ਅੰਮ੍ਰਿਤਸਰ – ਸਮੁੱਚੀ ਮਨੁੱਖਤਾ ਲਈ ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਵਿਖੇ ਅੱਜ ਸ੍ਰੀਲੰਕਾ ਦੇਸ਼ ਦੀ ਸੁਪਰੀਮ ਕੋਰਟ ਦੇ ਜੱਜ ਸ੍ਰੀ ਨਲਿਨ ਪੇਰੇਰਾ ਸਮੇਤ ਉਥੋਂ ਦੀਆਂ ਵੱਖ-ਵੱਖ ਅਦਾਲਤਾਂ ਦੇ ੩੩ ਜੱਜਾਂ ਨੇ ਮੱਥਾ ਟੇਕਿਆ। ਉਨ੍ਹਾਂ ਸ਼ਰਧਾ ਭਾਵਨਾ ਨਾਲ ਇਸ ਪਾਵਨ ਅਸਥਾਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਸ੍ਰੀ ਨਲਿਨ ਪੇਰੇਰਾ ਨੇ ਕਿਹਾ ਕਿ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਾਰੀਫ ਕਈ ਵਾਰ ਸੁਣੀ ਹੈ ਅਤੇ ਅੱਜ ਇਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਇਸ ਲਈ ਉਹ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਥੇ ਆ ਕੇ ਬਹੁਤ ਪ੍ਰਸੰਨ ਚਿਤ ਮਹਿਸੂਸ ਕਰ ਰਹੇ ਹਾਂ।
ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ ਤੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਨੇ ਸ੍ਰੀ ਨਲਿਨ ਪੇਰੇਰਾ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਤੇ ਧਾਰਮਿਕ ਪੁਸਤਕਾਂ ਦੇ ਸੈਟ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨਾਲ ਆਏ ਸਾਰੇ ਜੱਜਾਂ ਨੂੰ ਵੀ ਧਾਰਮਿਕ ਪੁਸਤਕਾਂ ਦੇ ਸੈਟ ਭੇਟ ਕੀਤੇ ਗਏ।
ਇਸ ਮੌਕੇ ਐਡੀਸ਼ਨਲ ਮੈਨੇਜਰ ਸ. ਸੁਖਬੀਰ ਸਿੰਘ, ਸ. ਸੁਖਰਾਜ ਸਿੰਘ, ਸ. ਹਰਪ੍ਰੀਤ ਸਿੰਘ, ਸ. ਲਾਲ ਸਿੰਘ, ਸ. ਤਰਵਿੰਦਰ ਸਿੰਘ, ਸ. ਗੁਰਵੇਲ ਸਿੰਘ ਆਦਿ ਹਾਜ਼ਰ ਸਨ।