ਫ਼ਤਹਿਗੜ੍ਹ ਸਾਹਿਬ – “ਕਸ਼ਮੀਰ ਅਤੇ ਨਾਗਾਲੈਡ ਵਿਚ ਜੋ ਫ਼ੌਜ ਅਤੇ ਅਰਧ ਸੈਨਿਕ ਬਲਾਂ ਦੀ ਦੁਰਵਰਤੋਂ ਕਰਕੇ ਕਸ਼ਮੀਰੀਆਂ ਤੇ ਨਾਗਿਆਂ ਤੋਂ ਜ਼ਬਰੀ ਜਿੰਦਗੀ ਜਿਊਣ ਦਾ ਹੱਕ ਖੋਹਿਆ ਜਾ ਰਿਹਾ ਹੈ ਅਤੇ ਵੱਡੇ ਪੱਧਰ ਤੇ ਕਸ਼ਮੀਰੀਆਂ ਤੇ ਨਾਗਿਆਂ ਨਾਲ ਦੁਸ਼ਮਣਾਂ ਦੀ ਤਰ੍ਹਾਂ ਵਿਵਹਾਰ ਕਰਕੇ ਮੌਤ ਦੇ ਮੂੰਹ ਵਿਚ ਧਕੇਲਣ ਦੇ ਅਣਮਨੁੱਖੀ ਦੁੱਖਦਾਇਕ ਅਮਲ ਹੋ ਰਹੇ ਹਨ, ਇਹ ਕਾਰਵਾਈ ਵਿਧਾਨ ਦੀ ਧਾਰਾ 21 ਜੋ ਉਥੋ ਦੇ ਹਰ ਨਾਗਰਿਕ ਨੂੰ ਆਪਣੀ ਪੂਰਨ ਆਜ਼ਾਦੀ ਅਤੇ ਡਰ-ਭੈ ਤੋਂ ਰਹਿਤ ਜਿੰਦਗੀ ਜਿਊਣ ਅਤੇ ਵਿਚਰਣ ਦੇ ਹੱਕ ਪ੍ਰਦਾਨ ਕਰਦੀ ਹੈ, ਉਸਦੀ ਘੋਰ ਉਲੰਘਣਾ ਕਰਨ ਵਾਲੇ ਗੈਰ-ਇਨਸਾਨੀਅਤ ਅਮਲ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਹੁਕਮਰਾਨਾਂ ਵੱਲੋਂ ਕਸ਼ਮੀਰੀਆਂ ਤੇ ਨਾਗਿਆਂ ਉਤੇ ਹੋ ਰਹੇ ਜ਼ਬਰ-ਜੁਲਮ ਨੂੰ ਤੁਰੰਤ ਬੰਦ ਕਰਨ ਦੀ ਮੰਗ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਸ਼ਮੀਰ ਵਿਚ ਅਤੇ ਨਾਗਾਲੈਡ ਵਿਚ ਫ਼ੌਜ ਅਤੇ ਅਰਧ ਸੈਨਿਕ ਬਲਾਂ ਵੱਲੋਂ ਆਪਣੇ ਹੀ ਮੁਲਕ ਦੇ ਨਾਗਰਿਕਾਂ ਨੂੰ ਗੋਲੀਆਂ, ਬੰਦੂਕਾਂ ਨਾਲ ਅਣਮਨੁੱਖੀ ਢੰਗਾਂ ਰਾਹੀ ਮਾਰ-ਮੁਕਾਉਣ ਅਤੇ ਨਿੱਤ ਦਿਹਾੜੇ ਅਜਿਹੇ ਹੋਣ ਵਾਲੇ ਦੁੱਖਦਾਇਕ ਅਮਲਾਂ ਨੂੰ ਵਿਧਾਨ ਦੀ ਧਾਰਾ 21 ਨੂੰ ਕੁੱਚਲਣ ਵਾਲੇ ਅਤੇ ਗੈਰ-ਇਨਸਾਨੀਅਤ ਕਾਰਵਾਈ ਕਰਾਰ ਦਿੰਦੇ ਹੋਏ ਹਿੰਦੂ ਹੁਕਮਰਾਨਾਂ ਦੇ ਅਣਮਨੁੱਖੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬੀਜੇਪੀ-ਆਰ.ਐਸ.ਐਸ ਅਤੇ ਹੋਰ ਮੁਤੱਸਵੀ ਹਿੰਦੂ ਸੰਗਠਨਾਂ ਦੇ ਆਗੂ ਕਦੀ ਚੀਨ ਨਾਲ, ਕਦੀ ਪਾਕਿਸਤਾਨ ਨਾਲ ਜੰਗ-ਯੁੱਧਾ ਦੀਆਂ ਗੱਲਾਂ ਕਰਦੇ ਹਨ, ਉਹ ਕਦੀ ਵੀ ਸਰਹੱਦਾਂ ਉਤੇ ਜਾ ਕੇ ਨਾ ਤਾਂ ਦੁਸ਼ਮਣਾਂ ਨਾਲ ਲੜੇ ਹਨ ਅਤੇ ਨਾ ਹੀ ਇਨ੍ਹਾਂ ਤੇ ਇਨ੍ਹਾਂ ਦੇ ਪਰਿਵਾਰਾਂ ਦਾ ਕਦੀ ਕੋਈ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ । ਉਨ੍ਹਾਂ ਕਿਹਾ ਕਿ ਸ੍ਰੀ ਜੇਟਲੀ ਜਿਨ੍ਹਾਂ ਦੀ ਜਿੰਮੇਵਾਰੀ ਸਰਹੱਦ ਤੇ ਜਾਣ ਦੀ ਬਣਦੀ ਸੀ, ਉਹ ਕਦੀ ਵੀ ਸਰਹੱਦ ਤੇ ਨਹੀਂ ਗਏ ਅਤੇ ਨਾ ਹੀ ਆਰ.ਐਸ.ਐਸ. ਦੇ ਮੁੱਖੀ ਮੋਹਨ ਭਗਵਤ ਆਪਣੀ ਦੇਸ਼ਭਗਤੀ ਦੀ ਸੋਚ ਨੂੰ ਅਮਲੀ ਰੂਪ ਦੇਣ ਲਈ ਸਰਹੱਦਾਂ ਤੇ ਗਏ ਹਨ । ਬੇਸ਼ੱਕ ਇਹ ਅੱਜ ਤੱਕ ਟਾਹਰਾ ਤਾਂ ਦੁਸ਼ਮਣਾਂ ਨਾਲ ਸਿੱਝਣ ਦੀਆਂ ਮਾਰਦੇ ਹਨ । ਇਨ੍ਹਾਂ ਨੂੰ ਜੰਗਾਂ-ਯੁੱਧਾਂ ਦੇ ਹੋਣ ਵਾਲੇ ਵੱਡੇ ਮਨੁੱਖੀ, ਮਾਲੀ ਅਤੇ ਮਾਨਸਿਕ ਨੁਕਸਾਨ ਦਾ ਬਿਲਕੁਲ ਅਹਿਸਾਸਤਾ ਨਹੀਂ ਹੈ ।