ਨਵੀਂ ਦਿੱਲੀ : ਵਿਸ਼ਵ ਕੱਪ ਮਹਿਲਾ ਕ੍ਰਿਕੇਟ 2017 ਦੇ ਸੈਮੀਫਾਈਨਲ ਦੌਰਾਨ 171 ਦੌੜਾਂ ਦੀ ਇਤਿਹਾਸਿਕ ਪਾਰੀ ਖੇਡਣ ਵਾਲੀ ਹਰਮਨਪ੍ਰੀਤ ਕੌਰ ਦਾ ਅੱਜ ਸਨਮਾਨ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹਰਮਨਪ੍ਰੀਤ ਨੂੰ ਸ਼ਾਲ, 1 ਲੱਖ ਰੁਪਏ ਦਾ ਚੈਕ, ਨਾਨਕਸ਼ਾਹੀ ਸਿੱਕੇ ਦਾ ਸੈਟ ਅਤੇ ਧਾਰਮਿਕ ਪੁਸਤਕਾਂ ਦੇ ਕੇ ਦੇਸ਼ ਅਤੇ ਕੌਮ ਦਾ ਨਾਂ ਰੌਸ਼ਨ ਕਰਨ ਲਈ ਧੰਨਵਾਦ ਕੀਤਾ।
ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਨ ਉਪਰੰਤ ਹਰਮਨਪ੍ਰੀਤ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਵੀ ਟੇਕਿਆ। ਜਿਥੇ ਹੈਡ ਗ੍ਰੰਥੀ ਸਾਹਿਬਾਨ ਵੱਲੋਂ ਹਰਮਨਪ੍ਰੀਤ ਨੂੰ ਗੁਰੂ ਦਰਬਾਰ ਵੱਲੋਂ ਫੁੱਲਾਂ ਦੇ ਸਿਹਰੇ ਦੀ ਬਖ਼ਸ਼ਿਸ ਕੀਤੀ ਗਈ। ਜੀ।ਕੇ। ਨੇ ਹਰਮਨਪ੍ਰੀਤ ਨੂੰ ਅਰਜੁਨ ਅਵਾਰਡ ਮਿਲਣ ’ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਹਰਮਨਪ੍ਰੀਤ ਨੇ ਦੁਨੀਆਂ ਦੇ ਅੰਦਰ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਪੰਜਾਬ ਦੇ ਮੋਗਾ ਸ਼ਹਿਰ ਤੋਂ ਸ਼ੁਰੂ ਹੋਇਆ ਸਫ਼ਰ ਅੱਜ ਕਿਸੇ ਪਛਾਣ ਦਾ ਮੋਹਤਾਜ਼ ਨਹੀਂ ਹੈ। ਹਾਲਾਂਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਨੂੰ ਕ੍ਰਿਕੇਟ ’ਚ ਘੱਟ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ।
ਜੀ.ਕੇ. ਨੇ ਹਰਮਨਪ੍ਰੀਤ ਵੱਲੋਂ ਜਰਸੀ ਦਾ ਨੰਬਰ 84 ਚੁਣਨ ਨੂੰ ਇਨਸਾਫ਼ ਪਸੰਦ ਲੋਕਾਂ ਵੱਲੋਂ ਆਪਣਾ ਦਰਦ 1984 ਸਿੱਖ ਕਤਲੇਆਮ ਲਈ ਦਿਖਾਉਣ ਵੱਜੋਂ ਪਰਿਭਾਸ਼ਿਤ ਕੀਤਾ। ਜੀ.ਕੇ. ਨੇ ਕਿਹਾ ਕਿ ਹਰਮਨਪ੍ਰੀਤ ਨੇ ਜਿਥੇ ਆਪਣੇ ਖੇਡ ਰਾਹੀਂ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ ਉਥੇ ਨਾਲ ਹੀ ਸਿੱਖ ਕਤਲੇਆਮ ਪ੍ਰਤੀ ਆਪਣੇ ਦਰਦ ਅਤੇ ਸੰਵੇਦਨਾ ਨੂੰ ਜ਼ਰਸੀ ਨੰਬਰ ਰਾਹੀਂ ਪੇਸ਼ ਕਰਕੇ ਹਿੰਦੁਸਤਾਨ ਦੇ ਸਿਸਟਮ ਨੂੰ ਸ਼ੀਸ਼ਾ ਵਿਖਾਇਆ ਹੈ। ਜੀ।ਕੇ। ਨੇ ਕਿਹਾ ਕਿ ਬੇਸ਼ੱਕ ਹਰਮਨਪ੍ਰੀਤ ਦਾ ਜਨਮ 1984 ਤੋਂ ਬਾਅਦ ਦਾ ਹੈ ਪਰ ਫਿਰ ਵੀ ਕੌਮੀ ਦਰਦ ਦਾ ਪ੍ਰਗਟਾਵਾਂ ਕੌਮ ਲਈ ਅਹਿਮੀਅਤ ਰਖਦਾ ਹੈ।
ਸਿਰਸਾ ਨੇ ਹਰਮਨਪ੍ਰੀਤ ਦੇ ਅੰਮ੍ਰਿਤਧਾਰੀ ਪਰਿਵਾਰ ਵਿਖੇ ਜਨਮ ਲੈਣ ਦਾ ਹਵਾਲਾ ਦਿੰਦੇ ਹੋਏ ਸਮਾਜ ਦੀ ਪਰੰਪਰਾਵਾਂ ਦੇ ਨਾਲ ਹੀ ਹਰਮਨਪ੍ਰੀਤ ਵੱਲੋਂ ਖੇਡ ਵਿਚ ਕਾਇਮ ਕੀਤੀ ਗਈ ਸਰਦਾਰੀ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖ ਇਸਤਰੀਆਂ ਨੂੰ ਦਿੱਤੇ ਗਏ ਬਰਾਬਰੀ ਦੇ ਦਰਜੇ ਨਾਲ ਜੋੜਿਆ। ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਆਪਣੀ ਬੇਟੀ ਨੂੰ ਸਨਮਾਨਿਤ ਕਰਨ ’ਤੇ ਮਾਣ ਮਹਿਸੂਸ ਕਰ ਰਹੀ ਹੈ ਅਤੇ ਇਹ ਸਨਮਾਨ ਕੰਨਿਆਂ ਭਰੂਣ ਹੱਤਿਆ ਦੇ ਖਿਲਾਫ਼ ਬੇਟੀਆਂ ਨੂੰ ਤਾਕਤ ਪ੍ਰਦਾਨ ਕਰਨ ’ਚ ਕਾਮਯਾਬ ਹੋਵੇਗਾ।
ਹਰਮਨਪ੍ਰੀਤ ਨੇ ਦਿੱਲੀ ਕਮੇਟੀ ਵੱਲੋਂ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਚੁੱਕੇ ਗਏ ਕਦਮਾਂ ਦਾ ਧੰਨਵਾਦ ਕਰਦੇ ਹੋਏ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਹਰਮਨਪ੍ਰੀਤ ਨੇ ਦੱਸਿਆ ਕਿ ਖੇਡ ਦੌਰਾਨ ਭਾਰੀ ਦਬਾਵ ਦੇ ਬਾਵਜੂਦ ਖੇਡ ਦੇ ਹਰ ਲੰਮਹੇ ’ਚ ਉਹ ਅਨੰਦ ਮਹਿਸੂਸ ਕਰਦੀ ਹੈ। ਆਪਣੀ ਕਾਮਯਾਬੀ ਪਿੱਛੇ ਹਰਮਨਪ੍ਰੀਤ ਨੇ ਕੋਚ ਦੀ ਸਲਾਹ, ਆਪਣੀ ਮਿਹਨਤ, ਫਿਟਨੇਸ ਤੇ ਅਭਿਯਾਸ ਨੂੰ ਬਰਕਰਾਰ ਰੱਖਣ ਦੇ ਨਾਲ ਹੀ ਪਰਿਵਾਰ ਤੋਂ ਦੂਰ ਰਹਿਣ ਨੂੰ ਮੁਖ ਕਾਰਨਾਂ ਵੱਜੋਂ ਗਿਣਾਇਆ। ਜਰਸੀ ਨੰਬਰ 84 ਬਾਰੇ ਗੱਲ ਕਰਦੇ ਹੋਏ ਹਰਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੇ 84 ਬਾਰੇ ਬਹੁਤ ਸੁਣਿਆ ਸੀ ਤੇ ਜਦੋਂ ਉਨ੍ਹਾਂ ਨੂੰ ਆਪਣੀ ਜ਼ਰਸੀ ਨੰਬਰ ਚੁਣਨ ਦਾ ਮੋਕਾ ਮਿਲਿਆ ਤਾਂ ਮੈਂ ਤੁਰੰਤ ਇਸ ਨੂੰ ਚੁਣ ਲਿਆ।
ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਹਰਮਨਪ੍ਰੀਤ ਵੱਲੋਂ 1984 ਦੇ ਇਨਸਾਫ਼ ਮੁਹਿੰਮ ’ਚ ਆਪਣੀ ਜ਼ਰਸੀ ਰਾਹੀਂ ਚੁੱਪਚਾਪ ਹਿੱਸਾ ਪਾਉਣ ’ਤੇ ਧੰਨਵਾਦ ਕਰਦੇ ਹੋਏ ਹਰਮਨਪ੍ਰੀਤ ਵੱਲ ਸਿੱਖ ਜਥੇਬੰਦੀਆਂ ਵੱਲੋਂ ਬੜੀਆਂ ਹੀ ਉਮੀਦਾਂ ਦੇ ਨਾਲ ਤੱਕਣ ਦਾ ਵੀ ਇਸ਼ਾਰਾ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਵੱਡੀ ਗਿਣਤੀ ਵਿੱਚ ਮੌਜੂਦ ਸਨ।