ਨਵੀਂ ਦਿੱਲੀ – ਮੋਦੀ ਸਰਕਾਰ ਦੀਆਂ ਅਸਫ਼ਲਤਾਵਾਂ ਸਬੰਧੀ ਉਸ ਦੀ ਆਪਣੀ ਹੀ ਪਾਰਟੀ ਦੇ ਨੇਤਾਵਾਂ ਨੇ ਹੁਣ ਖੁਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ਵਿੱਚ ਵਰੁਣ ਗਾਂਧੀ ਨੇ ਰੋਹਿੰਗਿਆ ਮੁੱਦੇ ਤੇ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਬਿਆਨ ਦਿੱਤਾ ਹੈ ਅਤੇ ਹੁਣ ਪਾਰਟੀ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਨੋਟਬੰਦੀ ਅਤੇ ਜੀਐਸਟੀ ਵਰਗੇ ਜਲਦਬਾਜ਼ੀ ਵਿੱਚ ਲਏ ਗਏ ਫੈਂਸਲਿਆਂ ਕਰਕੇ ਦੇਸ਼ ਦੀ ਡਗਮਗਾ ਰਹੀ ਅਰਥਵਿਵਸਥਾ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਵਾਲ ਉਠਾਏ ਹਨ।
ਵਾਜਪਾਈ ਸਰਕਾਰ ਵਿੱਚ ਵਿੱਤਮੰਤਰੀ ਰਹੇ ਯਸ਼ਵੰਤ ਸਿਨਹਾ ਨੇ ਆਪਣੇ ਇੰਗਲਿਸ਼ ਵਿੱਚ ਲਿਖੇ ਲੇਖ ਵਿੱਚ ਅਰੁਣ ਜੇਟਲੀ ਤੇ ਤਿੱਖੇ ਵਾਰ ਕੀਤੇ ਹਨ। ਉਨ੍ਹਾਂ ਨੇ ਲੇਖ ਵਿੱਚ ਲਿਖਿਆ ਹੈ, ‘ ਵਿੱਤਮੰਤਰੀ ਨੇ ਅਰਥਵਿਵਸਥਾ ਦਾ ਜੋ ‘ਕਬਾੜਾ’ ਕੀਤਾ ਹੈ, ਉਸ ਤੇ ਜੇ ਮੈਂ ਹੁਣ ਵੀ ਚੁੱਪ ਰਿਹਾ ਤਾਂ ਰਾਸ਼ਟਰੀ ਫਰਜ਼ ਨਿਭਾਉਣ ਵਿੱਚ ਅਸਫ਼ਲ ਰਹਾਂਗਾ। ਮੈਨੂੰ ਇਹ ਵੀ ਪਤਾ ਹੈ ਕਿ ਜੋ ਮੈਂ ਕਹਿਣ ਜਾ ਰਿਹਾ ਹਾਂ ਬੀਜੇਪੀ ਦੇ ਜਿਆਦਾਤਰ ਲੋਕਾਂ ਦੀ ਇਹੋ ਰਾਏ ਹੈਪਰ ਉਹ ਡਰ ਦੇ ਕਾਰਣ ਕੁਝ ਕਹਿ ਨਹੀਂ ਰਹੇ।’
ਯਸ਼ਵੰਤ ਸਿਨਹਾ ਨੇ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘ਪ੍ਰਧਾਨਮੰਤਰੀ ਦਾਅਵਾ ਕਰਦੇ ਹਨ ਕਿ ਊਨ੍ਹਾਂ ਨੇ ਗਰੀਬੀ ਨੂੰ ਨੇੜੇ ਤੋਂ ਵੇਖਿਆ ਹੈ। ਅਜਿਹਾ ਲਗਦਾ ਹੈ ਕਿ ਉਨ੍ਹਾਂ ਦੇ ਵਿੱਤਮੰਤਰੀ ਓਵਰ-ਟਾਈਮ ਕਰ ਰਹੇ ਹਨ ਜਿਸ ਨਾਲ ਉਹ ਸਾਰੇ ਦੇਸ਼ਵਾਸੀਆਂ ਨੂੰ ਗਰੀਬੀ ਨੂੰ ਨੇੜੇ ਤੋਂ ਵਿਖਾ ਸਕਣ।’
ਉਨ੍ਹਾ ਨੇ ਲਿਖਿਆ ਹੈ, ‘ ਇਸ ਸਮੇਂ ਭਾਰਤੀ ਅਰਥਵਿਵਸਥਾ ਦੀ ਤਸਵੀਰ ਕੀ ਹੈ? ਪਰਾਈਵੇਟ ਇਨਵੈਸਟਮੈਂਟ ਏਨਾ ਘੱਟ ਹੋ ਗਿਆ ਹੈ ਜਿੰਨਾਂ ਕਿ ਦੋ ਦਹਾਕਿਆਂ ਵਿੱਚ ਨਹੀਂ ਹੋਇਆ। ਉਦਯੋਗਿਕ ਉਤਪਾਦਨ ਤਬਾਹ ਹੋ ਗਿਆ ਹੈ,ਖੇਤੀਬਾੜੀ ਸੰਕਟ ਵਿੱਚ ਹੈ, ਨਿਰਮਾਣ ਉਦਯੋਗ ਵਿੱਚ ਵੀ ਸੁਸਤੀ ਛਾਈ ਹੋਈ ਹੈ। ਸਰਵਿਸ ਸੈਕਟਰ ਦੀ ਰਫ਼ਤਾਰ ਵੀ ਬਹੁਤ ਮਾੜੀ ਹੈ। ਨਿਰਆਤ ਵੀ ਬਹੁਤ ਘੱਟ ਹੋ ਗਿਆ ਹੈ। ਅਰਥਵਿਵਸਥਾ ਦੇ ਲੱਗਭੱਗ ਸਾਰੇ ਖੇਤਰ ਹੀ ਸੰਕਟ ਦੇ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਨੋਟਬੰਦੀ ਇਕ ਵੱਡੀ ਆਰਥਿਕ ਆਫ਼ਤ ਸਾਬਿਤ ਹੋਈ ਹੈ। ਬਿਨਾਂ ਸੋਚੇ ਸਮਝੇ ਅਤੇ ਘਟੀਆ ਢੰਗ ਨਾਲ ਲਾਗੂ ਕੀਤੀ ਗਈ ਜੀਐਸਟੀ ਨੇ ਕਾਰੋਬਾਰ ਜਗਤ ਵਿੱਚ ਉਥਲ-ਪੁੱਥਲ ਮਚਾ ਦਿੱਤੀ ਹੈ। ਕੁਝ ਵਪਾਰੀ ਡੁੱਬ ਗਏ ਹਨ ਅਤੇ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਨੌਕਰੀਆਂ ਦੇ ਨਵੇਂ ਅਵਸਰ ਵੀ ਪੈਦਾ ਨਹੀਂ ਹੋ ਰਹੇ ਹਨ।’
ਸਿਨਹਾ ਨੇ ਆਪਣੇ ਲੇਖ ਵਿੱਚ ਲਿਖਿਆ ਹੈ ਕਿ ਦੇਸ਼ ਦੀਆਂ 40 ਵੱਡੀਆਂ ਕੰਪਨੀਆਂ ਪਹਿਲਾਂ ਹੀ ਦੀਵਾਲੀਆ ਹੋਣ ਦੇ ਕੰਢੇ ਤੇ ਹਨ। ਕਈ ਹੋਰ ਕੰਪਨੀਆਂ ਵੀ ਦੀਵਾਲੀਆ ਹੋ ਸਕਦੀਆਂ ਹਨ।ਐਸਐਮਈ ਸੈਕਟਰ ਵੀ ਸੰਕਟ ਵਿੱਚ ਹੈ। ਉਨ੍ਹਾਂ ਅਨੁਸਾਰ ਅਰਥਵਿਵਸਥਾ ਨੂੰ ਪਟੜੀ ਤੇ ਲਿਆਉਣ ਲਈ ਬਹੁਤ ਸਮਾਂ ਲਗੇਗਾ। ਅਗਲੀਆਂ ਲੋਕਸਭਾ ਚੋਣਾਂ ਤੱਕ ਅਰਥਵਿਵਸਥਾ ਦੀ ਰਫ਼ਤਾਰ ਵਿੱਚ ਸੁਧਾਰ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਵਿਖਾਵਾ ਤੇ ਧਮਕੀਆਂ ਚੋਣਾਂ ਦੇ ਲਈ ਤਾਂ ਠੀਕ ਹਨ ਪਰ ਅਸਲੀਅਤ ਵਿੱਚ ਇਹ ਸੱਭ ਕੁਝ ਅਲੋਪ ਹੋ ਜਾਂਦਾ ਹੈ।