ਮੁੰਬਈ – ਮਹਾਂਰਾਸ਼ਟਰ ਨਿਰਮਾਣ ਸੈਨਾ (ਐਮਐਨਐਸ) ਦੇ ਮੁੱਖੀ ਰਾਜ ਠਾਕੁਰੇ ਨੇ ਮੁੰਬਈ ਐਲਫਿੰਸਟਨ ਰੇਲਵੇ ਸਟੇਸ਼ਨ ਤੇ ਮਾਰੇ ਗਏ 22 ਲੋਕਾਂ ਦੀ ਮੌਤ ਤੇ ਕੇਂਦਰ ਅਤੇ ਰਾਜ ਸਰਕਾਰ ਤੇ ਜਮ ਕੇ ਹਮਲੇ ਕੀਤੇ ਹਨ। ਉਨ੍ਹਾਂ ਨੇ ਰੇਲਵੇ ਦੀਆਂ ਸਹੂਲਤਾਂ ਸਬੰਧੀ ਇਤਰਾਜ਼ ਜਾਹਿਰ ਕਰਦੇ ਹੋਏ ਸਰਕਾਰ ਦੇ ਬੁਲੇਟ ਟਰੇਨ ਦੇ ਪ੍ਰੋਜੈਕਟ ਦਾ ਵਿਰੋਧ ਕੀਤਾ ਹੈ। ਠਾਕੁਰੇ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਮਹਾਂਰਾਸ਼ਟਰ ਵਿੱਚ ਬੁਲੇਟ ਟਰੇਨ ਦੀ ਇੱਕ ਵੀ ਇੱਟ ਨਹੀਂ ਲਗਣ ਦੇਣਗੇ।
ਰਾਜ ਠਾਕੁਰੇ ਨੇ ਕਿਹਾ ਕਿ ਸਾਨੂੰ ਪਾਕਿਸਤਾਨ ਅਤੇ ਅੱਤਵਾਦੀਆਂ ਵਰਗੇ ਦੁਸ਼ਮਣਾਂ ਦੀ ਜਰੂਰਤ ਨਹੀਂ ਹੈ, ਕਿਉਂਕਿ ਲੋਕਾਂ ਨੂੰ ਮਾਰਨ ਦੇ ਲਈ ਭਾਰਤੀ ਰੇਲਵੇ ਹੀ ਕਾਫ਼ੀ ਹੈ। ਉਨ੍ਹਾਂ ਅਨੁਸਾਰ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਜਦੋਂ ਵਰਖਾ ਤੋਂ ਬਾਅਦ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਵੇ। ਉਹ 5 ਅਕਤੂਬਰ ਨੂੰ ਅਜਿਹੇ ਹਾਦਸਿਆਂ ਦੀ ਲਿਸਟ ਰੇਲਵੇ ਨੂੰ ਸੌਂਪਣਗੇ, ਜੇ ਫਿਰ ਵੀ ਪ੍ਰਸ਼ਾਸਨ ਨੇ ਯੋਗ ਕਦਮ ਨਾ ਉਠਾਏ ਤਾਂ ਇਸ ਦੇ ਖਿਲਾਫ਼ ਪੁਰਜੋਰ ਵਿਰੋਧ ਕੀਤਾ ਜਾਵੇਗਾ। ਰਾਜ ਠਾਕੁਰੇ ਨੇ ਇਹ ਐਲਾਨ ਕੀਤਾ ਹੈ ਕਿ ਉਹ ਪੰਜ ਅਕਤੂਬਰ ਨੂੰ ਮੋਰਚਾ ਕੱਢਣਗੇ ਅਤੇ ਵੈਸਟਰਨ ਰੇਲਵੇ ਹੈਡਕਵਾਟਰ ਪਹੁੰਚ ਕੇ ਸਾਰੀ ਜਾਣਕਾਰੀ ਪ੍ਰਾਪਤ ਕਰਨਗੇ।