ਨਵੀਂ ਦਿੱਲੀ : ਬੀਤੇ ਦਿਨੀਂ ਸਿਗਰਟਨੋਸ਼ੀ ਨੂੰ ਰੋਕਣ ਕਰਕੇ ਮਾਰੇ ਗਏ ਗੁਰਪ੍ਰੀਤ ਸਿੰਘ ਲਈ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਵਾਸਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘‘ਕੈਂਡਲ ਮਾਰਚ’’ ਕੱਢਿਆ ਗਿਆ। ਗੁਰਦੁਆਰਾ ਮਾਤਾ ਸੁੰਦਰੀ ਜੀ ਤੋਂ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ’ਚ ਸ਼ੁਰੂ ਹੋਇਆ ਮਾਰਚ ਦਿੱਲੀ ਪੁਲਿਸ ਹੈਡ ਕੁਆਟਰ ਆਈ.ਟੀ.ਓ. ਵੱਲ ਰਵਾਨਾ ਹੋਇਆ। ਮੁਜ਼ਾਹਰਾਕਾਰੀਆਂ ਨੇ ਕਾਲੀ ਪੱਟੀਆਂ ਬਾਂਹ ’ਤੇ ਬੰਨੀਆਂ ਹੋਇਆ ਸਨ।
ਹੱਥ ਵਿਚ ਦਿੱਲੀ ਪੁਲੀਸ ਦੇ ਖਿਲਾਫ਼ ਤਖਤੀਆਂ ਫੜਕੇ ਮੁਜਾਹਰਾਕਾਰੀ ਦਿੱਲੀ ਪੁਲਿਸ ਦੀ ਇਸ ਮਾਮਲੇ ’ਤੇ ਭੂਮਿਕਾ ਨੂੰ ਸਵਾਲਾਂ ਦੇ ਘੇਰੇ ’ਚ ਖੜਾ ਕਰ ਰਹੇ ਸਨ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਚਲ ਰਹੀ ਸੰਗਤ ਗੁਰਪ੍ਰੀਤ ਨੂੰ ਇਨਸਾਫ਼ ਦਿਵਾਉਣ ਲਈ ਇੱਕਮਤ ਨਜ਼ਰ ਆ ਰਹੀ ਸੀ। ਦਿੱਲੀ ਪੁਲਿਸ ਦੇ ਵਿਰੋਧ ਪਿੱਛੇ ਦੇ ਕਾਰਨਾਂ ਦਾ ਖੁਲਾਸਾ ਕਰਦੇ ਹੋਏ ਜੀ.ਕੇ. ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਸਿਗਰਟ ਦਾ ਧੂੰਆਂ ਗੁਰਪ੍ਰੀਤ ਦੇ ਮੂੰਹ ’ਤੇ ਸੁੱਟਣ ਵਾਲੇ ਆਰੋਪੀ ਰੋਹਿਤ ਮੋਹਿੰਤਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਦਿੱਲੀ ਕਮੇਟੀ ਦੇ ਸਖ਼ਤ ਰੁੱਖ ਤੋਂ ਬਾਅਦ ਦਿੱਲੀ ਪੁਲਿਸ ਨੂੰ ਨਵੀਂ ਐਫ.ਆਈ.ਆਰ. ਦਰਜ਼ ਕਰਨ ਲਈ ਮਜਬੂਰ ਹੋਣਾ ਪਿਆ ਸੀ।
ਜੀ.ਕੇ. ਨੇ ਕਿਹਾ ਕਿ ਸਾਡੀ ਮੁੱਖ ਮੰਗ ਆਰੋਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਬਰਖਾਸ਼ਤਗੀ ਦੀ ਹੈ। ਗੱਲ-ਗੱਲ ’ਤੇ ਟਵੀਟ ਕਰਨ ਵਾਲੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਇਸ ਮਸਲੇ ’ਤੇ ਚੁੱਪੀ ਨੂੰ ਜੀ.ਕੇ. ਨੇ ਹੈਰਾਨੀ ਭਰਿਆ ਦੱਸਿਆ। ਇਸ ਮੌਕੇ ਗੁਰਪ੍ਰੀਤ ਦੇ ਪਿਤਾ ਅਤੇ ਭੈਣ ਨੇ ਵੀ ਮਾਰਚ ਵਿਚ ਸ਼ਮੂਲੀਅਤ ਕੀਤੀ।