ਵਾਸ਼ਿੰਗਟਨ – ਦੁਨੀਆਂ ਦੇ ਸੱਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੇ 4.6 ਅਰਬ ਡਾਲਰ ਦਾਨ ਕੀਤੇ ਹਨ। ਸਾਲ 2000 ਦੇ ਬਾਅਦ ਤੋਂ ਗੇਟਸ ਵੱਲੋਂ ਦਿੱਤੇ ਗਏ ਦਾਨਾਂ ਵਿੱਚੋਂ ਇਹ ਸੱਭ ਤੋਂ ਵੱਡੀ ਰਕਮ ਹੈ। ਗੇਟਸ ਨੇ ਅਰਬਪਤੀ ਨਿਵੇਸ਼ਕ ਬਫੇਟ ਦੇ ਨਾਲ ਮਿਲ ਕੇ 2010 ਵਿੱਚ ਗਿਵਿੰਗ ਪਲੇਜ਼ ਦੀ ਸਥਾਪਨਾ ਕੀਤੀ ਸੀ। ਮਈ 2017 ਤੱਕ ਇਸ ਚੈਰਿਟੀ ਨਾਲ ਦੁਨੀਆਂਭਰ ਦੇ 170 ਅਮੀਰ ਲੋਕ ਜੁੜ ਚੁੱਕੇ ਹਨ, ਜਿੰਨ੍ਹਾਂ ਨੇ ਆਪਣੀ ਅੱਧੀ ਸੰਪਤੀ ਦਾਨ ਦੇਣ ਤੇ ਸਹਿਮਤੀ ਪ੍ਰਗਟਾਈ ਹੈ।
ਬਿਲ ਗੇਟਸ ਨੇ ਇਸ ਸਦੀ ਦਾ ਸੱਭ ਤੋਂ ਵੱਡਾ ਦਾਨ ਦਿੰਦੇ ਹੋਏ ਮਾਈਕਰੋਸਾਫਟ ਦੇ 6.7 ਕਰੋੜ ਸ਼ੇਅਰ ਦਾਨ ਕੀਤੇ ਹਨ, ਜੋ ਕਿ ਉਨ੍ਹਾਂ ਦੀ ਕੁਲ ਸੰਪਤੀ ਦਾ ਪੰਜ ਫੀਸਦੀ ਹੈ। ਏਨਾ ਦਾਨ ਦੇਣ ਦੇ ਬਾਅਦ ਵੀ ਉਹ ਦੁਨੀਆਂ ਦੇ ਸੱਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਬਲੂਮਬਰਗ ਦੀ ਅਰਬਪਤੀਆਂ ਦੀ ਲਿਸਟ ਵਿੱਚ ਉਨ੍ਹਾਂ ਦੀ ਸੰਪਤੀ 86.1 ਅਰਬ ਡਾਲਰ ਮਿੱਥੀ ਗਈ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਦਾਨ ਕਿਸ ਨੂੰ ਦਿੱਤਾ ਗਿਆ ਹੈ ਪਰ ਇਹ ਪਤਾ ਚੱਲਿਆ ਹੈ ਕਿ ਇਹ ਰਾਸ਼ੀ ਕਿਸੇ ਨਾਨ ਪ੍ਰਾਫਿਟ ਫਾਂਊਂਡੇਸ਼ਨ ਨੂੰ ਦਿੱਸਤੀ ਗਈ ਹੈ।
ਉਨ੍ਹਾਂ ਨੇ ਆਪਣੀ ਪਤਨੀ ਮਿਲਿੰਡਾ ਗੇਟਸ ਦੇ ਨਾਲ ਮਿਲ ਕੇ ਕੁਲ 35 ਅਰਬ ਡਾਲਰ ਕੈਸ਼ ਅਤੇ ਸਟਾਕਸ ਦਾਨ ਕੀਤੇ ਹਨ। ਬਿਲ ਐਂਡ ਮਿਲਿੰਡਾ ਗੇਟਸ ਫਾਂਊਂਡੇਸ਼ਨ ਦੁਆਰਾ ਪਰਉਪਕਾਰੀ ਕੰਮਾਂ ਨੂੰ ਅੰਜਾਮ ਦੇਣ ਲਈ ਅਜਿਹੇ ਕੰਮ ਅਕਸਰ ਕੀਤੇ ਜਾਂਦੇ ਹਨ। ਇਹ ਸੰਸਥਾ ਗਰੀਬੀ ਹਟਾਉਣ, ਬੀਮਾਰੀਆਂ ਨਾਲ ਲੜਨ ਅਤੇ ਹਰ ਵਿਅਕਤੀ ਤੱਕ ਕੰਪਿਉਟਰ ਦੀ ਪਹੁੰਚ ਮੁਹਈਆ ਕਰਵਾਉਣ ਦੇ ਲਈ ਕੰਮ ਕਰ ਰਹੀ ਹੈ।