ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ ‘ਉਤਸ਼ਾਹ’ ਅਧੀਨ ਅੱਜ ਇਥੇ ਖੁਦਕੁਸ਼ੀਆਂ ਰੋਕਣ ਸੰਬੰਧੀ ਵਿਸ਼ਵ ਦਿਵਸ ਮਨਾਇਆ ਗਿਆ। ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਹੋਰ ਅਦਾਰਿਆਂ ਤੋਂ ਆਏ ਵਿਦਿਆਰਥੀ, ਮਾਪਿਆਂ, ਅਧਿਆਪਕਾਂ, ਪ੍ਰਿੰਸੀਪਲਾਂ ਦੀ ਵੱਡੀ ਹਾਜ਼ਰੀ ਨਾਲ ਖਚਾਖਚ ਭਰੇ ਪਾਲ ਆਡੀਟੋਰੀਅਮ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।
ਇਸ ਸਮਾਗਮ ਦੇ ਮੁੱਖ ਮਹਿਮਾਨ ਸ਼ਿਰੋਮਣੀ ਪੰਜਾਬੀ ਕਵੀ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਜਿਥੇ ਹੁਣ ਤੱਕ ਕਿਸਾਨਾਂ ਦੀਆਂ ਖੇਤੀ ਸਮੱਸਿਆਵਾਂ ਨੂੰ ਨਜਿੱਠਦਿਆਂ ਉਹਨਾਂ ਦੀ ਆਰਥਿਕ ਖੁਸ਼ਹਾਲੀ ਦਾ ਰਾਹ ਖੋਲਿਆ ਹੈ ਉਥੇ ਹੁਣ ਇਹ ਯੂਨੀਵਰਸਿਟੀ ਨਵੇਂ ਬੀਜਾਂ ਦੇ ਨਾਲ-ਨਾਲ ਕਿਸਾਨਾਂ ਦੀ ਮਾਨਸਿਕ ਸਿਹਤ ਸੰਭਾਲ ਸੰਬੰਧੀ ਨਵੇਂ ਸ਼ਬਦਾਂ ਦੀ ਵੀ ਖੋਜ ਵਿੱਚ ਜੁਟ ਗਈ ਹੈ। ਡਾ. ਪਾਤਰ ਨੇ ਕਿਹਾ ਕਿ ਅਸਲ ਵਿੱਚ ਅਸੀਂ ਸ਼ਬਦਾਂ ਦੇ ਹੀ ਸਿਰਜੇ ਹੋਏ ਹਾਂ। ਸਾਡੇ ਸ਼ਬਦਾਂ ਦੀ ਚੋਣ ਲਾਜ਼ਮੀ ਤੌਰ ਤੇ ਸਾਡੇ ਜੀਵਨ-ਜਾਚ ਨੂੰ ਪ੍ਰਭਾਵਿਤ ਕਰਦੀ ਹੈ। ਉਹਨਾਂ ਕਿਹਾ ਕਿ ਇਸ ਵਿੱਚ ਲੇਖਕਾਂ ਨੂੰ ਵੀ ਭਰਪੂਰ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਜਿਸ ਧੁਰੇ ਤੇ ਅਸੀਂ ਖੜੇ ਹਾਂ ਉਸ ਵਰਗ ਦੀਆਂ ਮੁਸ਼ਕਿਲਾਂ ਤੋਂ ਸਾਨੂੰ ਜ਼ਰੂਰ ਜਾਣੂੰ ਹੋਣਾ ਚਾਹੀਦਾ ਹੈ ਤਾਂ ਕਿ ਇਸ ਮਾੜੇ ਰੁਝਾਨ ਨੂੰ ਠੱਲ ਪਾਈ ਜਾ ਸਕੇ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਵਿੱਚ ਖੁਦਕੁਸ਼ੀਆਂ ਕਰਨ ਦੇ ਰੁਝਾਨ ਨੂੰ ਰੋਕਣ ਲਈ ਸਾਰੇ ਪੰਜਾਬ ਵਿੱਚ ‘ਉਤਸ਼ਾਹ’ ਦੀ ਲਹਿਰ ਚਲਾਉਣ ਦਾ ਸੱਦਾ ਦਿੱਤਾ। ਪੰਜਾਬ ਭਰ ਤੋਂ ਪੁੱਜੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਢਿੱਲੋਂ ਨੇ ਅਪੀਲ ਕੀਤੀ ਕਿ ਹਰ ਪਿੰਡ ਦੇ ਸੂਝਵਾਨ ਨੌਜਵਾਨਾਂ ਨੂੰ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਅਤੇ ਚੜ੍ਹਦੀ ਕਲਾ ਦਾ ਮਾਹੌਲ ਸਿਰਜਣ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੀਵਨ ਹੈ ਹੀ ਸੁੱਖਾਂ ਅਤੇ ਦੁੱਖਾਂ ਦਾ ਸੁਮੇਲ। ਕਿਰਤ ਕਰਨ, ਸਾਂਝੀਵਾਲਤਾ ਅਤੇ ਇਕ ਦੂਜੇ ਦੇ ਦੁੱਖ ਸੁੱਖ ਵਿੱਚ ਖੜਨ ਨਾਲ ਹੀ ਸਮਾਜ ਵਿੱਚ ਅਜਿਹੀਆਂ ਅਣਹੋਣੀਆਂ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ। ਡਾ: ਢਿੱਲੋਂ ਨੇ ਅਪੀਲ ਕੀਤੀ ਕਿ ਬੇਲੋੜੇ ਖਰਚਿਆਂ ਨੂੰ ਘਟਾ ਕੇ ਸਾਦਗੀ ਭਰਿਆ ਜੀਵਨ ਜਿਊਣ ਵਿੱਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਡਾ. ਢਿੱਲੋਂ ਨੇ ਸਬਰ, ਸੰਤੋਖ, ਅਨੁਸ਼ਾਸਨ, ਸਖਤ ਮਿਹਨਤ ਪਰਿਵਾਰਕ ਭਾਈਚਾਰੇ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਨੂੰ ਪਰਿਵਾਰ ਵਿੱਚ ਅਤੇ ਆਲੇ ਦੁਆਲੇ ਦੇ ਮਨੁੱਖਾਂ ਬਾਰੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਰਾਜ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਉੱਪਰ ਮਾਨਸਿਕ ਸਿਹਤ ਇਸ ਕੋਸ਼ਿਸ਼ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਇਹ ‘ਉਤਸ਼ਾਹ’ ਦੀ ਲਹਿਰ ਅਧੀਨ ਉਹਨਾਂ ਲੋਕਾਂ ਨੂੰ ਮੁੱਢਲੀ ਮਾਨਸਿਕ ਸਿਹਤ ਸੇਵਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੋ ਮਾਨਸਿਕ ਸੰਕਟਾਂ ਵਿੱਚ ਘਿਰੇ ਹੋਏ ਹਨ।
ਬੇਸਿਕ ਸਾਇੰਸਜ ਕਾਲਜ ਦੇ ਡੀਨ ਡਾ: ਗੁਰਿੰਦਰ ਕੌਰ ਸਾਂਘਾ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਦੱਸਿਆ ਕਿ ਅੱਜ ਦੇ ਇਸ ਦਿਵਸ ਲਈ ਸਾਡੇ ਕੋਲ 800 ਤੋਂ ਵੱਧ ਬੱਚਿਆਂ ਅਤੇ ਨੌਜਵਾਨਾਂ ਨੇ ਵੱਖ-ਵੱਖ ਸਾਹਿਤਕ ਮੁਕਾਬਲਿਆਂ ਵਿੱਚ ਭਾਗ ਲਿਆ। ਪੰਜਾਬ ਭਰ ਦੇ 19 ਜ਼ਿਲ੍ਹਿਆਂ ਦੇ 69 ਸਕੂਲਾਂ, ਕਾਲਜਾਂ ਵੱਲੋਂ ਐਂਟਰੀਆਂ ਰਾਹੀਂ ਲੇਖ, ਕਵਿਤਾਵਾਂ ਆਦਿ ਪ੍ਰਾਪਤ ਕੀਤੇ ਗਏ।
ਇਸ ਮੌਕੇ ਪੰਜਾਬ ਪੁਲਿਸ ਅਕੈਡਮੀ ਦੇ ਸਾਬਕਾ ਡੀਨ ਡਾ: ਦਵਿੰਦਰਜੀਤ ਸਿੰਘ ਨੇ ਖੁਦਕੁਸ਼ੀਆਂ ਦੇ ਮਨੋਵਿਗਿਆਨ ਪੱਖਾਂ ਤੇ ਚਾਨਣਾ ਪਾਇਆ। ਪੱਤਰਕਰੀ ਦੇ ਪ੍ਰੋਫੈਸਰ ਡਾ: ਸਰਬਜੀਤ ਸਿੰਘ ਨੇ ਖੁਦਕੁਸ਼ੀਆਂ ਰੋਕਣ ਵਿੱਚ ਸਮਾਜ ਦੀ ਭੂਮਿਕਾ ਤੇ ਗੱਲ ਕੀਤੀ। ਉਹਨਾਂ ਕਿਹਾ ਕਿ ਸਾਨੂੰ ਮੁਸ਼ਕਿਲਾਂ ਨਾਲ ਜੂਝਣਾ ਸਿੱਖਣਾ ਅਤੇ ਸਿਖਾਉਣਾ ਚਾਹੀਦਾ ਹੈ। ਮੁਸ਼ਕਿਲਾਂ ਅਸਲ ਵਿੱਚ ਸਾਨੂੰ ਮਜ਼ਬੂਤ ਬਣਾਉਂਦੀਆਂ ਹਨ। ਡਾ: ਜਤਿੰਦਰ ਕੌਰ ਗੁਲਾਟੀ, ਡੀਨ, ਕਾਲਜ ਆਫ ਹੋਮ ਸਾਇੰਸ ਨੇ ਤਣਾਅ ਤੋਂ ਮੁਕਤੀ ਪਾਉਣ ਦੇ ਤਰੀਕ ਸਾਂਝੇ ਕੀਤੇ ਗਏ। ਅਰਥ ਸ਼ਾਸਤਰ ਵਿਭਾਗ ਦੇ ਡਾ: ਸੁਖਪਾਲ ਸਿੰਘ ਨੇ ਖੁਦਕੁਸ਼ੀਆਂ ਦੇ ਪ੍ਰਕੋਪ ਅਤੇ ਕਾਰਨਾਂ ਸੰਬੰਧੀ ਵੇਰਵੇ ਸਹਿਤ ਅੰਕੜੇ ਸਾਂਝੇ ਕੀਤੇ।
ਇਸ ਮੌਕੇ ਸਾਰੇ ਹਾਜ਼ਰ ਪਤਵੰਤਿਆਂ ਵੱਲੋਂ ਸਾਦਗੀ ਭਰੇ, ਨਸ਼ਾ ਰਹਿਤ ਜੀਵਨ ਅਤੇ ਭਾਈਚਾਰਕ ਸਾਂਝ ਵਧਾਉਣ ਦਾ ਪ੍ਰਣ ਵੀ ਲਿਆ ਗਿਆ। ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇੱਕ ਨੁੱਕੜ ਨਾਟਕ ਪੇਸ਼ ਕੀਤਾ ਗਿਆ ਜਿਸ ਦੀ ਬਹੁਤ ਸ਼ਲਾਘਾ ਹੋਈ। ਦੋ ਛੋਟੀਆਂ ਫਿਲਮਾਂ ‘ਚੱਪਲ’ ਅਤੇ ‘ਪੰਡ’ ਦੇ ਅੰਸ਼ ਵੀ ਦਿਖਾਏ ਗਏ। ਇਸ ਮੌਕੇ ਸ਼੍ਰੀਮਤੀ ਪਰਮਜੀਤ ਕੌਰ ਢਿੱਲੋਂ, ਸ਼੍ਰੀਮਤੀ ਭੁਪਿੰਦਰ ਪਾਤਰ, ਡਾ: ਅਮਰਜੀਤ ਸਿੰਘ ਅਤੇ ਡਾ: ਐਮ ਐਸ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ।
ਡਾ: ਜਗਦੀਸ਼ ਕੌਰ, ਅਪਰ ਨਿਰਦੇਸ਼ਕ ਸੰਚਾਰ ਨੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਖੁਦਕੁਸ਼ੀਆਂ ਰੋਕਣ ਸੰਬੰਧੀ ਪੋਸਟਰਾਂ ਦੀ ਨੁਮਾਇਸ਼ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ।