ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਵੱਲੋਂ ਦਿੱਲੀ ਕਮੇਟੀ ਵੱਲੋਂ ਖਰੀਦੇ ਗਏ ਦੇਸ਼ੀ ਘਿਉ ਨੂੰ ਘੋਟਾਲਾ ਦੱਸਣ ਬਾਰੇ ਕੀਤੇ ਗਏ ਦਾਅਵੇ ’ਤੇ ਕਮੇਟੀ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਦੇ ਦਾਅਵੇ ਨੂੰ ਝੂਠਾ ਕਰਾਰ ਦਿੰਦੇ ਹੋਏ ਦੇਸ਼ੀ ਘਿਉ ਖ਼ਰੀਦ ’ਚ ਕਮੇਟੀ ਵੱਲੋਂ ਪੂਰੀ ਪਾਰਦਰਸ਼ਿਤਾ ਵਰਤੇ ਜਾਣ ਦਾ ਖੁਲਾਸਾ ਕੀਤਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸਰਨਾ ਨੇ ਕਮੇਟੀ ਤੋਂ ਆਰ.ਟੀ.ਆਈ. ਦੇ ਤਹਿਤ ਪ੍ਰਾਪਤ ਕੀਤੇ ਗਏ ਜਵਾਬ ਦੀ ਆਪਣੀ ਸਿਆਸੀ ਮਨੋਰਥ ਤਹਿਤ ਗਲਤ ਵਿਆਖਿਆ ਕੀਤੀ ਹੈ। ਆਰ.ਟੀ.ਆਈ. ਤਹਿਤ ਦਿੱਤੇ ਗਏ ਜਵਾਬ ’ਚ ਕਮੇਟੀ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਸੀ ਕਿ ਕਮੇਟੀ ਦੀ ਮਾਸਿਕ ਖ਼ਪਤ 1400 ਟੀਨ ਦੀ ਹੈ। ਜਿਸਦੇ ਲਈ 15 ਕੰਪਨੀਆਂ ਪਾਸੋਂ ਜੂਨ 2017 ’ਚ ਰੇਟ ਦੀਆਂ ਕੁਟੇਸ਼ਨਾਂ ਮੰਗਵਾਈਆਂ ਗਈਆਂ ਸਨ।
ਉਨ੍ਹਾਂ ਦੱਸਿਆ ਕਿ ਆਰ.ਟੀ.ਆਈ. ਨਾਲ ਨੱਥੀ ਕੀਤੇ ਗਏ ਕਾਗਜ਼ਾਤ ’ਚ 15 ਕੰਪਨੀਆਂ ਨੂੰ ਕੁਟੇਸ਼ਨ ਵਾਸਤੇ ਭੇਜੇ ਗਏ ਪੱਤਰ ਨਾਲ ਨੱਥੀ ਸਨ। ਜਿਸ ’ਚ ਕੰਪਨੀਆਂ ਪਾਸੋਂ ਸ਼ੁੱਧ 15 ਕਿਲੋ ਘਿਉ ਦੀ ਗੁਰਦੁਆਰਾ ਸਾਹਿਬ ਦੇ ਸਟੋਰ ਤਕ ਪਹੁੰਚਾਉਣ ਵਾਸਤੇ ਰੇਟ ਬੰਦ ਲਿਫ਼ਾਫੇ ’ਚ ਮੰਗੇ ਗਏ ਸਨ। ਇਹ ਬੰਦ ਲਿਫ਼ਾਫੇ ਤਿੰਨ ਲੱਖ ਰੁਪਏ ਦੀ ਸੁਰੱਖਿਆ ਰਾਸ਼ੀ ਦੇ ਡਰਾਫਟ ਦੇ ਨਾਲ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਦਫ਼ਤਰ ’ਚ ਭੇਜਣ ਦੀ ਕੰਪਨੀਆਂ ਨੂੰ ਬੇਨਤੀ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਕਮੇਟੀ ਕੋਲ 10 ਕੰਪਨੀਆਂ ਨੇ ਇਸ ਸਬੰਧੀ ਆਪਣੇ ਰੇਟ ਭੇਜੇ ਸਨ। ਜਿਸ ’ਚ ਸਭ ਤੋਂ ਜਿਆਦਾ ਰੇਟ ਵੇਰਕਾ ਦਾ 6536/-ਰੁਪਏ ਪ੍ਰਤੀ ਟੀਨ ਅਤੇ ਸਿਮਰਤੀ ਪ੍ਰੋਡਕਟ ਦਾ 5400/-ਪ੍ਰਤੀ ਟੀਨ ਸੀ। ਜੂਨ ਤੋਂ ਨਵੰਬਰ ਤਕ ਕਮੇਟੀ ਕਲੈਂਡਰ ਅਨੁਸਾਰ 24 ਮੁੱਖ ਦਿਹਾੜੇ ਆਉਂਦੇ ਹਨ ਜਿਸ ਦੌਰਾਨ ਕਮੇਟੀ ਵੱਲੋਂ ਵੱਡੇ ਪੱਧਰ ’ਤੇ ਸਮਾਗਮ ਕਰਵਾਏ ਜਾਂਦੇ ਹਨ। ਸਮਾਗਮਾਂ ਦੌਰਾਨ ਕੜਾਹ ਪ੍ਰਸਾਦਿ ਅਤੇ ਲੰਗਰ ਆਦਿਕ ਲਈ ਘਿਉ ਦੀ ਖ਼ਪਤ ਨੂੰ ਪੂਰਾ ਕਰਨ ਵਾਸਤੇ ਕਮੇਟੀ ਵੱਲੋਂ ਸਭ ਤੋਂ ਘੱਟ ਰੇਟ ਵਾਲੀਆਂ 2 ਕੰਪਨੀਆਂ ਨੂੰ 4500 ਪ੍ਰਤੀ ਕੰਪਨੀ ਟੀਨ ਭੇਜਣ ਦਾ ਆਰਡਰ ਦਿੱਤਾ ਗਿਆ ਸੀ। ਤਾਂਕਿ ਲੋੜ ਦੀ ਪੂਰਤੀ ’ਚ ਕਿਸੇ ਪ੍ਰਕਾਰ ਦੀ ਰੁਕਾਵਟ ਨਾ ਆਵੇ।
ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਘਿਉ ਦੀ ਖ਼ਰੀਦ ਵੇਲੇ ਮਾਲ ਦੀ ਉਪਲਬਧਤਾ, ਘਿਉ ਦੀ ਸ਼ੁੱਧਤਾ ਅਤੇ ਟੀਨ ਦੇ ਪੂਰੇ ਮਾਪ ਨੂੰ ਧਿਆਨ ’ਚ ਰੱਖ ਕੇ ਮਾਲ ਖ਼ਰੀਦਣ ਦਾ ਫੈਸਲਾ ਲਿਆ ਜਾਂਦਾ ਹੈ। ਖਰੀਦੇ ਗਏ ਘਿਉ ਦੀ ਜਾਂਚ ਪ੍ਰਾਈਵੇਟ ਲੈਬ ਤੋਂ ਕਰਵਾਉਣ ਦੀ ਥਾਂ ਦਿੱਲੀ ਸਰਕਾਰ ਦੇ ਫੂਡ ਸਪਲਾਈ ਮਹਿਕਮੇ ਦੀ ਲੈਬ ਤੋਂ ਉੱਤਮ ਜਾਂਚ ਦਾ ਪ੍ਰਮਾਣ ਪੱਤਰ ਲੈਣ ਉਪਰੰਤ ਹੀ ਮਾਲ ਭੇਜਣ ਵਾਲੀ ਕੰਪਨੀ ਨੂੰ ਭੁਗਤਾਨ ਕੀਤਾ ਜਾਂਦਾ ਹੈ।
ਉਨ੍ਹਾਂ ਸਰਨਾ ਵੱਲੋਂ ਘਿਉ ਦਾ ਟੈਂਡਰ ਕਮੇਟੀ ਵੱਲੋਂ ਨਾ ਕੱਢੇ ਜਾਣ ਦੇ ਲਗਾਏ ਗਏ ਦੋਸ਼ ਦੇ ਜਵਾਬ ’ਚ ਸਰਨਾ ਕਾਰਜਕਾਲ ਦੌਰਾਨ ਹੋਈ ਘਿਉ ਦੀ ਖਰੀਦ ਦੇ ਕਾਗਜ਼ਾਤ ਵੀ ਜਨਤਕ ਕੀਤੇ। ਉਨ੍ਹਾਂ ਦੱਸਿਆ ਕਿ ਸਰਨਾ ਵੀ ਇਸੇ ਤਰੀਕੇ ਨਾਲ ਹੀ ਘਿਉ ਦੀ ਖਰੀਦ ਕਰਦੇ ਸਨ। ਉਨ੍ਹਾਂ ਸਰਨਾ ਨੂੰ ਆਪਣੇ ਸਮੇਂ ਦੌਰਾਨ ਘਿਉ ਖਰੀਦ ਦੇ ਕੱਢੇ ਗਏ ਟੈਂਡਰ ਨੂੰ ਸੰਗਤਾਂ ਦੇ ਸਾਹਮਣੇ ਰੱਖਣ ਦੀ ਵੀ ਚੁਨੌਤੀ ਦਿੱਤੀ। ਘਿਉ ਸਪਲਾਈ ਕਰਨ ਵਾਲੀ ਕੰਪਨੀ ਦੀ ਹੋਂਦ ’ਤੇ ਸਰਨਾ ਵੱਲੋਂ ਚੁੱਕੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਆਰ. ਟੀ.ਆਈ. ’ਚ ਕੰਪਨੀ ਦੇ ਲਿਖਤ ਪਤੇ ਉਪਰ ਕੰਪਨੀ ਦਾ ਜੀ. ਐਸ. ਟੀ. ਅਤੇ ਫੂਡ ਸੇਫਟੀ ਲਾਈਸੇਂਸ ਮੌਜੂਦ ਹੈ ਅਤੇ ਕੰਪਨੀ ਪ੍ਰਬੰਧਕ ਖੁਦ ਇਕ ਵਕੀਲ ਹੈ।
ਉਨ੍ਹਾਂ ਸਰਨਾ ਨੂੰ ਕਮੇਟੀ ਦੀ ਕਾਰਜਪ੍ਰਣਾਲੀ ਨੂੰ ਸਵਾਲਿਆ ਘੇਰੇ ’ਚ ਲਿਆਉਣ ਵਾਸਤੇ ਆਰ.ਟੀ.ਆਈ. ਦੀ ਗਲਤ ਵਿਆਖਿਆ ਨਾ ਕਰਨ ਦੀ ਵੀ ਨਸੀਹਤ ਦਿੱਤੀ। ਘਿਉ ਦੇ ਬਿਲ ਨੂੰ ਫ਼ਰਜ਼ੀ ਦੱਸਣ ਵਾਸਤੇ ਉਨ੍ਹਾਂ ਸਰਨਾ ’ਤੇ ਗਲਤ ਬਿਲ ਨੰਬਰ ਮੀਡੀਆ ਨੂੰ ਜਾਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਸਰਨਾ ਨੂੰ ਕਾਨੂੰਨੀ ਤੌਰ ’ਤੇ ਘਿਉ ਖਰੀਦ ਨੂੰ ਘੋਟਾਲਾ ਸਾਬਿਤ ਕਰਨ ਦੀ ਚੁਨੌਤੀ ਵੀ ਦਿੱਤੀ।