ਨਵੀਂ ਦਿੱਲੀ : ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਅਤੇ ਸਾਬਕਾ ਵਿਧਾਇਕ ਜਰਨੈਲ ਸਿੰਘ ਦੀ ਉਪਪ੍ਰਧਾਨਗੀ ’ਚ ਚਲ ਰਹੀ ਪੰਜਾਬੀ ਅਕਾਦਮੀ ਵਿਵਾਦਾਂ ਵਿਚ ਆ ਗਈ ਹੈ। ਅਕਾਦਮੀ ਵੱਲੋਂ 12 ਅਗਸਤ 2017 ਨੂੰ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਕਰਾਏ ਗਏ ਪੰਜਾਬੀ ਕਵੀ ਦਰਬਾਰ ’ਚ ਉੱਘੇ ਸਾਹਿਤਕਾਰ ਸੁਰਜੀਤ ਪਾਤਰ ਵੱਲੋਂ ਕਵਿਤਾ ਪਾਠ ਕਰਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਸੰਦ ਨਹੀਂ ਆਇਆ।
ਦਰਅਸਲ ਲੇਖਕ ਬਲਦੇਵ ਸਿੰਘ ਸੜਕਨਾਮਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਲਿੱਖੇ ਗਏ ਨਾਵਲ ‘‘ਸੂਰਜ ਦੀ ਅੱਖ’’ ’ਚ ਮਹਾਰਾਜਾ ਨੂੰ ਚਰਿੱਤਰ ਹੀਨ, ਇਸਲਾਮ ਧਰਮ ਦਾ ਧਾਰਣੀ, ਨਪੁੰਸਕ, ਮਰਦਾ ਨਾਲ ਜਿਸਮਾਨੀ ਸੰਬੰਧ ਰੱਖਣ ਵਾਲਾ, ਮਹਾਰਾਜਾ ਵੱਲੋਂ ਸਿੱਖਾਂ ਨਾਲ ਭੰਗ ਦੇ ਨਸ਼ੇ ਵਿਚ ਦਸਤਾਰਾਂ ਗੱਲੇ ਵਿਚ ਪਾ ਕੇ ਹੋਲੀ ਖੇਡਣਾ, ਮਹਾਰਾਣੀ ਜਿੰਦ ਕੌਰ ਨੂੰ ਬਦਚਲਣ, ਯੁਵਰਾਜ ਦਲੀਪ ਸਿੰਘ ਨੂੰ ਨਜਾਇਜ਼ ਔਲਾਦ ਦੱਸਣਾ ਅਤੇ ਸਿੱਖਾਂ ਦੇ ਮੂੰਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਰਾਜ ਕਰਨ ਦਾ ਲਹੂ ਲਗਣ ਵਰਗੇ ਗੰਭੀਰ ਦੋਸ਼ ਬਿਨਾਂ ਤਥਾਂ ਦੇ ਬੀਤੇ ਦਿਨੀਂ ਲਗਾਏ ਸਨ। ਜਿਸਦਾ ਪੰਜਾਬ ’ਚ ਜਾਗਰੁਕ ਸਿੱਖਾਂ ਵੱਲੋਂ ਸਖਤ ਵਿਰੋਧ ਕੀਤਾ ਗਿਆ ਸੀ। ਪਰ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਹੋਰ ਸਾਹਿਤਕਾਰਾਂ ਨੇ ਇਸ ਵਿਰੋਧ ਨੂੰ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੰਦੇ ਹੋਏ ਸੜਕਨਾਮੇ ਦਾ ਡੱਟ ਕੇ ਸਮਰਥਨ ਕੀਤਾ। ਜਿਸ ਵਿਚ ਪਾਤਰ ਵੀ ਸ਼ਾਮਿਲ ਸਨ।
ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਪੰਜਾਬੀ ਅਕਾਦਮੀ ਦੀ ਸਟੇਜ਼ ’ਤੇ ਪਾਤਰ ਦੇ ਕਵਿਤਾ ਪਾਠ ਨੂੰ ਸੜਕਨਾਮੇ ਦੇ ਕੂੜ ਸਾਹਿਤ ਦੀ ਹਿਮਾਇਤ ਕਰਾਰ ਦਿੱਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰੀ ਇਨਾਮ ਜੇਤੂ ਸਾਹਿਤਕਾਰਾਂ ਨੂੰ ਸਿੱਖ ਇਤਿਹਾਸ ਨੂੰ ਤਰੋੜਨ ਅਤੇ ਮਰੋੜਨ ਦਾ ਕਿਸਨੇ ਅਧਿਕਾਰ ਦਿੱਤਾ ਹੈ। ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਕਰੀਬੀ ਸਮਕਾਲੀ ਸ਼ਾਇਰ ਸ਼ਾਹ ਮੁਹੰਮਦ ਸਾਡੇ ਕੌਮੀ ਨਾਇਕ ਨੂੰ ਮਹਾਬਲੀ ਆਖਦਾ ਹੈ ਪਰ ਦੂਜੇ ਪਾਸੇ ਅੱਜ ਦੇ ਲੇਖਕ ਮਹਾਨ ਸਿੱਖ ਵਿਰਸੇ ਨੂੰ ਕਲੰਕਿਤ ਕਰਨ ਦਾ ਕਾਰਜ ਕਰ ਰਹੇ ਹਨ।
ਦਿੱਲੀ ਸਰਕਾਰ ’ਤੇ ਸਾਹਿਤ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਮੁਖਮੰਤਰੀ ਨੂੰ ਇਸ ਸੰਬੰਧ ’ਚ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਅਕਾਦਮੀ ਦਾ ਕੰਮ ਮਾ-ਬੋਲੀ ਪੰਜਾਬੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਨਾ ਕਿ ਮਹਾਨ ਸਿੱਖ ਇਤਿਹਾਸ ਨੂੰ ਕਲੰਕਿਤ ਕਰਨ ਦਾ ਮਾਧਿਅਮ ਬਣ ਰਹੇ ਲੋਕਾਂ ਨੂੰ ਆਪਣੀ ਗੋਦ ਵਿਚ ਬਿਠਾ ਕੇ ਸਿੱਖ ਕੌਮ ਨੂੰ ਚਿੜਾਉਣਾ ਹੈ।
ਉਨ੍ਹਾਂ ਜੋਰ ਦੇ ਕੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਹਮੇਸ਼ਾ ਸਿੱਖੀ ਸਿਧਾਂਤਾ ਦੀ ਰੱਖਿਆ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ’ਤੇ ਪਹਿਰਾ ਦੇਣ, ਸਾਰੇ ਧਰਮਾਂ ਦਾ ਸਤਿਕਾਰ ਕਰਨ, ਬੇਮਿਸਾਲ ਬਹਾਦਰੀ ਸੱਦਕਾ ਪੰਜਾਬ ਨੂੰ ਮਹਾਪੰਜਾਬ ਬਣਾਉਣ ਅਤੇ ਮੁਗਲਾਂ ਤੇ ਅੰਗਰੇਜਾਂ ਨੂੰ ਨੱਕ ਤੋਂ ਲੀਕਾਂ ਕਢਾਉਣ ਵਾਲੇ ਬਹਾਦਰ ਸੂਰਮੇ ਦਾ ਰਿਹਾ ਹੈ। ਮਹਾਰਾਜ ਦੀ ਮੋਤ ਉਪਰੰਤ ਮਹਾਰਾਣੀ ਜਿੰਦ ਕੌਰ ਜਿਨ੍ਹਾਂ ਨੇ ਪੰਜਾਬ ਤੋਂ ਅੰਗਰੇਜਾਂ ਦਾ ਕਬਜਾ ਹਟਾਉਣ ਲਈ ਸਾਰੇ ਸਿੱਖ ਜਰਨੈਲਾਂ ਨੂੰ ਇੱਕਤਰ ਕਰਕੇ ਜੰਗ ਦਾ ਬਿਗੁਲ ਵਜਾਇਆ ਸੀ ਉਨ੍ਹਾਂ ਵਿਰੁਧ ਅਸ਼ਲੀਲ ਸ਼ਬਦਾਵਲੀ ਵਰਤ ਕੇ ਮਹਾਰਾਣੀ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਮਹਾਰਾਜਾਂ ਦੀਆਂ ਖਾਲਸਾ ਫੌਜਾਂ ਨੇ ਜਿਸ ਕਾਬਲ ਕੰਧਾਰ ’ਚ ਜਿੱਤਾਂ ਪ੍ਰਾਪਤ ਕੀਤੀਆਂ ਸਨ ਉਸਨੂੰ ਫਤਹਿ ਕਰਨ ’ਚ ਸੰਸਾਰ ਦੇ ਮਹਾਸ਼ਕਤੀ ਹੋਣ ਦਾ ਦਾਅਵਾ ਕਰਨ ਵਾਲੇ ਰੂਸ ਅਤੇ ਅਮਰੀਕਾ ਵੀ ਕਾਮਯਾਬ ਨਹੀਂ ਹੋਏ। ਮਹਾਰਾਜਾ ਦਾ ਝੁਕਾਵ ਕਦੇ ਵੀ ਸਿੱਖ ਵਿਚਾਰਧਾਰਾ ਦੇ ਉਲਟ ਨਹੀਂ ਹੋਇਆ ਇਸ ਕਰਕੇ ਉਨ੍ਹਾਂ ਵੱਲੋਂ ਇਸਲਾਮ ਕਬੂਲ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸੜਕਨਾਮੇ ਵੱਲੋਂ ਸਿੱਖਾਂ ਦੇ ਮੂੰਹ ਰਾਜ ਕਰਨ ਦਾ ਲਹੂ ਲਗਣ ਦੇ ਲਗਾਏ ਗਏ ਦੋਸ਼ ਦੇ ਜਵਾਬ ’ਚ ਉਨ੍ਹਾਂ ਨੇ 1783 ਦੀ ਦਿੱਲੀ ਫਤਹਿ ਉਪਰੰਤ ਬਾਬਾ ਬਘੇਲ ਸਿੰਘ ਅਤੇ ਸਾਥੀ ਜਰਨੈਲਾਂ ਵੱਲੋਂ ਇਤਿਹਾਸਿਕ ਸਿੱਖ ਗੁਰੂਧਾਮਾਂ ਦੀ ਨਿਸ਼ਾਨਦੇਹੀ ਅਤੇ ਸਥਾਪਨਾ ਦੇ ਬਦਲੇ ਸਿੱਖ ਰਾਜ ਕੁਰਬਾਨ ਕਰਨ ਦੇ ਇਤਿਹਾਸ ’ਚ ਮਿਲਦੇ ਹਵਾਲੇ ’ਤੇ ਸੜਕਨਾਮੇ ਨੂੰ ਗੌਰ ਕਰਨ ਦੀ ਨਸੀਹਤ ਵੀ ਦਿੱਤੀ।