ਫ਼ਤਹਿਗੜ੍ਹ ਸਾਹਿਬ – “ਭਾਰਤ ਦੇ ਸਿੱਕਮ ਸੂਬੇ ਵਿਚ ਸਥਿਤ ਗੁਰਦੁਆਰਾ ਡਾਂਗ ਮਾਰ ਸਾਹਿਬ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿਚ ਸਦੀਆਂ ਤੋਂ ਬਣਿਆ ਹੋਇਆ ਹੈ । ਉਸ ਵਿਚ ਸੁਸ਼ੋਭਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਪਵਿੱਤਰ ਸਮਾਨ ਹਿੰਦੂ ਸੋਚ ਵਾਲੇ ਸ਼ਰਾਰਤੀ ਅਨਸਰਾਂ ਵੱਲੋਂ ਬਾਹਰ ਸੁੱਟਕੇ ਅਪਮਾਨ ਕਰਨ ਅਤੇ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਵੀ ਹਿੰਦੂਤਵ ਕੱਟੜ ਸੋਚ ਦਾ ਨਤੀਜਾ ਹੈ । ਜੋ ਸਿੱਖ ਕੌਮ ਲਈ ਅਸਹਿ ਹੈ। ਅਜਿਹੀਆ ਕਾਰਵਾਈਆਂ ਹੁਕਮਰਾਨਾਂ ਦੀ ਸਰਪ੍ਰਸਤੀ ਅਤੇ ਸਹਿ ਤੋਂ ਬਿਨ੍ਹਾਂ ਨਹੀਂ ਹੋ ਸਕਦੀਆਂ। ਇਸ ਲਈ ਅਸੀ ਭਾਰਤ ਦੀ ਮੌਜੂਦਾ ਮੋਦੀ ਸਰਕਾਰ ਅਤੇ ਸਿੱਕਮ ਦੀ ਹਕੂਮਤ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਹੁਕਮਰਾਨਾਂ ਤੋਂ ਇਸ ਵਿਸ਼ੇ ਸੰਬੰਧੀ ਉਨ੍ਹਾਂ ਦੇ ਸਟੈਂਡ ਦੀ ਜਿਥੇ ਸਪੱਸਟਤਾਂ ਚਾਹੁੰਦੇ ਹਾਂ, ਉਥੇ ਅਜਿਹਾ ਦੁੱਖਦਾਇਕ ਅਮਲ ਕਰਨ ਵਾਲੇ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ 295ਏ ਧਾਰਾ ਅਧੀਨ ਕਾਰਵਾਈ ਕਰਨ ਦੀ ਫੌਰੀ ਮੰਗ ਕਰਦੇ ਹਾਂ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੀ ਮੋਦੀ ਹਕੂਮਤ ਤੇ ਸਿੱਕਮ ਵਿਚ ਹੁਕਮਰਾਨ ਪਾਰਟੀ ਨੂੰ ਅਜਿਹੀਆਂ ਕਾਰਵਾਈਆਂ ਦੀ ਬਦੌਲਤ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਜਦੋਂ ਦੂਸਰੇ ਸੂਬਿਆਂ ਵਿਚ ਸਦੀਆਂ ਤੋਂ ਸਥਿਤ ਗੁਰੂ ਸਾਹਿਬਾਨ ਜੀ ਦੀਆਂ ਯਾਦਾਂ ਨਾਲ ਸੰਬੰਧਤ ਸਥਾਪਿਤ ਹੋਏ ਗੁਰੂਘਰਾਂ ਉਤੇ ਮੁਤੱਸਵੀ ਸੋਚ ਅਧੀਨ ਹਮਲੇ ਹੋ ਰਹੇ ਹਨ ਤੇ ਅਜਿਹੇ ਗੁਰੂਘਰਾਂ ਨੂੰ ਮੰਦਰਾਂ ਵਿਚ ਬਦਲਣ ਦੇ ਦੁੱਖਦਾਇਕ ਅਮਲ ਹੋ ਰਹੇ ਹਨ ਤਾਂ ਭਾਰਤੀ ਵਿਧਾਨ ਦੀ ਧਾਰਾ 14 ਦੀ ਗੱਲ ਕਰਨ ਵਾਲੇ ਹੁਕਮਰਾਨ ਤੇ ਸਿਆਸਤਦਾਨ ਆਪਣੇ ਬੁੱਲ ਸੀਤਕੇ ਕਿਉਂ ਬੈਠੇ ਹਨ ਅਤੇ ਅਜਿਹੇ ਨਫ਼ਰਤ ਫੈਲਾਉਣ ਵਾਲੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੋਂ ਕਿਉਂ ਭੱਜ ਰਹੇ ਹਨ ? ਸ. ਮਾਨ ਨੇ ਭਾਰਤ ਦੇ ਹੁਕਮਰਾਨਾਂ ਅਤੇ ਮੁਤੱਸਵੀ ਜਮਾਤਾਂ ਤੇ ਸੰਗਠਨਾਂ ਨੂੰ ਜੋ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਅਜਿਹੇ ਦੁੱਖਦਾਇਕ ਅਮਲ ਕਰ ਰਹੇ ਹਨ, ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਅਜਿਹੀਆਂ ਕਾਰਵਾਈਆਂ ਇੱਥੇ ਸਥਾਈ ਤੌਰ ਤੇ ਅਮਨ-ਚੈਨ ਕਾਇਮ ਨਹੀਂ ਰੱਖ ਸਕਣਗੀਆਂ । ਇਸ ਲਈ ਹੁਕਮਰਾਨਾਂ ਲਈ ਬਿਹਤਰ ਹੋਵੇਗਾ ਕਿ ਉਹ ਆਪਣੇ ਸਿੱਖ ਵਿਰੋਧੀ ਪ੍ਰੋਗਰਾਮਾਂ ਨੂੰ ਅਲਵਿਦਾ ਕਹਿਕੇ ਇਥੇ ਸਿੱਖ ਕੌਮ ਦੇ ਬਣਦੇ ਸਤਿਕਾਰ-ਮਾਣ ਅਤੇ ਹੱਕ-ਹਕੂਕਾਂ ਨੂੰ ਕਾਇਮ ਰੱਖਣ ਵਰਨਾ ਨਿਕਲਣ ਵਾਲੇ ਭੈੜੇ ਨਤੀਜਿਆ ਲਈ ਇਹ ਹੁਕਮਰਾਨ ਜਿੰਮੇਵਾਰ ਹੋਣਗੇ । ਜੇਕਰ ਹੁਕਮਰਾਨਾਂ ਨੇ ਇਸ ਵਿਰੁੱਧ ਫੌਰੀ ਕਾਰਵਾਈ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਪੱਧਰ ਤੇ ਅਤੇ ਭਾਰਤ ਪੱਧਰ ਤੇ ਰੋਸ ਰੈਲੀਆਂ ਕਰਨ ਲਈ ਮਜ਼ਬੂਰ ਹੋਵੇਗਾ ।