ਮਹਾਰਾਣੀ ਮਹਿੰਦਰ ਕੌਰ ਦੇ ਇਸ ਫਾਨੀ ਸੰਸਾਰ ਤੋਂ ਜਾਣ ਨਾਲ ਪਟਿਆਲਾਸ਼ਾਹੀ ਸਲੀਕੇ ਦਾ ਇਕ ਥੰਮ ਗਿਰ ਗਿਆ ਹੈ। ਪਟਿਆਲਾਸ਼ਾਹੀ ਮਹਿਮਾਨ ਨਿਵਾਜ਼ੀ ਅਤੇ ਸਲੀਕਾ ਸੰਸਾਰ ਵਿਚ ਪ੍ਰਸਿਧ ਹੈ। ਮਹਾਰਾਣੀ ਮਹਿੰਦਰ ਕੌਰ ਦੇ ਸਵਰਗਵਾਸ ਹੋ ਜਾਣ ਨਾਲ ਇਕ ਕਿਸਮ ਨਾਲ ਇਕ ਯੁਗ ਦਾ ਅੰਤ ਹੋ ਗਿਆ ਹੈ। ਉਹ ਸਲੀਕਾ, ਸਹਿਜਤਾ, ਸੰਜਮ, ਮੁਹੱਬਤ, ਮਿਲਵਰਤਨ ਅਤੇ ਸ਼ਰਾਫ਼ਤ ਦਾ ਮੁਜੱਸਮਾ ਸਨ, ਜਿਨ੍ਹਾਂ ਦੀ ਮਹਿਮਾਨ ਨਿਵਾਜੀ ਨੂੰ ਪਟਿਆਲਵੀ ਹਮੇਸ਼ਾ ਯਾਦ ਕਰਦੇ ਰਹਿਣਗੇ।ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਰਿਆਸਤ ਉਪਰ ਰਾਜ ਕਰਦੇ ਸਨ ਪ੍ਰੰਤੂ ਮਹਾਰਣੀ ਮਹਿੰਦਰ ਕੌਰ ਪਰਜਾ ਦੇ ਦਿਲਾਂ ਤੇ ਰਾਜ ਕਰਦੇ ਸਨ। ਉਹ ਪਟਿਆਲਾ ਰਿਆਸਤ ਦੇ ਆਖ਼ਰੀ ਰੌਸ਼ਨ ਚਿਰਾਗ ਰਾਜਕੁਮਾਰੀ ਸਨ, ਜਿਨ੍ਹਾਂ ਦਾ ਦਿਲ ਆਪਣੀ ਪਰਜਾ ਲਈ ਧੜਕਦਾ ਸੀ। ਸ਼ਾਹੀ ਪਰਿਵਾਰ ਦੀ ਪ੍ਰੇਰਨਾ ਦਾ ਸਰੋਤ ਸਨ, ਜਿਨ੍ਹਾਂ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਪਟਿਆਲਵੀਆਂ ਦੇ ਦਿਲਾਂ ਉਪਰ ਰਾਜ ਕਰਦੀ ਸੀ, ਭਾਵੇਂ ਉਹ ਬਿਰਧ ਅਵਸਥਾ ਕਰਕੇ ਸਿਆਸਤ ਵਿਚ ਸਰਗਰਮ ਨਹੀਂ ਸਨ।
ਸ਼ਾਹੀ ਪਰਿਵਾਰ ਵਿਚੋਂ ਮਹਾਰਾਜਾ ਯਾਦਵਿੰਦਰ ਸਿੰਘ ਦੇ 1974 ਵਿਚ ਜਾਣ ਤੋਂ ਬਾਅਦ ਰਾਜ ਮਾਤਾ ਮਹਿੰਦਰ ਕੌਰ ਪਰਿਵਾਰ ਲਈ ਸੰਕਟਮੋਚਨ ਅਤੇ ਰਾਹ ਦਸੇਰਾ ਦੀ ਭੂਮਿਕਾ ਨਿਭਾ ਰਹੇ ਸਨ। ਸ਼ਾਹੀ ਪਰਿਵਾਰ ਵਿਚ ਲੋਕਤੰਤਰਿਕ ਸਿਆਸਤ ਵਿਚ ਸਭ ਤੋਂ ਪਹਿਲਾਂ ਰਾਜ ਮਾਤਾ ਮਹਿੰਦਰ ਕੌਰ ਹੀ ਰਾਜ ਸਭਾ ਅਤੇ ਲੋਕ ਸਭਾ ਦੀ ਚੋਣ ਜਿੱਤਕੇ ਆਏ ਸਨ। ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪਰਨੀਤ ਕੌਰ ਨੂੰ ਸਿਆਸਤ ਦੀ ਗੁੜ੍ਹਤੀ ਅਤੇ ਗੁਰ ਰਾਜ ਮਾਤਾ ਨੇ ਹੀ ਦਿੱਤੇ ਹਨ। ਉਨ੍ਹਾਂ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਨਾਪੂਰਨਯੋਗ ਘਾਟਾ ਪਿਆ ਹੈ, ਜਿਸ ਖੱਪੇ ਨੂੰ ਪੂਰਾ ਕਰਨਾ ਅਸੰਭਵ ਹੈ। ਦੋ ਮਹੀਨੇ ਪਹਿਲਾਂ ਤੱਕ ਉਹ ਹਰ ਰੋਜ਼ ਪਟਿਆਲਾ ਸ਼ਹਿਰ ਦੇ ਬਾਜ਼ਾਰਾਂ ਵਿਚ ਜਾ ਕੇ ਲੋਕਾਂ ਦੀ ਦੁਆ ਸਲਾਮ ਕਬੂਲ ਕਰਦੇ ਸਨ। ਸਾਰੀਆਂ ਸਿਆਸੀ ਪਾਰਟੀਆਂ ਦੇ ਸਿਆਸਤਦਾਨ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ਮਹਾਰਾਣੀ ਮਹਿੰਦਰ ਕੌਰ ਜਿਹਨਾਂ ਨੂੰ ਸਤਿਕਾਰ ਨਾਲ ਰਾਜ ਮਾਤਾ ਕਿਹਾ ਜਾਂਦਾ ਸੀ ਦਾ ਜਨਮ 14 ਸਤੰਬਰ 1922 ਨੂੰ ਪਰਜਾਤੰਤਰ ਲਹਿਰ ਦੇ ਮੋਢੀ ਸ੍ਰ ਹਰਚੰਦ ਸਿੰਘ ਜੇਜੀ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਸੰਗਰੂਰ ਜਿਲ੍ਹੇ ਦੇ ਦੂਰ ਦੁਰਾਡੇ ਅਤੇ ਪਛੜੇ ਹੋਏ ਪਿੰਡ ਚੁੜਲ ਵਿਖੇ ਹੋਇਆ। ਆਪਦੇ ਪਿਤਾ ਪਰਜਾਮੰਡਲ ਲਹਿਰ ਦੇ ਆਗੂ ਸੇਵਾ ਸਿੰਘ ਠੀਕਰੀਵਾਲਾ ਦੇ ਨਜ਼ਦੀਕੀ ਸਨ। ਮਹਾਰਣੀ ਮਹਿੰਦਰ ਕੌਰ ਨੇ ਪਟਿਆਲਾ ਰਿਆਸਤ ਅਤੇ ਪਰਜਾਮੰਡਲ ਵਿਚ ਟਕਰਾਓ ਦੀ ਸਥਿਤੀ ਨੂੰ ਆਪਸੀ ਪਿਆਰ ਅਤੇ ਮਿਲਵਰਤਨ ਵਿਚ ਬਦਲਣ ਲਈ ਅਹਿਮ ਭੂਮਿਕਾ ਨਿਭਾਈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਸੁਲਝੇ ਹੋਏ ਸੁਘੜ ਸਿਆਸਤਦਾਨ ਅਤੇ ਮਾਨਵਤਾ ਦੇ ਪੁਜਾਰੀ ਸਨ। ਉਹ ਖ਼ਾਨਦਾਨੀ ਇੱਕ ਰੱਜੇ ਪੁੱਜੇ ਘਰਾਣੇ ਵਿੱਚੋਂ ਸਨ, ਇਸ ਲਈ ਉਹਨਾਂ ਨੇ ਆਪਦੀ ਪੜ੍ਹਾਈ ਲਾਹੌਰ ਦੇਂ ਕਿਊਨ ਮੇਰੀ ਕਾਲਜ ਤੋਂ ਕਰਵਾਈ। ਆਪਦਾ ਵਿਆਹ ਪਟਿਆਲਾ ਰਿਆਸਤ ਦੇ ਮਹਾਰਾਜਾ ਯਾਦਵਿੰਦਰ ਸਿੰਘ ਨਾਲ 16 ਸਾਲ ਦੀ ਉਮਰ ਵਿੱਚ ਹੀ 1938 ਵਿੱਚ ਹੋ ਗਿਆ ਸੀ।
ਸ਼ਾਹੀ ਘਰਾਣੇ ਵਿਚ ਆ ਕੇ ਮਹਾਰਾਣੀ ਮਹਿੰਦਰ ਕੌਰ ਨੇ ਲੋਕਤੰਤਰਿਕ ਪਰੰਪਰਾਵਾਂ ਨੂੰ ਪਹਿਲ ਦਿੰਦਿਆਂ ਆਪਣੇ ਬੱਚਿਆਂ ਵਿਚ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਅਤੇ ਜਨਤਾ ਨਾਲ ਤਾਲਮੇਲ ਬਣਾਈ ਰੱਖਣ ਦੀ ਸਿਖਿਆ ਦਿੱਤੀ ਜਿਸ ਸਦਕਾ ਅੱਜ ਇਹ ਪਰਿਵਾਰ ਰਾਜਭਾਗ ਚਲਾ ਰਿਹਾ ਹੈ। ਲੋਕਾਂ ਵਿਚ ਵਿਚਰਨਾ ਉਨ੍ਹਾਂ ਦੇ ਦੁੱਖ ਸੁੱਖ ਵਿਚ ਸਹਾਈ ਹੋਣਾ ਵੀ ਉਨ੍ਹਾਂ ਦਾ ਮਕਸਦ ਸੀ ਜਿਸ ਉਪਰ ਉਨ੍ਹਾਂ ਸਾਰੀ ਉਮਰ ਪਹਿਰਾ ਦਿੱਤਾ। ਆਮ ਤੌਰ ਤੇ ਸ਼ਾਹੀ ਪਰਿਵਾਰਾਂ ਵਿਚ ਇਸਤਰੀਆਂ ਨੂੰ ਅਣਡਿਠ ਕੀਤਾ ਜਾਂਦਾ ਰਿਹਾ ਹੈ ਪ੍ਰੰਤੂ ਪਟਿਆਲਾ ਸ਼ਾਹੀ ਪਰਿਵਾਰ ਨੇ ਇਨ੍ਹਾਂ ਰਵਾਇਤਾਂ ਨੂੰ ਤੋੜਦਿਆਂ ਇਸਤਰੀਆਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਿਸਦਾ ਨਮੂਨਾ ਮਹਾਰਾਣੀ ਮਹਿੰਦਰ ਕੌਰ ਸਨ। ਆਪਦੇ ਦੋ ਲੜਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਰਾਜਾ ਮਾਲਵਿੰਦਰ ਸਿੰਘ, ਦੋ ਲੜਕੀਆਂ ਹੇਮਿੰਦਰ ਕੌਰ ਅਤੇ ਰੁਪਿੰਦਰ ਕੌਰ ਹਨ। ਆਪਦੀ ਵੱਡੀ ਲੜਕੀ ਹੇਮਿੰਦਰ ਕੌਰ ਕੰਵਰ ਨਟਵਰ ਸਿੰਘ ਨੂੰ ਵਿਆਹੀ ਹੋਈ ਹੈ ਜੋ ਭਾਰਤ ਦੇ ਵਿਦੇਸ਼ ਮੰਤਰੀ ਰਹੇ ਹਨ। ਆਪਦਾ ਵੱਡਾ ਲੜਕਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੈ ਅਤੇ ਨੂੰਹ ਮਹਾਰਾਣੀ ਪ੍ਰਨੀਤ ਕੌਰ ਕੇਂਦਰੀ ਵਿਦੇਸ਼ ਰਾਜ ਮੰਤਰੀ ਰਹੇ ਹਨ।
ਦੇਸ਼ ਦੀ ਵੰਡ ਸਮੇਂ ਬਹੁਤ ਸਾਰੇ ਰਿਫ਼ਿਊਜੀ ਪਟਿਆਲਾ ਆਏ ਤਾਂ ਆਪ 1947 ਤੋਂ 49 ਤੱਕ ਰੀਫਿਊਜੀਆਂ ਦੇ ਮੁੜ ਵਸੇਬੇ ਦੇ ਪਟਿਆਲਾ ਰਿਆਸਤ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੇ ਕੰਮ- ਕਾਰ ਦੀ ਨਿਗਰਾਨੀ ਨਿੱਜੀ ਦਿਲਚਸਪੀ ਲੈ ਕੇ ਕਰਦੇ ਰਹੇ। ਰੀਡਿਊਜੀਆਂ ਲਈ ਪਟਿਆਲਾ ਰਿਆਸਤ ਵੱਲੋਂ ਲਗਾਏ ਗਏ ਕੈਂਪਾਂ ਵਿਚ ਸਿਹਤ ਸਹੂਲਤਾਂ, ਖਾਣ ਪੀਣ, ਰਹਿਣ ਸਹਿਣ ਅਤੇ ਇਥੋਂ ਤੱਕ ਕਿ ਉਨ੍ਹਾਂ ਦੇ ਬੱਚਿਆਂ ਲਈ ਪੜ੍ਹਾਈ ਦੇ ਪ੍ਰਬੰਧ ਨੂੰ ਖੁਦ ਵੇਖਦੇ ਰਹੇ। ਰੀਫਿਊਜੀਆਂ ਦੇ ਪਰਿਵਾਰ ਜਿਹੜੇ ਪਾਕਿਸਤਾਨ ਵਿਚ ਰਹਿ ਗਏ ਸਨ ਉਨ੍ਹਾਂ ਨੂੰ ਪਟਿਆਲਾ ਲਿਆਉਣ ਲਈ ਸਰਕਾਰ ਨਾਲ ਤਾਲਮੇਲ ਕਰਕੇ ਇਕ ਕੜੀ ਦਾ ਕੰਮ ਕੀਤਾ। ਰਿਫਿਊਜੀਆਂ ਲਈ ਜਿਹੜੇ ਮਕਾਨ ਪਟਿਆਲਾ ਰਿਆਸਤ ਨੇ ਬਣਾ ਕੇ ਦਿੱਤੇ ਉਨ੍ਹਾਂ ਦੀ ਤੁਰੰਤ ਉਸਾਰੀ ਲਈ ਵੀ ਯਤਨਸ਼ੀਲ ਰਹੇ। ਇਸ ਕਰਕੇ ਅੱਜ ਤੱਕ ਪਟਿਆਲਵੀ ਇਸ ਪਰਿਵਾਰ ਦੇ ਦੇਣਦਾਰ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਸਮਾਜ ਸੇਵਾ ਰਾਹੀਂ ਸਿਆਸਤ ਵਿਚ ਪਰਵੇਸ਼ ਕੀਤਾ। ਆਪ 1953 –66 ਤੱਕ ਚੇਅਰਪਰਸਨ ਸਮਾਲ ਸੇਵਿੰਗ ਬੋਰਡ ਪੈਪਸੂ ਅਤੇ ਪੰਜਾਬ ਅਤੇ 1953-70 ਮੈਂਬਰ ਨੈਸ਼ਨਲ ਸੇਵਿੰਗਜ ਸੈਂਟਰਲ ਐਡਵਾਈਜਰੀ ਕਮੇਟੀ ਰਹੇ। ਇਸਤੋਂ ਇਲਾਵਾ ਪੰਜਾਬ ਸ਼ੋਸ਼ਲ ਵੈਲਫੇਅਰ ਬੋਰਡ ਦੇ ਚੇਅਰਪਰਸਨ 57-60 ਅਤੇ ਉਪ ਚੇਅਰਪਰਸਨ ਨੈਸ਼ਨਲ ਸੇਵਿੰਗਜ ਐਡਵਾਈਜਰੀ ਕਮੇਟੀ 57-70 ਹੁੰਦੇ ਹੋਏ ਪੰਜਾਬ ਅਤੇ ਮੱਧ ਪ੍ਰਦੇਸ਼ ਦੇ ਇਨਚਾਰਜ ਰਹੇ।
ਇਸੇ ਤਰ੍ਹਾਂ ਬਹੁਤ ਸਾਰੀਆਂ ਸਮਾਜਕ ਸੰਸਥਾਵਾਂ ਜਿਹਨਾਂ ਵਿੱਚ ਸੈਂਟਰਲ ਸ਼ੋਸ਼ਲ ਵੈਲਫੇਅਰ ਬੋਰਡ, ਭਾਰਤੀ ਗ੍ਰਾਮੀਣ ਮਹਿਲਾ ਸੰਘ, ਐਸੋਸ਼ੀਏਸ਼ਨ ਫਾਰ ਸ਼ੋਸ਼ਲ ਹੈਲਥ, ਵਰਲਡ ਐਗਰੀਕਲਚਰ ਫੇਅਰ ਮੈਮੋਰੀਅਲ ਫਾਰਮਰਜ ਵੈਲਫੇਅਰ ਟਰੱਸਟ, ਇੰਟਰਨੈਸ਼ਨਲ ਫੈਡਰੇਸ਼ਨ ਜਨੇਵਾ ਅਤੇ ਸੈਂਟਰਲ ਇਨਸਟੀਚਿਊਟ ਰੀਸਰਚ ਐਂਡ ਟ੍ਰੇਨਿੰਗ ਇਨ ਪਬਲਿਕ ਕੋਆਪ੍ਰੇਸ਼ਨ ਆਦਿ ਦੇ ਚੇਅਰਪਰਸਨ ਜਾਂ ਮੈਂਬਰ ਵੀ ਰਹੇ। ਆਪ 1964-67,78-82 ਰਾਜ ਸਭਾ ਦੇ ਮੈਂਬਰ ਅਤੇ 67-71 ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਰਹੇ। ਆਪ 1973 ਤੋਂ 77 ਤੱਕ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਨਰਲ ਸਕੱਤਰ ਰਹੇ ਅਤੇ ਫਿਰ ਪਾਰਟੀ ਛੱਡਕੇ ਜਨਤਾ ਦਲ ਵਿੱਚ ਸ਼ਾਮਲ ਹੋ ਗਏ ਤੇ ਫਿਰ ਆਪ ਥੋੜ੍ਹਾ ਸਮਾਂ 1977 ਵਿੱਚ ਜਨਤਾ ਪਾਰਟੀ ਦੇ ਜਨਰਲ ਸਕੱਤਰ ਵੀ ਰਹੇ। ਇਸ ਸਮੇਂ ਆਪ ਪ੍ਰੈਜੀਡੈਂਟ ਐਸੋਸੀਏਸ਼ਨ ਫਾਰ ਸ਼ੋਸ਼ਲ ਹੈਲਥ ਇਨ ਇੰਡੀਆ ਅਤੇ ਸਰਦਾਰ ਬਲਭ ਭਾਈ ਪਟੇਲ ਸਮਾਰਕ ਟਰੱਸਟ ਦੇ ਵੀ ਮੈਂਬਰ ਸਨ। 24 ਜੁਲਾਈ 2017 ਨੂੰ ਆਪ 95 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ ਗਏ ਹਨ। ਉਨ੍ਹਾਂ ਦਾ ਅੰਤਮ ਸਸਕਾਰ ਪਟਿਆਲਾ ਵਿਖੇ ਸ਼ਾਹ ਸਮਾਧਾਂ ਵਿਚ ਕੀਤਾ ਗਿਆ, ਜਿਸ ਵਿਚ ਪਾਰਟੀ ਪਧਰ ਤੋਂ ਉਪਰ ਉਠਕੇ ਲੋਕਾਂ ਨੇ ਸ਼ਮੂਲੀਅਤ ਕੀਤੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ