ਪਟਨਾ : ਨਤੀਸ਼ ਦੀ ਬੀਜੇਪੀ ਨਾਲ ਮਿਲ ਕੇ ਨਵੀਂ ਬਣਾਈ ਗਈ ਸਰਕਾਰ ਸਬੰਧੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰੀਫਾਰਮ (ADR) ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਐਨਡੀਏ ਦੀ ਨਤੀਸ਼ ਸਰਕਾਰ ਵਿੱਚ ਸ਼ਾਮਿਲ ਤਿੰਨ- ਚੌਥਾਈ ਮੰਤਰੀਆਂ ਦੇ ਖਿਲਾਫ਼ ਅਪਰਾਧਿਕ ਮਾਮਲੇ ਦਰਜ਼ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰੀਫਾਰਮ ਦੀ ਰਿਪੋਰਟ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਏਡੀਆਰ ਦੀ ਤਾਜ਼ਾ ਰਿਪੋਰਟ ਅਨੁਸਾਰ ਬਿਹਾਰ ਮੰਤਰੀਮੰਡਲ ਵਿੱਚ ਕੁਲ 29 ਮੰਤਰੀ ਹਨ ਅਤੇ ਇਨ੍ਹਾਂ ਵਿੱਚ 22 ਮੰਤਰੀ ਅਜਿਹੇ ਹਨ ਜਿੰਨ੍ਹਾਂ ਤੇ ਅਪਰਾਧਿਕ ਮੁਕੱਦਮੇ ਚੱਲ ਰਹੇ ਹਨ। ਇਨ੍ਹਾਂ ਵਿੱਚ ਵੀ 9 ਮੰਤਰੀ ਅਜਿਹੇ ਹਨ, ਜਿੰਨ੍ਹਾਂ ਦੇ ਵਿਰੁੱਧ ਬਹੁਤ ਹੀ ਗੰਭੀਰ ਕਿਸਮ ਦੇ ਅਪਰਾਧਿਕ ਮਾਮਲੇ ਦਰਜ਼ ਹਨ। ਇਨ੍ਹਾਂ ਮੰਤਰੀਆਂ ਨੇ ਖੁਦ ਆਪਣੇ ਖਿਲਾਫ਼ ਚੱਲ ਰਹੇ ਅਪਰਾਧਿਕ ਮਾਮਲਿਆਂ ਦਾ ਬਿਉਰਾ ਚੋਣ ਕਮਿਸ਼ਨ ਨੂੰ ਸੌਂਪਿਆ ਹੈ। ਮਹਾਂਗਠਬੰਧਨ ਸਰਕਾਰ ਵਿੱਚ 22ਕਰੋੜਪਤੀ ਮੰਤਰੀ ਸਨ ਅਤੇ ਹੁਣ ਨਵੀਂ ਸਰਕਾਰ ਵਿੱਚ 21 ਮੰਤਰੀ ਕਰੋੜਪਤੀ ਹਨ।
ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਐਨਡੀਏ ਦੇ ਨਵੇਂ ਮੰਤਰੀਮੰਡਲ ਵਿੱਚ ਸ਼ਾਮਿਲ 9 ਮੰਤਰੀਆਂ ਨੇ ਸਿਰਫ਼ ਅਠਵੀਂ ਤੋਂ ਬਾਹਰਵੀਂ ਤੱਕ ਸਿੱਖਿਆ ਪ੍ਰਾਪਤ ਕੀਤੀ ਹੈ। ਨਵੇਂ ਬਣੇ ਮੰਤਰੀਮੰਡਲ ਵਿੱਚ ਕੇਵਲ ਇੱਕ ਹੀ ਔਰਤ ਨੂੰ ਸਥਾਨ ਦਿੱਤਾ ਗਿਆ ਹੈ, ਜਦੋਂ ਕਿ ਮਹਾਂਗਠਬੰਧਨ ਦੀ ਸਰਕਾਰ ਵਿੱਚ ਦੋ ਮਹਿਲਾਵਾਂ ਨੂੰ ਮੰਤਰੀਮੰਡਲ ਵਿੱਚ ਜਗ੍ਹਾ ਦਿੱਤੀ ਗਈ ਸੀ।