ਕੀ ਲੈਣਾ ਪੜ੍ਹਾਈਆਂ ਤੋਂ, ਕੋਈ ਸਾਧ ਸੰਤ ਹੀ ਹੋ ਜਾਂ।
ਕੀ ਲੈਣਾ ਪੜ੍ਹਾਈਆਂ ਤੋਂ, ਬਣ ਕੇ ਸਾਧ ਉਡਾਈਏ ਮੌਜਾਂ..
ਇੱਕ ਚੋਲਾ ਸੁਆ ਲਈਏ, ਗਲ਼ ਮਾਲਾ ਪਾ ਲਈਏ।
ਭਗਵਾਂ, ਚਿੱਟਾ, ਨੀਲਾ, ਕੋਈ ਰੰਗ ਚੜ੍ਹਾ ਲਈਏ।
ਪਿੱਛੇ ਲੱਗ ਜਾਣਗੀਆਂ, ਆਪੇ ਸੰਗਤਾਂ ਦੀਆਂ ਫੌਜਾਂ
ਕੀ…….
ਡਿਗਰੀ ਦੀ ਲੋੜ ਨਹੀਂ, ਭਗਤਾਂ ਦੀ ਥੋੜ੍ਹ ਨਹੀਂ।
ਰੱਜ ਮੇਵੇ ਖਾਵਣ ਨੂੰ, ਕੋਈ ਕਰਨਾ ਓਹੜ ਨਹੀਂ।
ਕੋਈ ਪੁੱਛਦਾ ਨਹੀਂ ਏਥੇ, ਕਿ ਮੈਂ ਕਿਹੜੇ ਰੱਬ ਨੂੰ ਖੋਜਾਂ?
ਕੀ…..
ਜਦ ਚੇਲੇ ਆਵਣਗੇ, ਚਿਮਟੇ ਖੜਕਾਵਣਗੇ।
ਤੇ ਗਾ ਗਾ ਕੇ ਮਹਿਮਾ, ਸੰਗਤ ਭਰਮਾਵਣਗੇ।
ਮਾਇਆ ਨੂੰ ਛੋਹਾਂ ਨਾ, ਭਾਵੇਂ ਮਾਇਆਧਾਰੀ ਹੋ ਜਾਂ
ਕੀ…..
ਕਿਹੜੀ ਗੱਡੀ ਚਾਹੀਏ, ਕਿਸ ਮੁਲਕ ਫੇਰਾ ਪਾਈਏ।
ਸੰਗਤਾਂ ਦੀ ਸ਼ਰਧਾ ਹੈ ਜੀ, ਅਸੀਂ ਚਿੰਤਾ ਕਿਉਂ ਲਾਈਏ।
ਨਾ ਫਿਕਰ ਕਮਾਈਆਂ ਦਾ, ਰੱਖ ਕੇ ਬਾਂਹ ਸਰ੍ਹਾਣੇ ਸੌਂ ਜਾਂ
ਕੀ……
ਇਹ ਲੀਡਰ ਵੇਖਣਗੇ, ਝੁੱਕ ਮੱਥੇ ਟੇਕਣਗੇ।
ਨਾ ਹਿੰਮਤ ਕੁਸਕਣ ਦੀ, ਜਦ ਸੰਗਤਾਂ ਵੇਖਣਗੇ।
ਅਸਮਾਨੇ ਚੜ੍ਹ ਜਾਵਾਂ, ਜੇ ਮੈਂ ਬੀਬੀਆਂ ਦਾ ਹੀ ਹੋ ਜਾਂ
ਕੀ…….
ਇਹ ਰਾਜ ਹੈ ਵੋਟਾਂ ਦਾ, ਵੋਟਾਂ ਤੇ ਨੋਟਾਂ ਦਾ।
‘ਦੀਸ਼’ ਭੇਤ ਨਾ ਖੋਲ੍ਹ ਦੇਈਂ, ਦਿੱਲ ਵਾਲੀਆਂ ਖੋਟਾਂ ਦਾ।
ਜਨਤਾ ਅੱਗੇ ਪਿੱਛੇ, ਚਾਹੇ ਚੋਣਾਂ ਵਿੱਚ ਖਲੋ ਜਾਂ
ਕੀ…….