ਫ਼ਤਹਿਗੜ੍ਹ ਸਾਹਿਬ – “ਇਹ ਬਹੁਤ ਹੀ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹੋ ਰਹੇ ਹਨ ਕਿ ਪੰਥ ਵਿਰੋਧੀ ਤਾਕਤਾਂ ਸਿੱਖ ਧਰਮ ਅਤੇ ਸਿੱਖ ਕੌਮ ਦੀ ਸਰਬੱਤ ਦੇ ਭਲੇ ਦੀ ਸੋਚ ਦੀ ਮਹਾਨ ਮਹੱਤਤਾ ਨੂੰ ਨੁਕਸਾਨ ਪਹੁੰਚਾਉਣ ਹਿੱਤ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲ ਸਰੂਪ ਦੀ ਸ਼ਬਦਾਵਲੀ ਵਿਚ ਤਬਦੀਲੀ ਕਰਨ, ਇਥੋਂ ਤੱਕ ਰਾਗਮਾਲਾ ਕੱਢਕੇ ਅਤੇ ਹੋਰ ਤਬਦੀਲੀਆਂ ਕਰਕੇ ਪ੍ਰਾਈਵੇਟ ਤੌਰ ਤੇ ਪ੍ਰਾਈਵੇਟ ਪ੍ਰੈਸਾਂ ਵਿਚ ਗੁਰੂ-ਮਰਿਯਾਦਾ ਦੇ ਨਿਯਮਾਂ, ਅਸੂਲਾਂ ਨੂੰ ਤਿਲਾਂਜ਼ਲੀ ਦਿੰਦੇ ਹੋਏ ਇਹ ਪ੍ਰਕਾਸ਼ਨਾਂ ਕਰਵਾਉਣ ਵਿਚ ਰੁੱਝੀਆਂ ਹੋਈਆਂ ਹਨ ਤਾਂ ਕਿ ਹੌਲੀ-ਹੌਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲ ਮਨੁੱਖਤਾ ਪੱਖੀ ਅਤੇ ਇਨਸਾਨੀਅਤ ਪੱਖੀ ਭਾਵਨਾ ਅਤੇ ਇਨਸਾਨੀ ਜਿੰਦਗੀ ਨੂੰ ਬਿਹਤਰੀਨ ਢੰਗ ਨਾਲ ਜਿਊਣ ਦੇ ਅਸੂਲਾਂ ਤੇ ਨਿਯਮਾਂ ਨੂੰ ਅਲੋਪ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਵੱਡੀ ਗਿਣਤੀ ਵਿਚ ਲਿਆ ਰਹੀ ਹੈ । ਜਿਸ ਦੀ ਬਦੌਲਤ ਇਕ ਨਾ ਇਕ ਦਿਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਕੌਮ ਦੇ ਮਕਸਦ ਨੂੰ ਭੰਬਲਭੂਸੇ ਵਿਚ ਪਾਉਣ ਦੀ ਸਾਜਿਸ਼ ਤੇ ਇਹ ਲੋਕ ਕਾਮਯਾਬ ਹੋ ਸਕਦੇ ਹਨ । ਇਸ ਲਈ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਐਸ.ਜੀ.ਪੀ.ਸੀ. ਅਤੇ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਨੂੰ ਇਸ ਸਿੱਖ ਕੌਮ ਵਿਰੋਧੀ ਹੋ ਰਹੇ ਅਮਲਾਂ ਨੂੰ ਗੰਭੀਰਤਾ ਨਾਲ ਲੈਦੇ ਹੋਏ ਇਕ ਦਮ ਫੈਸਲਾ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾਂ ਪ੍ਰਾਈਵੇਟ ਪ੍ਰੈਸਾਂ ਵਿਚ ਜਾਂ ਕਿਸੇ ਹੋਰ ਸੰਸਥਾਂ ਜਾਂ ਵਿਅਕਤੀ ਵੱਲੋਂ ਕਰਨ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਹੋਣੇ ਚਾਹੀਦੇ ਹਨ । ਤਾਂ ਕਿ ਕੋਈ ਵੀ ਪੰਥ ਵਿਰੋਧੀ ਤਾਕਤ ਆਪਣੇ ਇਸ ਮੰਦਭਾਵਨਾ ਭਰੇ ਮਕਸਦ ਵਿਚ ਕਾਮਯਾਬ ਨਾ ਹੋ ਸਕੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਅਤਿ ਗੰਭੀਰਤਾ ਅਤੇ ਵਿਦਵਤਾ ਰਾਹੀ ਲਿਖੇ ਗਏ ਇਕ ਪੱਤਰ ਵਿਚ ਜਾਹਰ ਕੀਤੇ ਹਨ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਫਰੀਦਾਬਾਦ, ਕੋਟਕਪੂਰੇ ਅਤੇ ਹੋਰ ਕਈ ਸਥਾਨਾਂ ਤੇ ਅਖ਼ਬਾਰਾਂ ਅਤੇ ਮੀਡੀਏ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਜੀ ਤੌਰ ਤੇ ਹੋ ਰਹੀ ਪ੍ਰਕਾਸ਼ਨਾਂ ਸੰਬੰਧੀ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਹਨ ਅਤੇ ਨਾਮਵਰ ਕਈ ਵਿਦਵਾਨਾਂਂ ਨੇ ਇਸ ਵਿਸ਼ੇ ਨੂੰ ਅਤਿ ਗੰਭੀਰਤਾ ਨਾਲ ਲੈਂਦੇ ਹੋਏ ਐਸ.ਜੀ.ਪੀ.ਸੀ. ਦੀ ਕੌਮੀ ਸੰਸਥਾਂ ਨੂੰ ਇਸ ਦਿਸ਼ਾ ਵੱਲ ਫੌਰੀ ਐਕਸ਼ਨ ਕਰਨ ਤੇ ਅਜਿਹੀਆਂ ਪ੍ਰਕਾਸ਼ਨਾਵਾਂ ਹੋਣ ਤੇ ਮੁਕੰਮਲ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ । ਇਸ ਸੰਬੰਧ ਵਿਚ ਪ੍ਰਕਾਸਿ਼ਤ ਹੋਈਆਂ ਖ਼ਬਰਾਂ ਵੀ ਇਸ ਪ੍ਰੈਸ ਰੀਲੀਜ ਨਾਲ ਜਾਣਕਾਰੀ ਹਿੱਤ ਨੱਥੀ ਕਰਦੇ ਹੋਏ ਮੰਗ ਕੀਤੀ ਹੈ ਕਿ ਇਸ ਅਤਿ ਗੰਭੀਰ ਵਿਸ਼ੇ ਉਤੇ ਗੱਲ ਕਰਦੇ ਹੋਏ ਪ੍ਰਾਈਵੇਟ ਤੇ ਨਿੱਜੀ ਤੌਰ ਤੇ ਜਿਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਣ ਵਾਲੀ ਪ੍ਰਕਾਸ਼ਨਾਂ ਮੁਕੰਮਲ ਤੌਰ ਤੇ ਬੰਦ ਕੀਤੀ ਜਾਵੇ, ਉਥੇ ਜਿਨ੍ਹਾਂ ਵੀ ਪ੍ਰੈਸਾਂ ਵਿਚ ਰਾਗਮਾਲਾ ਤੋਂ ਬਿਨ੍ਹਾਂ ਅਤੇ ਹੋਰ ਸਿੱਖ ਕੌਮ ਦੀਆਂ ਮਹਾਨਤਾਵਾਂ ਨੂੰ ਕੱਢਕੇ ਜਾਂ ਸ਼ਬਦੀ ਰੂਪ ਨੂੰ ਤਬਦੀਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਵਾਏ ਗਏ ਹਨ, ਉਹ ਸਭ ਸਰੂਪ ਫੌਰੀ ਐਸ.ਜੀ.ਪੀ.ਸੀ. ਆਪਣੇ ਕਬਜੇ ਵਿਚ ਕਰੇ ਅਤੇ ਜਿਨ੍ਹਾਂ ਤਾਕਤਾਂ, ਲੋਕਾਂ, ਪ੍ਰੈਸ ਦੇ ਮਾਲਕਾਂ ਨੇ ਅਜਿਹੀ ਬਜਰ ਗੁਸਤਾਖੀ ਕੀਤੀ ਹੈ, ਉਨ੍ਹਾਂ ਨੂੰ ਗੁਰੂ ਮਰਿਯਾਦਾ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਦਕੇ ਨਿਯਮਾਂ ਅਨੁਸਾਰ ਸਜ਼ਾ ਲਗਾਈ ਜਾਵੇ ਤਾਂ ਜੋ ਕੋਈ ਵੀ ਤਾਕਤ ਜਾਂ ਇਨਸਾਨ ਮੁੜ ਤੋਂ ਅਜਿਹੀ ਗੁਸਤਾਖੀ ਕਰਨ ਦੀ ਜੁਰਅਤ ਨਾ ਕਰ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਆਪਣੇ ਸਭ ਰੁਝੇਵਿਆਂ ਨੂੰ ਸੀਮਤ ਕਰਦੇ ਹੋਏ ਇਸ ਗੰਭੀਰ ਵਿਸ਼ੇ ਵੱਲ ਉਚੇਚੇ ਤੌਰ ਤੇ ਕੌਮ ਦੇ ਪੱਖ ਵਿਚ ਕਦਮ ਉਠਾਉਣਗੇ ਅਤੇ ਪ੍ਰਾਈਵੇਟ ਤੌਰ ਤੇ ਹੋ ਰਹੀ ਪ੍ਰਕਾਸ਼ਨਾਂ ਨੂੰ ਬੰਦ ਕਰਨ ਦੀ ਜਿੰਮੇਵਾਰੀ ਨਿਭਾਉਣਗੇ।