ਜੈਤੋ, (ਧਰਮਪਾਲ ਸਿੰਘ ਪੁੰਨੀ) – ਆਏ ਦਿਨ ਪ੍ਰਾਈਵੇਟ ਕੰਪਨੀਆਂ ਵੱਲੋਂ ਲੋਕਾਂ ਨਾਲ ਵੱਖ-ਵੱਖ ਤਰ੍ਹਾਂ ਦੇ ਲਾਲਚ ਅਤੇ ਸਕੀਮਾਂ ਚਲਾ ਕੇ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹੈ। ਪ੍ਰਸ਼ਾਸ਼ਨ ਅਤੇ ਸਰਕਾਰ ਦੀ ਨਲਾਇਕੀ ਦਾ ਇਹ ਕੰਪਨੀਆਂ ਫਾਇਦਾ ਉਠਾਉਦੀਆਂ ਹਨ ’ਤੇ ਜਦ ਤੱਕ ਕਿਸੇ ਕੰਪਨੀ ਦਾ ਲੋਕਾਂ ਨਾਲ ਧੋਖੇਬਾਜ਼ੀ ਜਾਂ ਠੱਗੀ ਮਾਰਨ ਦਾ ਪਤਾ ਚੱਲਦਾ ਹੈ ,ਉਸ ਵਕਤ ਤਕ ਇਹ ਆਪਣਾ ਕਾਰੋਬਾਰ ਸਮੇਟ ਕੇ ਨੌ ਦੋ ਗਿਆਰਾਂ ਹੋ ਜਾਂਦੀਆਂ ਹਨ। ਕਾਨੂੰਨੀ ਸਿੰਕਜ਼ੇ ਤੋਂ ਬਚ ਰਹੀਆਂ ਇਹਨਾਂ ਕੰਪਨੀਆਂ ਦਾ ਹੌਸਲਾਂ ਇਨ੍ਹਾਂ ਵੱਧ ਗਿਆ ਹੈ ਕਿ ਇਕ ਕੰਪਨੀ ਠੱਗੀ ਮਾਰ ਕੇ ਜਾਂਦੀ ਹੈ ਦੂਜ਼ੀ ਕੋਈ ਕੰਪਨੀ ਨਵੇ ਤੌਰ ਤਰੀਕਿਆਂ ਨਾਲ ਠੱਗੀ ਮਾਰਨ ਲਈ ਫਿਰ ਬਜ਼ਾਰ ਵਿੱਚ ਆ ਕੇ ਆਪਣਾ ਠੱਗੀ ਦਾ ਕਾਰੋਬਾਰ ਕਰਨ ਲੱਗ ਪੈਂਦੀ ਹੈ।
ਇਸ ਤਰ੍ਹਾਂ ਦੀ ਇਕ ਡੀ.ਬੀ.ਏ ਮੋਹਾਲੀ ਨਾਂਅ (ਡਾਇਨਾਮੈਕ ਬੈਨੀਫਿਸ਼ਲ ਅਕੌਰਡ ਮਾਰਕਿਟ ਪ੍ਰਾਈਵੇਟ ਲਿਮਟਿਡ) ਦੀ ਕੰਪਨੀ ’ਤੇ ਪੱਕੀ ਨੌਕਰੀ ਅਤੇ 18000 ਤਨਖਾਹ ਦੇਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਨੌਜਵਾਨ ਲਵਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਮੁਕਤਸਰ ਰੋਡ ਜੈਤੋ ਨੇ ਗੰਭੀਰ ਦੋਸ਼ ਲਾਉਦਿਆਂ ਸਰਕਾਰ ਤੋਂ ਇਸ ਕੰਪਨੀ ਵੱਲੋਂ ਕੀਤੀ ਜਾ ਰਹੀ ਲੁੱਟ ਤੇ ਨਕੇਲ ਕਸਣ ਦੀ ਮੰਗ ਕੀਤੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਲਵਜੀਤ ਸਿੰਘ ਨੇ ਕਿਹਾ ਕਿ ਇਹ ਕੰਪਨੀ ਸ਼ੋਸ਼ਲ ਮੀਡੀਆਂ ਰਾਹੀ ਬੇਰੁਜ਼ਗਾਰ ਨੌਜਵਾਨਾਂ ਨਾਲ ਰਾਬਤਾਂ ਕਾਇਮ ਕਰਦੀ ਹੈ । ਫੋਨ ਰਾਹੀ ਪੱਕੀ ਨੌਕਰੀ ’ਤੇ ਤਨਖਾਹ 18000 ਰੁਪਏ ਮਹੀਨਾ ਦਾ ਲਾਲਚ ਦੇ ਕੇ ਕੰਪਨੀ ਦੇ ਦਫਤਰ ਮੋਹਾਲੀ ਬੁਲਾ ਲਿਆ ਜਾਂਦਾ ਹੈ। ਮੋਹਾਲੀ ਵਿਖੇ ਕੰਪਨੀ ਵੱਲੋਂ ਆਰਜੀ ਟਰੇਨਿੰਗ ਸੈਂਟਰ ਖੋਲੇ ਹੋਏ ਹਨ ’ਤੇ ਪਹਿਲਾਂ ਹਫਤੇ ਦੀ ਟਰੇਨਿੰਗ ਦੇਣ ਦੇ ਵਜੋਂ 2000 ਰੁਪਏ ਜਮਾਂ ਕਰਵਾ ਲਏ ਜਾਂਦੇ ਹਨ । ਲਵਜੀਤ ਸਿੰਘ ਨੇ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਟਰੇਨਿੰਗ ਦੌਰਾਨ ਇਹ ਸਿਖਾਇਆ ਜਾਂਦਾ ਹੈ ਕਿ ਤੁਸੀ ਆਪਣੇ ਮਾਂ-ਪਿਓ ਨਾਲ ਇਸ ਕੰਪਨੀ ਬਾਰੇ ਕੋਈ ਗੱਲ ਨਹੀਂ ਕਰਨੀ ਹੈ। ਟਰੇਨਿੰਗ ੳਪਰੰਤ 46000 ਰੁਪਏ ਹੋਰ ਜਮਾਂ ਕਰਵਾਉਣ ਲਈ ਕਿਹਾ ਜਾਂਦਾ ਹੈ ’ਤੇ ਉਸ ਤੋਂ ਕਿਸੇ ਹੋਰ ਰਿਸ਼ਤੇਦਾਰ ਜਾ ਮਿੱਤਰ ਦੇ 46000 ਰੁਪਏ ਜਮਾਂ ਕਰਵਾਉਣ ਭਾਵ ‘ਨਵਾ ਮੁਰਗਾਂ ’ਹਲਾਲ ਕਰਨ ਲਈ ਕਿਹਾ ਜਾਂਦਾ ਹੈ ,ਜਿਸ ਦਾ ਕੰਪਨੀ ਦਸ ਪਰਸ਼ੈਂਟ ਭਾਵ 4600 ਰੁਪਏ ਦਿੰਦੀ ਹੈ ,ਮਤਲਬ ਜਿੰਨੇ ਤੁਸੀ ਲੋਕਾਂ ਦੇ ਪੈਸੇ ਜਮਾਂ ਕਰਵਾਉਗੇ ਉਸ ਦਾ 10% ਤੁਹਾਡਾ ਹੋਵੇਗਾ । ਕੰਪਨੀ ਵੱਲੋਂ ਕੋਈ ਰਸੀਦ ਨਹੀ ਜਾਂਦੀ ਹੈ ਤੇ ਮਹੀਨੇ ਮਗਰੋ ਜੁਆਇੰਨ ਕਰਨ ਵਾਲੇ ਨੂੰ ਮਾਮੂਲੀ ਕੀਮਤ ਤੇ ਕੱਪੜੇ ਇਹ ਕਹਿ ਕੇ ਦਿੱਤੇ ਜਾਂਦੇ ਹਨ ਕਿ ਇਹ ਤੁਸੀ ਜੋ ਪੈਸੇ ਭਰੇ ਹਨ ਉਸ ਦੇ ਬਦਲੇ ਤੁਹਨੂੰ ਇਹ ਦਿੱਤੇ ਗਏ ਹਨ ਇਹਨਾਂ ਨੂੰ ਵੇਚ ਲਓ ਜਾ ਰੱਖ ਲਓ। ਲਵਜੀਤ ਸਿੰਘ ਨੇ ਕਿਹਾ ਕਿ ਕੰਪਨੀ ਵੱਲੋਂ ਕੋਈ ਪੱਕੀ ਨੌਕਰੀ ਨਹੀਂ ਦਿੱਤੀ ਜਾਂਦੀ ਜਿਸ ਦਾ ਉਹ ਦਾਅਵਾ ਕਰਦੀ ਹੈ ਤੇ ਨਾ ਹੀ ਕੋਈ ਮਹੀਨਾਵਾਰ ਤਨਖਾਹ ਹੈ। ਕੰਪਨੀ ਦੀ ਧੋਖਾਧੜੀ ਦੇ ਸ਼ਿਕਾਰ ਹਜ਼ਾਰਾ ਨੌਜ਼ਵਾਨ ਮੋਹਾਲੀ ਵਿਖੇ ਨੌਕਰੀ ਦੇ ਲਾਲਚ ਵੱਸ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਨਾ ਹੀ ਉਹ ਆਪਣੇ ਨਾਲ ਹੋਈ ਠੱਗੀ ਬਾਰੇ ਕਿਸੇ ਨੂੰ ਦੱਸ ਸਕਦੇ ਹਨ। ਲਵਜੀਤ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਕੰਪਨੀ ਬਹੁਤ ਹੀ ਵੱਡੇ ਠੱਗਾਂ ਦੀ ਕੰਪਨੀ ਹੈ ’ਤੇ ਉਹ ਇਸ ਦੇ ਚੁੰਗਲ ਚੋ ਬਚ ਕੇ ਰਹਿਣ। ਕੰਪਨੀ ਦੀ ਜਾਣਕਾਰੀ ਲਈ ਜਦ ਇਸ ਦੀ ਵੈਬਸਾਈਟ ਤੇ ਨਜ਼ਰ ਮਾਰੀ ਗਈ ਤਾਂ ਪਤਾ ਚੱਲਿਆਂ ਕਿ ਇਹ ਕੋਈ ਰੁਜ਼ਗਾਰ ਦੇਣ ਵਾਲੀ ਕੰਪਨੀ ਨਹੀ ਕੋਈ ਕਪੜੇ ਦਾ ਕਾਰੋਬਾਰ ਕਰ ਰਹੀ ਹੈ ’ਤੇ ਵੈਬਸਾਈਟ ਦਾ ਨਾਂਅ ਹੋਰ ਹੈ ਤੇ ਅੰਦਰ ਕੋਈ ਹੋਰ ਨਾਂਅ ਨਾਲ ਜਾਣਕਾਰੀ ਦਿੱਤੀ ਗਈ ਹੈ। ਵੈਬਸਾਈਟ ਉੱਤੇ ਕੋਈ ਵੀ ਸੰਪਰਕ ਨੰਬਰ ਨਹੀਂ ਹੈ। ਪ੍ਰਸ਼ਾਸ਼ਨ ਕੋਲੋ ਮੰਗ ਕੀਤੀ ਗਈ ਹੈ ਕਿ ਇਸ ਕੰਪਨੀ ਦੀ ਜਾਂਚ ਪੜਤਾਲ ਕਰਕੇ ਇਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਨੌਜਵਾਨ ਇਸ ਕੰਪਨੀ ਦੀ ਧੋਖਾਧੜੀ ਦਾ ਸ਼ਿਕਾਰ ਨਾ ਬਣਨ।