ਨਵੀਂ ਦਿੱਲੀ : ਸਿੱਕਿਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਗਰਮ ਹੋ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਅਕਾਲੀ ਦਲ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਮਸਲੇ ਨੂੰ ਨਜਿੱਠਣ ਲਈ ਸ਼ੁਰੂ ਕੀਤੀ ਗਈ ਸਿਆਸੀ ਅਤੇ ਕਾਨੂੰਨੀ ਪਹਿਲ ਦੀ ਜਾਣਕਾਰੀ ਦਿੱਤੀ।
ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉੱਤਰੀ ਸਿੱਕਿਮ ਦੇ ਗੁਰੂ ਡਾਂਗਮਾਰ ਝੀਲ ’ਚ ਸਮੁੰਦਰ ਤਲ ਤੋਂ ਲਗਭਗ 17,500 ਫੁੱਟ ਦੀ ਉੱਚਾਈ ’ਤੇ ਬਰਫ ਦੇ ਰੂਪ ’ਚ ਜੰਮੇ ਹੋਏ ਪਾਣੀ ਨੂੰ ਡਾਂਗ ਮਾਰ ਕੇ ਪਾਣੀ ਕੱਢਿਆ ਗਿਆ ਸੀ ਜਿਸ ਤੋਂ ਬਾਅਦ ਉਥੇ ਰਹਿੰਦੇ ਬੌਧ ਧਰਮ ਨਾਲ ਸੰਬੰਧਿਤ ਲਾਮਾ ਗੁਰੂ ਨਾਨਕ ਦੇਵ ਜੀ ਨੂੰ ਨਾਨਕ ਲਾਮਾ ਦੇ ਨਾਲ ਪ੍ਰਚਾਰਦੇ ਹਨ। ਪਰ ਬੀਤੇ ਦਿਨੀਂ ਸ਼ੋਸਲ ਮੀਡੀਆ ’ਤੇ ਗੁਰੂਦੁਆਰਾ ਡਾਂਗਮਾਰ ਸਾਹਿਬ ਦਾ ਸਮਾਨ ਬਾਹਰ ਕੱਢ ਕੇ ਬੌਧੀ ਨਾਮਲੇਵਾ ਲੋਕਾਂ ਨੇ ਥੱਲੇ ਸਥਿਤ ਗੁਰਦੁਆਰਾ ਚੁੰਗਥੁੰਗ (ਚੰਗੀ ਥਾਂ) ’ਤੇ ਭੇਜ ਦਿੱਤਾ ਸੀ।
ਜਿਸਤੋਂ ਬਾਅਦ ਮੀਡੀਆ ਦੇ ਸਾਹਮਣੇ ਆਏ ਜੀ. ਕੇ. ਅਤੇ ਭਾਜਪਾ ਦੇ ਕੌਮੀ ਸਕੱਤਰ ਆਰ.ਪੀ.ਸਿੰਘ ਨੇ ਇਸ ਸੰਬੰਧੀ ਕੀਤੀਆਂ ਜਾ ਰਹੀਆਂ ਦੀ ਕੋਸ਼ਿਸ਼ਾਂ ਦੀ ਜਾਣਕਾਰੀ ਦਿੱਤੀ। ਜੀ. ਕੇ. ਨੇ ਪਿਛੋਕੜ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਕਿਮ ਸਰਕਾਰ ਵੱਲੋਂ 24 ਸਤੰਬਰ 1998 ’ਚ ਸਿੱਕਮ ਵਿੱਚਲੇ ਇਤਿਹਾਸਿਕ ਧਾਰਮਿਕ ਸਥਾਨਾਂ ਦੀ ਪੜਚੋਲ ਕਰਨ ਲਈ ਇੱਕ ਕਮੇਟੀ ਬਣਾਈ ਗਈ ਸੀ ਜਿਸ ਦੀ ਸਿਫਾਰਸ ’ਤੇ 2001 ਵਿਚ ਸਿੱਕਿਮ ਸਰਕਾਰ ਨੇ 100 ਸਾਲ ਪੁਰਾਣੇ ਧਾਰਮਿਕ ਸਥਾਨਾਂ ਦੀ ਇੱਕ ਸੂਚੀ ਜਾਰੀ ਕੀਤੀ ਸੀ। ਜੋਕਿ ਕੇਂਦਰ ਸਰਕਾਰ ਵੱਲੋਂ 1991 ’ਚ ਪੂਜਾ ਦੇ ਸਥਾਨਾਂ ਦੇ ਬਾਰੇ ਕੱਢੇ ਗਏ ਨੋਟੀਫੀਕੇਸ਼ਨ ਦੀ ਲੀਕ ’ਤੇ ਸੀ ਜਿਸ ਵਿਚ ਪਵਿੱਤਰ ਝੀਲਾਂ ਦੀ ਸੂਚੀ ’ਚ 9ਵੇਂ ਨੰਬਰ ’ਤੇ ਗੁਰੂ ਡਾਂਗਮਾਰ ਝੀਲ ਨੂੰ 100 ਸਾਲ ਤੋਂ ਵੱਧ ਪੁਰਾਣੇ ਧਾਰਮਿਕ ਸਥਾਨਾਂ ਦੀ ਸੂਚੀ ’ਚ ਦਿਖਾਇਆ ਗਿਆ ਸੀ।
ਜੀ. ਕੇ. ਨੇ ਦੱਸਿਆ ਕਿ ਸਿੱਕਿਮ ਦੇ ਐਸ.ਡੀ.ਐਮ. ਵੱਲੋਂ ਗੁਰਦੁਆਰਾ ਸਾਹਿਬ ਦੇ ਸਮਾਨ ਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਗੁਰਦੁਆਰੇ ਦਾ ਕੋਈ ਸੰਬੰਧ ਨਾ ਹੋਣ ਦਾ ਦਾਅਵਾ ਕਰਦੇ ਹੋਏ ਬਾਹਰ ਭੇਜਿਆ ਗਿਆ ਹੈ। ਜੋ ਕਿ ਸਥਾਨਕ ਲੋਕਾਂ ਦੀ ਭਾਵਨਾਵਾਂ ਅਤੇ ਸਿੱਕਿਮ ਸਰਕਾਰ ਦੇ ਆਪਣੇ ਨੋਟੀਫੀਕੇਸ਼ਨ ਨੂੰ ਮੁਢੋ ਰੱਦ ਕਰਨ ਦੇ ਬਰਾਬਰ ਹੈ। ਇਸ ਸੰਬੰਧੀ ਉੱਤਰ-ਪੂਰਬੀ ਸੂਬਿਆਂ ਦੇ ਮਾਮਲਿਆਂ ਦੇ ਮੰਤਰੀ ਡਾ। ਜਿਤੇਂਦਰ ਸਿੰਘ ਨਾਲ ਕੱਲ ਮੁਲਾਕਾਤ ਕਰਨ ਦੀ ਜਾਣਕਾਰੀ ਦਿੰਦੇ ਹੋਏ ਜੀ।ਕੇ। ਨੇ ਗੁਰਦੁਆਰਾ ਸਾਹਿਬ ਦੀ ਹੋਂਦ ਨੂੰ ਬਚਾਉਣ ਲਈ ਤਿੱਬਤੀ ਧਰਮ ਗੁਰੂ ਦਲਾਈ ਲਾਮਾ ਨਾਲ ਮਿਲਣ ਦਾ ਵੀ ਇਸ਼ਾਰਾ ਕੀਤਾ।
ਜੀ. ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਇਸ ਮਸਲੇ ’ਤੇ ਹਰ ਪ੍ਰਕਾਰ ਦਾ ਸਹਿਯੋਗ ਸਿੱਕਿਮ ਸਰਕਾਰ ਨੂੰ ਦੇਣ ਲਈ ਤਿਆਰ ਹੈ। ਕਿਉਂਕਿ ਗੁਰਦੁਆਰਾ ਸਾਹਿਬ ਅਤੇ ਮੋਨੇਸਟੀ ਇੱਕੋ ਥਾਂ ’ਤੇ ਪਿੱਛਲੇ ਲੰਬੇ ਸਮੇਂ ਤੋਂ ਚਲ ਰਹੇ ਸਨ ਅਤੇ ਇਸ ਸਥਾਨ ’ਤੇ ਗੁਰੂ ਕੇ ਵਜੀਰ ਆਦਿਕ ਨਾ ਹੋਣ ਦੀ ਵੀ ਜਾਣਕਾਰੀ ਸਾਡੇ ਕੋਲ ਪੁੱਜੀ ਹੈ। ਲੋੜ ਪੈਣ ’ਤੇ ਦਿੱਲੀ ਕਮੇਟੀ ਗ੍ਰੰਥੀ ਸਾਹਿਬਾਨ ਭੇਜਣ ਨੂੰ ਵੀ ਤਿਆਰ ਹੈ। ਜੀ. ਕੇ. ਨੇ ਕੁਝ ਪੁਸਤਕਾਂ ਦੇ ਹਵਾਲੇ ਨਾਲ ਉਕਤ ਸਥਾਨ ’ਤੇ ਗੁਰੂ ਨਾਨਕ ਸਾਹਿਬ ਦੇ ਚਰਣ ਪਾਉਣ ਦਾ ਦਾਅਵਾ ਕੀਤਾ। ਜਿਸ ਵਿਚ ਪ੍ਰਮੁੱਖ ਹਨ: ਗਿਆਨੀ ਗਿਆਨ ਸਿੰਘ ਦੀ ਤਵਾਰੀਖ ਗੁਰੂ ਖਾਲਸਾ ਅਤੇ ਸੁਰਿੰਦਰ ਸਿੰਘ ਕੋਹਲੀ ਦੀ ਟਰੈਵਲਜ਼ ਆੱਫ ਗੁਰੂ ਨਾਨਕ।
ਜੀ. ਕੇ. ਨੇ ਸਿੱਕਿਮ ਦੇ ਕਈ ਬੋਧੀ ਸਥਾਨਾਂ ’ਤੇ ਗੁਰੂ ਨਾਨਕ ਸਾਹਿਬ ਦੀ ਪੂਜਾ ਹੋਣ ਦਾ ਦਾਅਵਾ ਕਰਦੇ ਹੋਏ ਚੁੰਗਥਾਨ ਵਿੱਖੇ 1970 ਵਿੱਚ ਨੌਕਰੀ ਕਰਦੇ ਰਹੇ ਫੌਜੀ ਅਧਿਕਾਰੀ ਡਾ। ਦਲਵਿੰਦਰ ਸਿੰਘ ਗਰੇਵਾਲ ਵੱਲੋਂ ਕੀਤੇ ਗਏ ਖੁਲਾਸਿਆਂ ਦਾ ਵੀ ਜਿਕਰ ਕੀਤਾ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਕੁਲਮੋਹਨ ਸਿੰਘ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਵਿਕਰਮ ਸਿੰਘ, ਨਿਸ਼ਾਨ ਸਿੰਘ ਮਾਨ ਅਤੇ ਬੁਲਾਰਾ ਪਰਮਿੰਦਰ ਪਾਲ ਸਿੰਘ ਮੌਜੂਦ ਸਨ।