ਕਾਨਪੁਰ – ਉਤਰਪ੍ਰਦੇਸ਼ ਦੇ ਕਾਨਪੁਰ ਸ਼ਹਿਰ ਵਿੱਚ ਬੈਂਕ ਵੱਲੋਂ ਸਿੱਕੇ ਨਾ ਲਏ ਜਾਣ ਕਰਕੇ ਨਰਾਜ਼ ਵਪਾਰੀਆਂ ਨੇ ਆਪਣੇ ਪੋਸਟਰ ਅਤੇ ਬੈਨਰ ਵਿੱਚ ਪ੍ਰਧਾਨਮੰਤਰੀ ਮੋਦੀ ਦੀ ਤੁਲਣਾ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨਾਲ ਕੀਤੀ ਹੈ। ਇਨ੍ਹਾਂ ਵਪਾਰੀਆਂ ਦਾ ਕਹਿਣਾ ਹੈ ਕਿ ਬੈਂਕ ਕਰਮਚਾਰੀ 10 ਰੁਪੈ ਦੇ ਸਿੱਕੇ ਬੈਂਕ ਵਿੱਚ ਜਮ੍ਹਾ ਨਹੀਂ ਕਰ ਰਹੇ। ਜਿਸ ਕਰਕੇ ਵਪਾਰੀ ਬਹੁਤ ਪ੍ਰੇਸ਼ਾਨ ਹੋ ਰਹੇ ਹਨ ਅਤੇ ਦਸ ਰੁਪੈ ਦੇ ਸਿੱਕੇ ਲੈ ਕੇ ਉਹ ਦਰ-ਦਰ ਭਟਕ ਰਹੇ ਹਨ।
ਯੂਪੀ ਪੁਲਿਸ ਨੇ ਇਸ ਵਿਵਾਦਤ ਪੋਸਟਰ ਨੂੰ ਬਣਾਉਣ ਵਾਲੇ 23 ਵਪਾਰੀਆਂ ਦੇ ਖਿਲਾਫ਼ ਮੁਕੱਦਮਾ ਦਰਜ਼ ਕਰ ਦਿੱਤਾ ਹੈ। 12 ਅਕਤੂਬਰ ਨੂੰ ਸਵੇਰ ਦੇ ਸਮੇਂ ਸ਼ਹਿਰ ਵਿੱਚ ਕਈ ਸਥਾਨਾਂ ਤੇ ਪੋਸਟਰ ਲਗਾਏ ਗਏ ਸਨ। ਹਲਕੇ ਨੀਲੇ ਰੰਗ ਦੇ ਇਸ ਹੋਰਡਿੰਗ ਵਿੱਚ ਇੱਕ ਪਾਸੇ ਕੋਰਿਆਈ ਤਾਨਾਸ਼ਾਹ ਕਿਮ ਜੋਂਗ ਦੀ ਤਸਵੀਰ ਲਗੀ ਹੈ ਤੇ ਉਸ ਊਪਰ ਲਿਖਿਆ ਹੋਇਆ ਹੈ, ‘ਮੈਂ ਦੁਨੀਆਂ ਨੂੰ ਮਿਟਾ ਕੇ ਦਮ ਲਵਾਂਗਾ।’
ਹੋਰਡਿੰਗ ਵਿੱਚ ਦੂਸਰੇ ਪਾਸੇ ਨਰੇਂਦਰ ਮੋਦੀ ਦੀ ਤਸਵੀਰ ਲਗੀ ਹੈ ਤੇ ਉਸ ਉਪਰ ਲਿਖਿਆ ਹੋਇਆ ਹੈ, ‘ਮੈਂ ਵਪਾਰ ਨੂੰ ਮਿਟਾ ਕੇ ਹੀ ਦਮ ਲਵਾਂਗਾ।’ ਪੁਲਿਸ ਨੇ ਉਸੇ ਦਿਨ ਇਸ ਮਾਮਲੇ ਵਿੱਚ ਐਫ਼ਆਈਆਰ ਦਰਜ਼ ਕਰ ਲਈ ਸੀ। ਪੁਲਿਸ ਹੁਣ ਪੋਸਟਰ ਲਗਾਉਣ ਵਾਲੇ ਵਪਾਰੀਆਂ ਨੂੰ ਪਕੜ ਰਹੀ ਹੈ।