ਫ਼ਤਹਿਗੜ੍ਹ ਸਾਹਿਬ – “ਕਿਸੇ ਵੀ ਮੁਲਕ ਦੀ ਫੌ਼ਜ ਵਿਚ ਕਦੀ ਵੀ ਹੁਕਮਰਾਨ ਕਿਸੇ ਵੀ ਕੱਟੜਵਾਦੀ ਇਕ ਵਰਗ ਜਾਂ ਇਕ ਕੌਮ ਦੀ ਸੋਚ ਨੂੰ ਬਿਲਕੁਲ ਵੀ ਘੁਸਪੈਠ ਨਹੀਂ ਕਰਨ ਦਿੰਦੇ ਤਾਂ ਕਿ ਫ਼ੌਜ ਵਿਚ ਜਾਤ-ਪਾਤ, ਕੌਮ-ਧਰਮ ਜਾਂ ਵੱਖ-ਵੱਖ ਫਿਰਕਿਆ ਪ੍ਰਤੀ ਨਫ਼ਰਤ ਨਾ ਫੈਲੇ ਅਤੇ ਫ਼ੌਜ ਅਨੁਸਾਸ਼ਨ ਵਿਚ ਰਹੇ। ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਭਾਰਤ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਕਸ਼ਮੀਰ ਵਿਚ ਫ਼ੌਜ, ਬੀ.ਐਸ.ਐਫ. ਦੇ ਮੁਲਾਜ਼ਮਾਂ ਨੂੰ ਸੁਬੋਧਿਤ ਹੁੰਦੇ ਹੋਏ ਉਨ੍ਹਾਂ ਕੋਲੋ ‘ਭਾਰਤ ਮਾਤਾ ਦੀ ਜੈ’ ਅਤੇ ‘ਬੰਦੇ-ਮਾਤਰਮ’ ਵਰਗੇ ਫਿਰਕੂ ਨਾਅਰੇ ਲਗਵਾਕੇ ਫ਼ੌਜ ਅਤੇ ਬੀ.ਐਸ.ਐਫ. ਵਰਗੀਆਂ ਸੰਸਥਾਵਾਂ ਵਿਚ ਵੀ ਹਿੰਦੂਤਵ ਦੀ ਸੋਚ ਨੂੰ ਲਾਗੂ ਕਰਕੇ ਫੌ਼ਜ ਵਿਚ ਵੀ ਨਫ਼ਰਤ ਫੈਲਾਉਣ ਦੇ ਦੁੱਖਦਾਇਕ ਅਮਲ ਹੁਕਮਰਾਨਾਂ ਵੱਲੋ ਸੁਰੂ ਹੋ ਗਏ ਹਨ । ਜਿਸ ਨੂੰ ਸਿੱਖ, ਮੁਸਲਿਮ, ਇਸਾਈ ਅਤੇ ਦਲਿਤ ਫ਼ੌਜੀ ਤੇ ਸਿਪਾਹੀ ਬਿਲਕੁਲ ਸਹਿਣ ਨਹੀਂ ਕਰਨਗੇ। ਜੇਕਰ ਹਕੂਮਤੀ ਤਾਕਤ ਦੇ ਜੋਰ ਨਾਲ ਦੂਸਰੀਆਂ ਕੌਮਾਂ ਦੇ ਫ਼ੌਜੀਆਂ ਤੇ ਸਿਪਾਹੀਆਂ ਉਤੇ ਹਿੰਦੂਤਵ ਪ੍ਰੋਗਰਾਮ ਲਾਗੂ ਕਰਨ ਦੀ ਕੋਸਿ਼ਸ਼ ਕੀਤੀ ਗਈ ਤਾਂ ਫੌ਼ਜ ਵਰਗੀ ਅਨੁਸ਼ਾਸਿ਼ਤ ਸੰਸਥਾਂ ਵਿਚ ਵੀ ਬਹੁਤ ਵੱਡੀ ਗੜਬੜ ਪੈਦਾ ਹੋਣ ਅਤੇ ਫ਼ੌਜੀ ਨਿਜਾਮ ਦਾ ਪ੍ਰਬੰਧ ਤਹਿਸ-ਨਹਿਸ ਹੋਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਹਿੰਦੂਤਵ ਹੁਕਮਰਾਨਾਂ ਨੂੰ ਸੰਸਾਰ ਪੱਧਰ ਦੇ ਫ਼ੌਜੀ ਕਾਨੂੰਨਾਂ ਤੇ ਨਿਯਮਾਂ ਅਤੇ ਫ਼ੌਜ ਦੇ ਅਨੁਸ਼ਾਸਿ਼ਤ ਨੂੰ ਬਰਕਰਾਰ ਰੱਖਣ ਹਿੱਤ ਫ਼ੌਜ ਵਿਚ ਕਿਸੇ ਤਰ੍ਹਾਂ ਦਾ ਵੀ ਹਿੰਦੂਤਵ ਪ੍ਰੋਗਰਾਮ ਨਾ ਠੋਸਿਆ ਜਾਵੇ ਤਾਂ ਬਿਹਤਰ ਹੋਵੇਗਾ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਭਾਰਤ ਵੱਲੋਂ ਅਤੇ ਇਥੋ ਦੇ ਮੁਤੱਸਵੀ ਹੁਕਮਰਾਨਾਂ ਵੱਲੋ ਫ਼ੌਜ, ਬੀ.ਐਸ.ਐਫ. ਅਰਧ ਸੈਨਿਕ ਬਲਾਂ ਵਿਚ ਗੈਰ-ਕਾਨੂੰਨੀ ਤੇ ਗੈਰ-ਸਮਾਜਿਕ ਢੰਗ ਰਾਹੀ ਹਿੰਦੂਤਵ ਸੋਚ ਨੂੰ ਜੋਰ-ਸੋਰ ਨਾਲ ਫਿਲਾਉਣ ਅਤੇ ਫ਼ੌਜ ਵਿਚ ਵੀ ਨਫ਼ਰਤ ਪੈਦਾ ਕਰਨ ਦੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਅਤੇ ਹੁਕਮਰਾਨਾਂ ਨੂੰ ਇਸਦੇ ਨਿਕਲਣ ਵਾਲੇ ਭੈੜੇ ਨਤੀਜਿਆ ਤੋਂ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ। ਸ. ਮਾਨ ਨੇ ਭਾਰਤ ਦੀਆਂ ਤਿੰਨੇ ਫ਼ੌਜਾਂ ਜਲ-ਥਲ-ਹਵਾਈ ਸੈਨਾ ਦੇ ਮੁੱਖੀ ਨੂੰ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਸ੍ਰੀ ਮੋਦੀ ਦੀ ਹਕੂਮਤ ਵੱਲੋਂ ਫ਼ੌਜੀ ਪ੍ਰਬੰਧ ਵਿਚ ਲਾਗੂ ਕੀਤੀ ਜਾ ਰਹੀ ਹਿੰਦੂਤਵ ਸੋਚ ਨੂੰ ਖ਼ਤਮ ਕਰਨ ਲਈ ਅਤੇ ਇਸ ਉਤੇ ਰੋਕ ਲਗਾਉਣ ਲਈ ਦ੍ਰਿੜਤਾ ਨਾਲ ਆਪਣੇ ਫਰਜਾਂ ਨੂੰ ਪੂਰਨ ਕਰਨਾ ਚਾਹੀਦਾ ਹੈ। ਜਿਸ ਅਮਰੀਕਾ ਦਾ ਭਾਰਤ ਦੀ ਹਿੰਦੂਤਵ ਸਟੇਟ ਨਾਲ ਸਮਝੋਤਾ ਹੈ, ਉਸ ਨੂੰ ਇਸ ਵਿਸ਼ੇ ਤੇ ਹਰ ਪੱਖੋ ਗੰਭੀਰ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਸਾਊਥ ਏਸੀਆ ਦੇ ਹਿੰਦੂਤਵ ਸਟੇਟ ਅਤੇ ਵੈਸਟ ਏਸੀਆ ਦੇ ਇਜਰਾਈਲ ਸਟੇਟ ਜੋ ਨਿਊਕਲਰ ਤਾਕਤ ਨਾਲ ਲੈਸ ਹਨ, ਉਨ੍ਹਾਂ ਨੂੰ ਹਰ ਤਰ੍ਹਾਂ ਦੀ ਫ਼ੌਜੀ ਮਦਦ ਅਤੇ ਹੋਰ ਮਾਲੀ ਮਦਦ ਦੇਣ ਦੇ ਵਿਸਿਆ ਉਤੇ ਵੀ ਗੰਭੀਰਤਾ ਨਾਲ ਸੋਚਣਾ ਪਵੇਗਾ।
ਉਨ੍ਹਾਂ ਕਿਹਾ ਕਿ ਜੋ ਇਸਲਾਮਿਕ ਵਸੋਂ ਹੈ, ਉਹ ਯਹੂਦੀ ਇਜਰਾਈਲ ਸਟੇਟ ਅਤੇ ਹਿੰਦੂਤਵ ਭਾਰਤ ਸਟੇਟ ਦੇ ਵਿਚਕਾਰ ਵਿਚਰਦੀ ਹੈ। ਉਪਰੋਕਤ ਦੋਵਾਂ ਪ੍ਰਮਾਣੂ ਤਾਕਤਾਂ ਵਾਲੇ ਮਜ਼ਬੂਤ ਸਟੇਟਾਂ ਪ੍ਰਤੀ ਅਮਰੀਕਾ ਨੂੰ ਆਪਣੀ ਰਣਨੀਤੀ ਉਤੇ ਗੰਭੀਰਤਾ ਨਾਲ ਗੌਰ ਕਰਨਾ ਪਵੇਗਾ ਤਾਂ ਕਿ ਹਰ ਪਾਸੇ ਅਮਨ-ਚੈਨ ਤੇ ਜਮਹੂਰੀਅਤ ਦਾ ਬੋਲਬਾਲਾ ਰਹੇ। ਸਿੱਖ ਕੌਮ ਜੋ ਇਕ ਵੱਖਰੀ ਕੌਮ ਹੈ, ਉਹ ਅਮਰੀਕਾ ਦੀ ਉਪਰੋਕਤ ਦੋਵਾਂ ਪ੍ਰਮਾਣੂ ਤਾਕਤਾਂ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਨੂੰ ਬਿਲਕੁਲ ਪ੍ਰਵਾਨ ਨਹੀਂ ਕਰੇਗੀ। ਕਿਉਂਕਿ ਅਸੀਂ ਸੰਸਾਰਿਕ ਅਮਨ-ਚੈਨ ਚਾਹੁੰਦੇ ਹੋਏ ਪ੍ਰਮਾਣੂ ਤਾਕਤਾਂ ਦਾ ਫੈਲਾਅ ਕਰਨ ਦੇ ਵਿਰੁੱਧ ਹਾਂ।