾਈ ਕਾਰਜਾਂ ਲਈ ਦਾਨ ਮੰਗਣ (ਧਿਆਨ ਮੰਗਣ ਵਾਲੀ ਭਾਵਨਾ ਤੇ ਕੇਂਦਰਿਤ ਕੀਤਾ ਜਾਵੇ) ਦੀ ਲੜੀ ਨੂੰ ਦਸਵੰਧ ਦੇ ਨਾਮ ਤੇ ਵਧਾਉਂਦੇ ਜਾ ਰਹੇ ਹਨ। ਇਸ ਵਿਚ ਇਹ ਕਹਿਣਾ ਕੋਈ ਝੂਠ ਨਹੀਂ ਹੋਵੇਗਾ ਕਿ ਇਹ ਇੱਕ ਰਿਵਾਜ ਜਿਹਾ ਚੱਲ ਪਿਆ ਹੈ ਜੋ ਕਿ ਹੋਲੀ ਹੋਲੀ ਇੱਕ ਕਾਰੋਬਾਰ ਦਾ ਰੂਪ ਵੀ ਧਾਰਨ ਕਰਦਾ ਜਾ ਰਿਹਾ ਹੈ ਬਾਕਾਇਦਾ ਆਏ ਦਿਨ ਪਰਚੀਆਂ ਵੀ ਕੱਟੀਆਂ ਜਾ ਰਹੀਆਂ ਹਨ।
ਜਿਸ ਤੋਂ ਇਨ੍ਹਾਂ ਦੇ ਆਪਣੇ ਨਿੱਜੀ ਖ਼ਰਚੇ ਵੀ ਪੂਰੇ ਪ੍ਰਤੀਤ ਹੋ ਰਹੇ ਹਨ । ਖ਼ਾਸਕਰ ਨੌਜੁਆਨ ਵਰਗ ਵੱਲੋਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਵਾਲੇ ਸਿਧਾਂਤਾਂ ਨੂੰ ਵੀ ਅੱਖੋਂ ਪਰੋਖੇ ਕਰ ਕੇ ਇਸ ਰਾਹ ਨੂੰ ਆਮਦਨ ਦਾ ਮੁੱਖ ਸਰੋਤ ਬਣਾਉਂਦੇ ਜਾਣਾ ਸੱਚ ਜਾਣੋ ਦੋਸਤੋ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਦਸਵੰਧ ਮੰਗ ਕੇ ਭਲਾਈ ਦੇ ਕਾਰਜ ਕਰਨਾ ਗੰਭੀਰ ਵਿਸ਼ਾ ਹੈ ਬਹੁਤ ਸਾਰੇ ਲੋਕ ਇਸੇ ਆੜ ਵਿਚ ਬੇਈਮਾਨੀਆਂ ਵੀ ਕਰਦੇ ਹਨ। ਹਾਂ ਮੈਂ ਇੰਜ ਨਹੀਂ ਕਹਾਂਗਾ ਕਿ ਦਾਨ ਦੇਣਾ ਕੋਈ ਗੁਨਾਹ ਜਾਂ ਗ਼ਲਤ ਹੈ ਦਾਨ ਦਸਵੰਧ ਦੇ ਰੂਪ ਵਿਚ ਦੇਣਾ ਮਹਾਂ ਦਾਨ ਹੈ। ਪਰ ਬਗੈਰ ਅੱਖਾਂ ਮੀਚ ਕੇ, ਬਿਨਾ ਜਾਂਚੇ ਪਰਖੇ ਦੇਣਾ ਅਤੇ ਦਿੱਤੇ ਗਏ ਦਾਨ ਜਾਂ ਦਸਵੰਧ ਦਾ ਕੋਈ ਅਤਾ ਪਤਾ ਨਾ ਲਏ ਬਗੈਰ ਸੋਚਣਾ ਕਿ ਅਗਲਾ ਚਾਹੇ ਜਿੱਥੇ ਮਰਜ਼ੀ ਲਾਵੇ ਅਸੀਂ ਆਪਣਾ ਦਸਵੰਧ ਕੱਢ ਦਿੱਤਾ ਹੈ ਇਹ ਸੋਚ ਰੱਖਣਾ ਵੀ ਆਪਣੇ ਆਪ ਨੂੰ ਧੋਖਾ ਦੇਣਾ ਕੋਈ ਗੁਨਾਹ ਤੋਂ ਘੱਟ ਵੀ ਨਹੀਂ ਹੋਵੇਗਾ। ਕਿਸੇ ਗ਼ਰੀਬ, ਲੋੜਵੰਦ ਦੀ ਸਹਾਇਤਾ ਕਰਨੀ ਹੈ ਤਾਂ ਆਪਣੇ ਹੱਥੀ ਕੀਤੀ ਜਾਵੇ ।
ਦਸਵੰਧ ਉਹ ਰਾਹ ਹੈ ਜਿਸ ਦੁਆਰਾ ਸਰਬ ਧਰਮਾਂ ਨੇ ਇਨਸਾਨ ਨੂੰ ਕੁਦਰਤ ਨਾਮੀ ਧਰਮ ਦੀ ਰੱਖਿਆ ਲਈ ਅਤੇ ਸਮਾਜ ਪ੍ਰਤੀ ਜ਼ੁੰਮੇਵਾਰੀ ਦਿੱਤੀ ਹੈ। ਭਾਵੇਂ ਗੱਲ ਆਰਥਿਕ ਪੱਖ ਦੀ ਕਰ ਲਵੋ ਜਾ ਫਿਰ ਅਧਿਆਤਮਿਕ ਪੱਖ ਨੂੰ ਲੈ ਕੇ ਤੁਰ ਲਵੋ। ਦਾਨ ਕਿਥੇ ਤੇ ਕੀ ਕਰਨਾ ਹੈ ਜਾ ਆਖ ਲਵੋ ਦਸਵੰਧ ਕਿਥੇ ਤੇ ਕੀ ਦੇਣਾ ਹੈ ਇਸ ਗੱਲ ਦੀ ਪੜਚੋਲ ਕਰਨੀ ਬਹੁਤ ਜ਼ਰੂਰੀ ਹੈ ਸਹੀ ਲੋੜ ਦੀ ਪੂਰਤੀ ਦਾਨ ਅਖਵਾਉਂਦੀ ਹੈ। ਆਪਣੇ ਧਰਮ ਅਨੁਸਾਰ ਧਾਰਮਿਕ ਗੁਰੂਆਂ, ਪੀਰਾਂ ਪੈਗ਼ੰਬਰਾਂ ਦੀ ਦਰਜ ਬਾਣੀ ਅਨੁਸਾਰ ਵਿਚਾਰ ਕਰਨਾ ਵੀ ਇੱਕ ਦਾਨ ਦਾ ਰੂਪ ਹੈ ਬਸ਼ਰਤੇ ਵਿਚ ਹਉਮੈ ਨਾਂਹ ਆ ਖੜੇ। ਭੁੱਖੇ ਨੂੰ ਰੋਟੀ ਖਵਾਉਣਾ, ਨੰਗੇ ਨੂੰ ਤਨ ਢੱਕਣ ਲਈ ਬਸਤਰ ਦੇਣਾ, ਢੁਕਵੇਂ ਪੀਣ ਦੇ ਪਾਣੀ ਦਾ ਪ੍ਰਬੰਧ ਕਰਨਾ (ਜਿਵੇਂ ਗੁਰੂ ਜੀ ਨੇ ਬਾਉਲੀਆਂ , ਖੂਹ ਲਵਾਏ ਸਨ) ਪਰ ਜੋ ਯਾਦ ਰੱਖਣ ਵਾਲੀ ਗੱਲ ਹੈ ਦਾਨ ਪਿੱਛੇ ਮੁੜ ਕੁੱਝ ਮਿਲਣ ਦੀ ਭਾਵਨਾ ਕਦੇ ਨਹੀਂ ਹੋਣੀ ਚਾਹੀਦੀ ਜਾਂ ਯਾਦਗਾਰੀ ਚਿੰਨ੍ਹ ਲਗਵਾਉਣਾ ਵੀ ਆਪਣੇ ਆਪ ਨੂੰ ਉੱਚਾ ਜਾਂ ਦਾਨੀ ਕਹਾਉਣਾ ਵੀ ਯੋਗ ਗੱਲ ਨਹੀਂ ਹੈ। ਇਹ ਨਾਂਹ ਹੋਵੇ ਕੇ 1 ਦੇ ਕੇ 100 ਆਉਣ ਦੀ ਭਾਵਨਾ ਪ੍ਰਬਲ ਹੋਵੇ। ਨਾਲ ਹੀ ਨਾਲ ਇਹ ਵੀ ਸੋਚੋ ਕੇ ਲੋਕੀ ਆਖਣ ਕਿੰਨਾ ਦਾਨੀ ਸੱਜਣ ਹੈ, ਇਹ ਗੱਲ ਗੁਰਮਤਿ ਞਿੱਚ (ਕਿਸੇ ਵੀ ਧਰਮ ਵਿਚ) ਪ੍ਰਵਾਨ ਨਹੀਂ।
ਜੇ ਕੋਈ ਭੁੱਖਾ ਹੈ ਤਾਂ ਇਹ ਨਾਂਹ ਦੇਖੋ ਕੇ ਇਸ ਦੇ ਹੱਥ ਪੈਰ ਹਨ ਖ਼ੁਦ ਕਮਾ ਕੇ ਖਾ ਸਕਦਾ ਹੈ, ਪਹਿਲਾ ਉਸ ਨੂੰ ਪਰਸ਼ਾਦਾ ਛਕਾਓ (ਬਗੈਰ ਤੱਥਾਂ ਤੋਂ ਜਾਣੂੰ ਹੋਏ ਬਿਨਾ ਭੇਟਾ ਦੇਣ ਤੋਂ ਗੁਰੇਜ਼ ਕਰੋ) ਬਾਅਦ ਵਿਚ ਸਮਝਾਓ ਕੇ ਭਾਈ ਸੁਕ੍ਰਿਤ ਕਰਿਆ ਕਰ। ਕੋਈ ਨਸ਼ੇ ਆਦਿਕ ਕਰਦਾ ਹੈ ਤਾਂ ਇਹ ਨਾਂਹ ਸੋਚੋ ਇਸ ਨੂੰ ਭੋਜਨ ਆਦਿਕ ਆਪਣੇ ਪੈਸੇ ਵਿੱਚੋਂ ਨਹੀਂ ਲੈ ਕੇ ਦੇਣਾ ਸਗੋਂ ਰੋਟੀ ਪਾਣੀ ਖਵਾ ਬਾਅਦ ਵਿਚ ਉਸ ਨੂੰ ਸਮਝਾਓ। ‘‘ਅਕਲੀਂ ਕੀਚੈ ਦਾਨੁ‘‘ ਦਾ ਭਾਵ ਨਾਂਹ ਨੁੱਕਰ ਕਰਨਾ ਨਹੀਂ ਕੱਢਣਾ ਸਗੋਂ ਸੁਚੱਜਾ ਪਨ ਵਿਖਾਉਂਦੇ ਹੋਏ ਮਦਦ ਕਰਨੀ ਤੇ ਨਾਲ ਸਹੀ ਮਾਰਗ ਦਿਖਾ ਦੇਣਾ। ਜਦ ਧਰਮ ਅਨੁਸਾਰ ਜੀਵਨ ਜਿਊਣਾ ਆ ਜਾਵੇ ਤਾਂ ਜੀਵ ਖ਼ੁਦ ਬਰ ਖ਼ੁਦ ਇਹ ਸਮਝਣ ਲੱਗ ਪੈਂਦਾ ਹੈ ਕੇ ਕੀ ਜ਼ਰੂਰੀ ਹੈ ਤੇ ਕੀ ਬੇਲੋੜਾ ਹੈ। ਧਰਮ ਨੂੰ ਜੀਵਨ ਮੰਨ ਕੇ ਚੱਲਣ ਉੱਤੇ ਦਸਵੰਧ ਦੇ ਵੱਖ ਵੱਖ ਪੱਖ ਸਮਝ ਆਉਂਦੇ ਹਨ। ਇਹ ਗੱਲ ਸਹਿਜੇ ਹੀ ਖਾਨੇ ਪੈ ਜਾਂਦੀ ਹੈ ਕੇ ਵੰਡ ਕੇ ਛਕੋ, ਕੇਵਲ ਰੋਟੀ ਵੰਡਣ ਤੱਕ ਸੀਮਤ ਨਹੀਂ ਸਗੋਂ ਗਿਆਨ, ਆਰਥਿਕਤਾ ਆਦਿ ਸਭ ਦਸਵੰਧ ਦੇ ਘੇਰੇ ਵਿਚ ਹਨ। ਸੋ ਆਪਣੇ ਦਸਵੰਧ ਨੂੰ, ਆਪਣੇ ਹੱਥੀ, ਆਪਣੇ ਇਨਸਾਨੀ ਧਰਮ ਦੀ ਰੱਖਿਆ ਤੇ ਪ੍ਰਚਾਰ ਦੇ ਕੰਮਾਂ ਲਈ ਖ਼ਰਚ ਕਰੋ, ਇਨਸਾਨੀ ਧਰਮ ਨੂੰ ਬਚਾਓ ! ਇਨ੍ਹਾਂ ਹੀ ਗੋਲਕਾਂ ਨੂੰ ਪਹਿਲਾਂ ’’ਗੁਰੂ ਕੀ ਗੋਲਕ’’ ਕਿਹਾ ਜਾਂਦਾ ਸੀ।
ਹੁਣ ਗੋਲਕ ਵਾਲੇ ਪਹਿਲੂ ਤੇ ਵੀ ਵਿਚਾਰ ਰੱਖਣੇ ਅਹਿਮ ਹਨ ਖ਼ਾਸਕਰ ਧਾਰਮਿਕ ਅਸਥਾਨਾਂ ਤੇ ਗੋਲਕਾਂ ਦੇ ਸੰਬੰਧ ਵਿਚ ਪਰ ਅਫ਼ਸੋਸ ਹੁਣ ਜੋ ਕਿ ਇਹ ਧਾਰਮਿਕ ਅਸਥਾਨਾਂ ਦੇ ’’ਪ੍ਰਧਾਨਾਂ ਦੀਆਂ ਗੋਲਕਾਂ’’ ਬਣ ਚੁੱਕੀਆਂ ਹਨ। ਗੋਲਕਾਂ ਵਿੱਚ ਪਾਇਆ ਤੁਹਾਡਾ ਧਨ ਹੀ ਸਾਰੇ ਪੁਆੜੇ ਦੀ ਜੜ ਹੈ। ਆਪਣਾ ਦਸਵੰਧ, ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਵਿੱਚ ਪਾ ਕੇ, ਕਮੇਟੀਆਂ ਵਿੱਚ ਵੱਧ ਰਹੀ ਕਲਿਹ ਅਤੇ ਝਗੜੇ ਦੇ ਭਾਗੀਦਾਰ ਨਾ ਬਣੋ! ਇਹ ਪ੍ਰਧਾਨ ਇਨ੍ਹਾਂ ਗੋਲਕਾਂ ‘ਤੇ ਕਾਬਜ਼ ਹੋਣ ਲਈ ਇੱਕ ਦੂਜੇ ਦਾ ਖ਼ੂਨ ਪੀਣ ਲਈ ਤਿਆਰ ਹੀ ਰਹਿੰਦੇ ਹਨ ਜਿਸ ਦੇ ਪ੍ਰਮਾਣ ਆਮ ਹੀ ਚਰਚਾ ਵਿਚ ਸੁਣੇ ਜਾਂ ਅਖ਼ਬਾਰਾਂ ਰਾਹੀ ਪੜੇ ਜਾ ਸਕਦੇ ਹਨ, ਦੁੱਖ ਤਾਂ ਇਸ ਗੱਲ ਦਾ ਵੀ ਹੈ ਕਿ ਧਾਰਮਿਕ ਅਸਥਾਨਾਂ ਅਤੇ ਤੁਹਾਡੇ ਆਪਣੇ ਦਸਵੰਧ ਦੀ ਮਾਇਆ ਨੂੰ ਸਾਲਾਨਾ ਠੇਕਿਆਂ ਦੇ ਰੂਪ ਵਿਚ ਵੀ ਤਬਦੀਲ ਕੀਤਾ ਜਾ ਰਿਹਾ ਹੈ।
ਮਹਾਨ ਅਤੇ ਸਮਰੱਥ ਗੁਰੂ ਦੇ ਘਰ ਦੇ ਫ਼ੈਸਲੇ ਦੁਨਿਆਵੀ ਅਦਾਲਤਾਂ ਵਿਚ, ਅਨਮਤ ਦੇ ਮਾਮੂਲੀ ਜਿਹੇ ਜੱਜ ਕਰ ਰਹੇ ਨੇ, ਫਿਰ ਵੀ ਚੌਧਰ ਦੇ ਇਨ੍ਹਾਂ ਭੁੱਖਿਆਂ ਨੂੰ ਕੋਈ ਸ਼ਰਮ ਨਹੀਂ। ਕੀ ਧਾਰਮਿਕ ਅਸਥਾਨਾਂ ਦੀ ਸਥਾਪਨਾ ਇਸੇ ਲਈ ਹੁੰਦੀ ਹੈ ? ਕੀ ਇਨ੍ਹਾਂ ਪ੍ਰਧਾਨਾਂ ਨੂੰ ਗੁਰੂ ਕੋਲੋਂ ਇਹ ਹੀ ਸਿੱਖਿਆ ਮਿਲੀ ਹੈ?……… ਵੀਰੋ ! ਗੁਰੂ ਤੁਹਾਡੇ ਧਨ ਦਾ ਭੁੱਖਾ ਨਹੀਂ, ਉਸ ਨੂੰ ਤੁਹਾਡੇ ਧਨ ਦੀ ਜ਼ਰੂਰਤ ਨਹੀਂ, ਉਹ ਤੁਹਾਡੇ ਪਿਆਰ ਦਾ ਭੁੱਖਾ ਹੈ, ਅਤੇ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਵੇਖਣਾ ਚਾਹੁੰਦਾ ਹੈ। ਆਪਣੇ ਦਸਵੰਧ ਨੂੰ ਆਪਣੇ ਹੱਥੀਂ ਕੁਦਰਤ ਅਤੇ ਇਨਸਾਨੀ ਧਰਮ ਦੇ ਭਲੇ ਲਈ ਵਰਤੋ! ਕੁੱਝ ਪ੍ਰਧਾਨ ਆਪਣੀ ਪਾਵਰ ਅਤੇ ਰਸੂਖ਼ ਦਾ ਗ਼ਲਤ ਇਸਤੇਮਾਲ ਆਪਣੇ ਨਿੱਜੀ ਕੰਮਾਂ ਲਈ ਕਰਦੇ ਹਨ। ਇਹ ਵੀ ਗੁਰੂ ਨਾਲ ਧੋਖਾ ਹੈ। ਚਾਹੀਦਾ ਤਾਂ ਇਹ ਹੈ ਕਿ ਇਨ੍ਹਾਂ ਗੋਲਕਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਨਾ ਰਹਿਣਗੀਆਂ ਇਹ ਗੋਲਕਾਂ, ਤੇ ਨਾਂ ਹੋਣਗੇ ਇਹ ਜਿਹੇ ਪ੍ਰਧਾਨ ਜੋ ਗੁਰੂ ਦੀ ਗੋਲਕ ਵਿਚੋਂ ਹਰ ਸਾਲ ਕਰੋੜਾਂ ਰੁਪਏ ਦਾ ਪੈਟ੍ਰੋਲ ਪੀ ਜਾਂਦੇ ਹਨ। ਹੋਰ ਕੀ ਕੀ ਪੀ ਜਾਂਦੇ ਹਨ, ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ।
ਆਖ਼ਿਰ ਵਿਚ ਮੇਰੀ ਬੇਨਤੀ ਹੈ ਕਿ ਜੋ ਹੱਥੀ ਕੋਈ ਕੰਮ ਨਹੀ ਕਰਦੇ ਭਲਾਈ ਦੇ ਕਾਰਜਾਂ ਲਈ ਮੰਗਣ ਤੁਰ ਪੈਂਦੇ ਹਨ ਜੋ ਖ਼ੁਦ ਮਿਹਨਤ ਨਹੀ ਕਰਦੇ ਉਨ੍ਹਾਂ ਨੂੰ ਕਦੀ ਲੋਕ ਭਲਾਈ ਦੇ ਨਾ ਤੇ ਦਾਨ ਨਾ ਦਿਓ ਖ਼ੁਦ ਕਿਸੇ ਲੋੜਵੰਦ ਦੀ ਮਦਦ ਕਰ ਦਿਓ। ਭਲਿਓ ਆਪਣਾ ਦਸਵੰਧ, ਆਪਣੇ ਹੱਥੀਂ, ਆਪਣੀ ਅਕਲ ਨਾਲ ਵਰਤੋ ! ਗੁਰੂ ਸਾਹਿਬ ਦਾ ਵੀ ਆਪਣੇ ਸਿੱਖ ਨੂੰ ਹੁਕਮ ਹੈ।
ਅਕਲੀਂ ਸਾਹਿਬੁ ਸੇਵੀਐ, ਅਕਲੀਂ ਪਾਈਐ ਮਾਨੁ॥
ਅਕਲੀਂ ਪੜਿ ਕੈ ਬੁਝੀਐ, ਅਕਲੀਂ ਕੀਚੈ ਦਾਨੁ॥ ਅੰਗ 1245