ਮੁੰਬਈ – ਮੁੰਬਈ ਦੇ ਐਲਫਿਨਸਟਨ ਰੇਲਵੇ ਸਟੇਸ਼ਨ ਤੇ ਸ਼ੁਕਰਵਾਰ ਨੂੰ ਹੋਏ ਹਾਦਸੇ ਵਿੱਚ 22 ਲੋਕਾਂ ਦੀ ਮੌਤ ਹੋ ਗਈ ਅਤੇ 39 ਤੋਂ ਵੱਧ ਜਖਮੀ ਹੋ ਗਏ। ਇਹ ਭਿਆਨਕ ਹਾਦਸਾ ਓਵਰਬ੍ਰਿਜ ਦੇ ਟੁੱਟਣ ਦੀ ਅਫ਼ਵਾਹ ਫੈਲਣ ਤੋਂ ਬਾਅਦ ਹੋਇਆ। ਵਰਖਾ ਕਾਰਣ ਪੁੱਲ ਟੁੱਟਣ ਦੀ ਅਫ਼ਵਾਹ ਕਰਕੇ ਲੋਕਾਂ ਵਿੱਚ ਹਫ਼ੜਾ-ਦਫ਼ੜੀ ਮੱਚ ਗਈ, ਜਿਸ ਨੇ ਕਈ ਲੋਕਾਂ ਦੀ ਜਾਨ ਲੈ ਲਈ। ਭੱਜ-ਦੌੜ ਦੀ ਇਕ ਵਜ੍ਹਾ ਓਵਰਬ੍ਰਿਜ ਦੇ ਤੰਗ ਹੋਣ ਨੂੰ ਵੀ ਦੱਸਿਆ ਜਾ ਰਿਹਾ ਹੈ। ਸਥਾਨਕ ਲੋਕਾਂ ਅਨੁਸਾਰ ਪਿੱਛਲੇ ਲੰਬੇ ਸਮੇਂ ਤੋਂ ਬ੍ਰਿਜ ਨੂੰ ਚੌੜਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਪਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ।
ਮੌਜੂਦ ਲੋਕਾਂ ਅਨੁਸਾਰ ਇਹ ਹਾਦਸਾ ਉਸ ਫੁੱਟਵੇਅਰ ਬਰਿਜ ਤੇ ਹੋਇਆ, ਜੋ ਐਲਫਿੰਸਟਨ ਰੋਡ ਅਤੇ ਪਰੇਲ ਸਟੇਸ਼ਨ ਨੂੰ ਜੋੜਦਾ ਹੈ। ਬਹੁਤ ਪੁਰਾਣਾ ਇਹ ਬਰਿਜ ਕਾਫ਼ੀ ਭੀੜਾ ਹੈ। ਜਦੋਂ ਇਹ ਦੁਰਘਟਨਾ ਵਾਪਰੀ ਤਾਂ ਉਸ ਸਮੇਂ ਹਲਕੀ ਵਰਖਾ ਵੀ ਹੋ ਰਹੀ ਸੀ। ਇਸ ਤੋਂ ਬੱਚਣ ਲਈ ਭਾਰੀ ਸੰਖਿਆ ਵਿੱਚ ਲੋਕ ਪੁੱਲ ਤੇ ਖੜ੍ਹੇ ਹੋ ਗਏ ਸਨ। ਸਵੇਰੇ 11 ਵਜੇ ਦੇ ਕਰੀਬ ਜਦੋਂ ਪੁੱਲ ਦੇ ਡਿੱਗਣ ਦੀ ਅਫ਼ਵਾਹ ਫੈਲੀ ਤਾਂ ਲੋਕਾਂ ਵਿੱਚ ਭੱਜ-ਦੌੜ ਮੱਚ ਗਈ , ਲੋਕ ਆਪਣੇ ਆਪ ਨੂੰ ਬਚਾਉਣ ਲਈ ਸੁਰੱਖਿਅਤ ਜਗ੍ਹਾ ਵੱਲ ਦੌੜਨ ਲਗੇ। ਵਰਖਾ ਕਾਰਣ ਹੋਈ ਤਿਲਕਣ ਕਰਕੇ ਇਹ ਹਾਦਸਾ ਵਾਪਰ ਗਿਆ। ਛੁੱਟੀ ਹੋਣ ਕਰਕੇ ਸਟੇਸ਼ਨ ਤੇ ਲੋਕਾਂ ਦੀ ਭੀੜ ਵੀ ਵੱਧ ਸੀ।
ਰੇਲ ਮੰਤਰੀ ਗੋਇਲ ਨੇ ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਰੇਲਵੇ ਵਿਭਾਗ ਨੇ ਜਾਨ ਗਵਾਉਣ ਵਾਲਿਆਂ ਨੂੰ ਪੰਜ ਲੱਖ ਰੁਪੈ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਰੂਪ ਵਿੱਚ ਹੋਏ ਜਖਮੀਆਂ ਨੂੰ ਇੱਕ ਲੱਖ ਅਤੇ ਘੱਟ ਸੱਟਾਂ ਵਾਲਿਆਂ ਨੂੰ 50 ਹਜ਼ਾਰ ਰੁਪੈ ਦੇਣ ਦਾ ਐਲਾਨ ਕੀਤਾ ਹੈ। ਰਾਜ ਸਰਕਾਰ ਨੇ ਵੀ ਮਰਨ ਵਾਲਿਆਂ ਦੇ ਪਰਿਵਾਰ ਨੂੰ ਪੰਜ-ਪੰਜ ਲੱਖ ਰੁਪੈ ਦੇਣ ਦੀ ਘੋਸ਼ਣਾ ਕੀਤੀ ਹੈ।