ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ 12 ਅਕਤੂਬਰ ਨੂੰ ’ਫੂਡ ਇੰਡਸਟਰੀ ਅਤੇ ਕਰਾਫਟ ਮੇਲਾ’ ਲਗਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਲਗਾਏ ਜਾਣ ਵਾਲੇ ਇਸ ਮੇਲੇ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਸ਼ਿਕਰਤ ਕਰਨ ਦੀ ਉਮੀਦ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਪੂਨਮ ਏ ਸਚਦੇਵ ਮੁੱਖੀ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਦੱਸਿਆ ਕਿ ਇਸ ਮੇਲੇ ਵਿੱਚ ਫ਼ਲਾਂ ਦੇ ਰਸ, ਪੇਅ ਪਦਾਰਥ, ਸੁਰੱਖਿਅਤ ਰੱਖੇ ਸਨੈਕਸ, ਅਚਾਰ, ਚਟਨੀਆਂ, ਸ਼ਹਿਦ, ਬੇਕਰੀ ਉਤਪਾਦਨ, ਹਲਦੀ, ਡੇਅਰੀ ਅਤੇ ਮੀਟ ਉਤਪਾਦਨ, ਡਿਜ਼ਾਈਨਰ ਵਸਤਰ, ਸ਼ਿਲਪ ਕਲਾ ਦਾ ਸਾਜ਼ੋ-ਸਮਾਨ ਅਤੇ ਘਰਾਂ ਦੀਆਂ ਸਜਾਵਟੀ ਵਸਤੂਆਂ ਆਦਿ ਖਿੱਚ ਦਾ ਕੇਂਦਰ ਹੋਣਗੀਆਂ। ਇਸ ਤੋਂ ਇਲਾਵਾ ਮੇਲੇ ਵਿੱਚ ਫੂਡ ਇੰਡਸਟਰੀ, ਬਿਜ਼ਨਸ ਇੰਨਕੂਬੇਸ਼ਨ ਸੈਂਟਰ, ਪੀਏਯੂ ਅਤੇ ਭੋਜਨ ਵਿਗਿਆਨ ਅਤੇ ਤਕਨਾਲੋਜੀ, ਭੋਜਨ ਅਤੇ ਪੋਸ਼ਣ, ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ, ਐਪੇਰਲਿ ਅਤੇ ਟੈਕਸਟਾਈਲ ਵਿਗਿਆਨ, ਪਰਿਵਾਰਕ ਸਰੋਤ ਪ੍ਰਬੰਧਨ, ਮਾਈਕ੍ਰੋਬਾਇਆਲੋਜੀ ਅਤੇ ਕੀਟ ਵਿਗਿਆਨ ਵਿਭਾਗਾਂ ਵੱਲੋਂ ਵੀ ਆਪਣੀ ਨੁਮਾਇਸ਼ ਰੱਖੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਮੌਕੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਅਤੇ ਸੀਫੇਟ ਲੁਧਿਆਣਾ ਵੱਲੋਂ ਵੀ ਆਪਣੇ ਸਟਾਲ ਲਗਾਏ ਜਾਣਗੇ। ਇਸ ਤੋਂ ਇਲਾਵਾ ਵੱਡੇ ਅਤੇ ਛੋਟੇ ਉਦਮੀਆਂ, ਸੈਲਫ ਹੈਲਪ ਗਰੁੱਪਾਂ ਅਤੇ ਪੀਏਯੂ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਵੀ ਹੋਵੇਗੀ ।
ਇਸ ਮੌਕੇ ਡਾ. ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੀਏਯੂ ਨੇ ਕਿਹਾ ਕਿ ਇਸ ਮੇਲੇ ਨਾਲ ਭੋਜਨ ਪ੍ਰੋਸੈਸਿੰਗ ਉਦਯੋਗ ਨੂੰ ਨਿਸ਼ਚੈ ਹੀ ਹੁਲਾਰਾ ਮਿਲੇਗਾ। ਉਹਨਾਂ ਨੇ ਛੋਟੇ ਪੱਧਰ ਤੇ ਕਾਰਜ ਕਰ ਰਹੇ ਉਦਮੀਆਂ, ਮੱਧਮ ਅਤੇ ਵੱਡੇ ਪੱਧਰ ਤੇ ਉਦਯੋਗਾਂ ਅਤੇ ਭੋਜਨ ਪ੍ਰੋਸੈਸਿੰਗ ਨੂੰ ਵਪਾਰ ਵਜੋਂ ਚਲਾ ਰਹੇ ਸੈਲਫ ਹੈਲਪ ਗਰੁੱਪਾਂ ਨੂੰ ਆਪਣੇ ਉਤਪਾਦਾਂ ਦੀ ਨੁਮਾਇਸ਼ ਲਗਾਉਣ, ਪੀਏਯੂ ਮਾਹਿਰਾਂ ਨਾਲ ਰਾਬਤਾ ਕਾਇਮ ਕਰਨ ਅਤੇ ਵਿਕਰੀ ਨੂੰ ਵਧਾਉਣ ਦੀ ਅਪੀਲ ਕੀਤੀ। ਡਾ. ਢਿੱਲੋਂ ਨੇ ਵਿਸ਼ਵਾਸ਼ ਪ੍ਰਗਟ ਕੀਤਾ ਕਿ ਇਸ ਕਲਾ ਅਤੇ ਪ੍ਰੋਸੈਸਿੰਗ ਦੇ ਪਲੈਟਫਾਰਮ ਉਪਰ ਨਵੇਂ ਉਦਮੀਆਂ ਨੂੰ ਸਿੱਖਣ ਤੇ ਅੱਗੇ ਵਧਣ ਦਾ ਮੌਕਾ ਮਿਲੇਗਾ ।