ਫ਼ਤਹਿਗੜ੍ਹ ਸਾਹਿਬ – “ਜਦੋਂ ਹਿੰਦੂਤਵ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਕੋਈ 36 ਦੇ ਕਰੀਬ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਉਤੇ ਧਾਵਾ ਬੋਲਿਆ ਅਤੇ ਸਿੱਖ ਕੌਮ ਦਾ ਕਤਲੇਆਮ ਤੇ ਨਸ਼ਲਕੁਸੀ ਕੀਤੀ ਤਾਂ ਪਾਕਿਸਤਾਨੀ ਹਰਮਨ-ਪਿਆਰੇ ਕਵੀ ਸਤਿਕਾਰਯੋਗ ਸ੍ਰੀ ਅਫ਼ਜਲ ਅਹਿਸਾਨ ਰੰਧਾਵਾ ਨੇ ਇਸ ਦਰਦ ਨੂੰ ਬਹੁਤ ਸਿੱਦਤ ਨਾਲ ਮਹਿਸੂਸ ਕਰਦੇ ਹੋਏ “ਓੜਕ ਮੁੱਕੇਗੀ ਇਹ ਰਾਤ” ਦੇ ਸਿਰਲੇਖ ਹੇਠ ਪਾਕਿਸਤਾਨ ਦੀ ਪਵਿੱਤਰ ਧਰਤੀ ਤੇ ਬੈਠਕੇ ਇਨਸਾਨੀਅਤ ਤੇ ਮਨੁੱਖੀ ਕਦਰਾ-ਕੀਮਤਾ ਦੇ ਹੱਕ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਜਰਨੈਲਾਂ ਦੇ ਜਰਨੈਲ ਪੁਕਾਰਕੇ ਉਨ੍ਹਾਂ ਦੀ ਸਖਸ਼ੀਅਤ ਨੂੰ ਸਮਰਪਿਤ ਤੇ ਸਿੱਖ ਕੌਮ ਉਤੇ ਹੋਏ ਜੁਲਮ ਨੂੰ ਮਹਿਸੂਸ ਕਰਦੇ ਹੋਏ ਬਹੁਤ ਹੀ ਅੱਛੇ, ਡੂੰਘੇ ਅਲਫ਼ਾਜ ਰਾਹੀ ਇਹ ਉਪਰੋਕਤ ਕਵਿਤਾ ਲਿਖਕੇ ਕੇਵਲ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਹੀ ਨਹੀਂ ਜਿੱਤਿਆ, ਬਲਕਿ ਸਮੁੱਚੀ ਦੁਨੀਆਂ ਵਿਚ ਇਨਸਾਨੀਅਤ ਪੱਖੀ ਸੋਚ ਰੱਖਣ ਵਾਲੇ ਇਨਸਾਫ਼ ਪਸੰਦ ਸੰਸਾਰ ਨਿਵਾਸੀਆ ਦੇ ਮਨ ਜਿੱਤ ਲਏ । ਇਹ ਉਪਰੋਕਤ ਕਵਿਤਾ ਪਾਕਿਸਤਾਨ, ਭਾਰਤ, ਪੰਜਾਬ ਵਿਚ ਹੀ ਮਕਬੂਲ ਨਹੀਂ ਹੋਈ, ਬਲਕਿ ਸਮੁੱਚੇ ਸੰਸਾਰ ਵਿਚ ਇਨ੍ਹਾਂ ਸ਼ਬਦਾਂ ਦਾ ਸਤਿਕਾਰ ਹੋਇਆ । ਕਿਉਂਕਿ ਜਨਾਬ ਰੰਧਾਵਾ ਨੇ ਇਹ ਨਜ਼ਮ ਲਿਖਦੇ ਹੋਏ ਮੁਲਕਾਂ ਦੀਆਂ ਹੱਦਾਂ ਅਤੇ ਦੁਨਿਆਵੀ ਮਨੁੱਖਾ ਵੱਲੋਂ ਜਾਤ-ਪਾਤ ਆਦਿ ਦੀਆਂ ਬਣਾਈਆ ਵਲਗਣਾ ਤੋ ਉਪਰ ਉੱਠਕੇ ਇਨਸਾਨੀਅਤ ਨੂੰ ਆਪਣੇ ਬੋਲ ਸਮਰਪਿਤ ਕੀਤੇ । ਇਹੀ ਵਜਹ ਹੈ ਕਿ ਸ੍ਰੀ ਅਫ਼ਜਲ ਅਹਿਸਾਨ ਰੰਧਾਵਾ ਅੱਜ ਆਪਣੇ ਅਕਾਲ ਚਲਾਣੇ ਉਪਰੰਤ ਵੀ ਸਭ ਕੌਮਾਂ, ਧਰਮਾਂ ਅਤੇ ਮੁਲਕਾਂ ਦੇ ਨਿਵਾਸੀਆਂ ਦੇ ਮਨ-ਆਤਮਾ ਵਿਚ ਵੱਸੇ ਹੋਏ ਹਨ ਅਤੇ ਸਤਿਕਾਰ ਪ੍ਰਾਪਤ ਕਰ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਦੇ ਮਸਰੂਹ ਹਰਮਨ-ਪਿਆਰੇ ਕਵੀ ਸ੍ਰੀ ਅਫ਼ਜਲ ਅਹਿਸਾਨ ਰੰਧਾਵਾ ਦੇ ਅੱਜ ਅਚਾਨਕ ਹੋਏ ਅਕਾਲ ਚਲਾਣੇ ਉਤੇ ਸ੍ਰੀ ਰੰਧਾਵਾ ਪਰਿਵਾਰ, ਪਾਕਿਸਤਾਨ ਦੀ ਹਕੂਮਤ, ਉਥੋ ਦੇ ਨਿਵਾਸੀਆ ਅਤੇ ਸਭ ਮੁਲਕਾਂ ਵਿਚ ਉਨ੍ਹਾਂ ਨੂੰ ਪਿਆਰ ਸਤਿਕਾਰ ਕਰਨ ਵਾਲੇ ਲੱਖਾਂ ਦੀ ਗਿਣਤੀ ਵਿਚ ਨਿਵਾਸੀਆ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਚਲੇ ਜਾਣ ਨਾਲ ਇਨਸਾਨੀਅਤ ਨੂੰ ਪਇਆ ਵੱਡਾ ਘਾਟਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਸ. ਕਿਰਪਾਲ ਸਿੰਘ ਬਡੂੰਗਰ ਨੂੰ ਉਚੇਚੇ ਤੌਰ ਤੇ ਐਸ.ਜੀ.ਪੀ.ਸੀ. ਵੱਲੋ ਉਨ੍ਹਾਂ ਦੇ ਚਲੇ ਜਾਣ ਉਤੇ ਐਸ.ਜੀ.ਪੀ.ਸੀ. ਦੇ ਹਾਊਸ ਵਿਚ ਸੋਕ-ਮਤਾ ਪਾਉਣ ਅਤੇ ਉਨ੍ਹਾਂ ਦੀ ਯਾਦ ਨੂੰ ਪੰਜਾਬ ਦੀ ਧਰਤੀ ਤੇ ਯਾਦ ਰੱਖਣ ਲਈ ਕੋਈ ਢੁੱਕਵੀ ਯਾਦਗਰ ਕਾਇਮ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਹਕੂਮਤ ਨੂੰ ਵੀ ਸ੍ਰੀ ਅਫ਼ਜਲ ਅਹਿਸਾਨ ਰੰਧਾਵਾ ਦੇ ਮਨੁੱਖਤਾ ਪੱਖੀ ਕਵੀ ਦੇ ਅਕਾਲ ਚਲਾਣੇ ਉਤੇ ਸਰਕਾਰੀ ਤੌਰ ਤੇ ਵੱਡੇ ਸ਼ੋਕ ਦਾ ਇਜਹਾਰ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪਾਕਿਸਤਾਨ ਵਿਚ ਸਦੀਵੀਂ ਰਹਿਣ ਵਾਲੀ ਯਾਦ ਕਾਇਮ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੀ ਦੁਨੀਆਂ ਅਜਿਹੇ ਮਨੁੱਖਤਾ ਤੇ ਇਨਸਾਨੀਅਤ ਪੱਖੀ ਕਵੀਆਂ, ਲੇਖਕਾਂ ਨੂੰ ਆਪਣੇ ਮਨ-ਆਤਮਾ ਵਿਚ ਯਾਦ ਰੱਖਦੇ ਹੋਏ ਉਨ੍ਹਾਂ ਦੀਆਂ ਨਿਰਪੱਖਤਾ ਤੇ ਦ੍ਰਿੜਤਾ ਨਾਲ ਲਿਖੀਆ ਲਿਖਤਾ, ਨਜ਼ਮਾਂ ਤੋਂ ਸੇਧ ਲੈਦੇ ਰਹਿਣ ਅਤੇ ਸਮੁੱਚੇ ਸੰਸਾਰ ਵਿਚ ਪਿਆਰ-ਮੁਹੱਬਤ, ਇਨਸਾਨੀਅਤ ਕਦਰਾ-ਕੀਮਤਾ ਅਤੇ ਅਮਨ-ਚੈਨ ਦਾ ਬੋਲਬਾਲਾ ਹੋਣ ਵਿਚ ਸਹਿਯੋਗ ਮਿਲ ਸਕੇ । ਇਹੋ ਹੀ ਅਜਿਹੀ ਸਖਸ਼ੀਅਤ ਨੂੰ ਸਾਡੇ ਸਭਨਾਂ ਵੱਲੋਂ ਸੱਚੇ ਰੂਪ ਵਿਚ ਸ਼ਰਧਾ ਦੇ ਫੁੱਲ ਭੇਟ ਹੋ ਸਕਦੇ ਹਨ ।