ਮੁੰਬਈ – ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਿੱਚ ਭਾਈਵਾਲ ਪਾਰਟੀ ਸ਼ਿਵਸੈਨਾ ਨੇ ਫਿਰ ਤੋਂ ਬੀਜੇਪੀ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ਹੁਣ ਸ਼ਿਵਸੈਨਾ ਨੇ ਸਰਕਾਰ ਤੋਂ ਪੁੱਛਿਆ ਹੈ ਕਿ ਕਿੱਥੇ ਗਏ ਹਨ ਚੰਗੇ ਦਿਨ? ਅਰਥਵਿਵਸਥਾ ਦਾ ਜੋ ਦਿਵਾਲਾ ਨਿਕਲਿਆ ਹੋਇਆ ਹੈ, ਉਸ ਦਾ ਕੀ ਬਣੇਗਾ, ਕਿਸ ਤਰ੍ਹਾਂ ਉਸ ਨੂੰ ਪੱਟੜੀ ਤੇ ਲਿਆਵਾਂਗੇ। ਇਸ ਸਬੰਧੀ ਕਿਸੇ ਵੀ ਮੰਤਰੀ ਕੋਲ ਕੋਈ ਜਵਾਬ ਨਹੀਂ ਹੈ।
ਸ਼ਿਵਸੈਨਾ ਨੇ ਆਪਣੇ ਅਖ਼ਬਾਰ ਸਾਹਮਣਾ ਵਿੱਚ ਮੋਦੀ ਸਰਕਾਰ ਤੇ ਜਮ ਕੇ ਵਾਰ ਕੀਤੇ ਹਨ। ਨੋਟਬੰਦੀ ਅਤੇ ਜੀਐਸਟੀ ਵਰਗੀਆਂ ਹੋਰ ਨੀਤੀਆਂ ਦੀ ਅਲੋਚਨਾ ਕਰਦੇ ਹੋਏ ਸ਼ਿਵਸੈਨਾ ਨੇ ਕਿਹਾ ਹੈ ਕਿ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ, ਇਸ ਲਈ ਹੁਣ ਸਰਕਾਰ ਨੂੰ ਜਨਤਾ ਨੂੰ ਜਵਾਬ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਪਾਰਟੀ ਨੇ ਕਿਹਾ ਕਿ ਦੀਵਾਲੀ ਤੇ ਲਕਸ਼ਮੀ ਪੂਜਾ ਕਰਦੇ ਸਮੇਂ ਲੋਕਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਨੋਟਬੰਦੀ ਦਾ ਦੈਂਤ ਫਿ ਤੋਂ ਦਹਿਸ਼ਤ ਨਾ ਫੈਲਾਏ ਅਤੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਉਨ੍ਹਾਂ ਤੋਂ ਨਾ ਖੋਹਵੇ। ਪਾਰਟੀ ਦਾ ਮੰਨਣਾ ਹੈ ਕਿ ਨੋਟਬੰਦੀ ਅਤੇ ਜੀਐਸਟੀ ਕਰਕੇ ਅਰਥਵਿਵਸਥਾ ਲੜਖੜਾ ਗਈ ਹੈ। ਨਿਰਮਾਣ ਖੇਤਰ ਅਤੇ ਵਪਾਰੀ ਪਿੱਛਲੇ 11 ਮਹੀਨਿਆਂ ਤੋਂ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ।
ਸ਼ਿਵਸੈਨਾ ਨੇ ਸਰਕਾਰ ਤੋਂ ਇਹ ਸਵਾਲ ਪੁੱਛੇ ਹਨ ਕਿ ਦੀਵਾਲੀ ਦਾ ਤਿਉਹਾਰ ਤਾਂ ਸਮਾਪਤ ਹੋ ਜਾਵੇਗਾ, ਪਰ ਅਰਥਵਿਵਸਥਾ ਦਾ ਜੋ ਦਿਵਾਲਾ ਨਿਕਲਿਆ ਹੋਇਆ ਹੈ, ਉਸ ਦਾ ਕੀ ਹੋਵੇਗਾ? ਚੰਗੇ ਦਿਨਾਂ ਦੀ ਦੀਵਾਲੀ ਕਿੱਥੇ ਹੈ? ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕ ਕਿਉਂ ਨਹੀਂ ਰਹੀਆਂ? ਪਿੱਛਲੀ ਸਰਕਾਰ ਦੇ ਸਮੇਂ ਤੋਂ ਪੂਰੀ ਤਰ੍ਹਾਂ ਸਮਾਪਤ ਹੋ ਚੁੱਕੀ ਬਿਜਲੀ ਕਟੌਤੀ ਹੁਣ ਫਿਰ ਤੋਂ ਸ਼ੁਰੂ ਕਿਉਂ ਹੋ ਗਈ? ਆਖਿਰ ਚੰਗੇ ਦਿਨ ਕਦੋਂ ਆਉਣਗੇ?