ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਨਾਮ ਦੇਸ਼ ਦੇ ਸੱਭ ਤੋਂ ਸ਼ਕਤੀਸ਼ਾਲੀ ਨੇਤਾਵਾਂ ਵਿੱਚ ਸ਼ਾਮਿਲ ਹੋ ਗਿਆ ਹੈ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦੇ ਤੌਰ ਤੇ ਜਿਨਪਿੰਗ ਨੂੰ ਅਗਲੇ ਪੰਜ ਸਾਲ ਲਈ ਦੁਬਾਰਾ ਚੁਣ ਲਿਆ ਹੈ। ਇਸ ਦੇ ਨਾਲ ਹੀ ਜਿਨਪਿੰਗ ਦੇ ਨਾਮ ਅਤੇ ਸਿਧਾਂਤ ਨੂੰ ਪਾਰਟੀ ਦੇ ਸੰਵਿਧਾਨ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਇਸ ਕਾਰਣ ਜਿਨਪਿੰਗ ਦਾ ਅਕਸ ਵੱਧ ਕੇ ਪਾਰਟੀ ਦੇ ਸੰਸਥਾਪਕ ਮਾਓ ਅਤੇ ਉਨ੍ਹਾਂ ਦੇ ਉਤਰਾਅਧਿਕਾਰੀ ਡੇਂਗ ਸ਼ਿਆਓਪਿੰਗ ਦੇ ਬਰਾਬਰ ਹੋ ਗਿਆ ਹੈ।
ਪਾਰਟੀ ਸੰਵਿਧਾਨ ਵਿੱਚ ਜਿਨਪਿੰਗ ਦੇ ਵਿਚਾਰ ‘ਨਵੇਂ ਯੁਗ ਦੇ ਲਈ ਚੀਨ ਦੀਆਂ ਵਿਸ਼ੇਸ਼ਤਾਈਆਂ ਦੇ ਨਾਲ ਸਮਾਜਵਾਦ’ ਨੂੰ ਸ਼ਾਮਿਲ ਕਰ ਲਿਆ ਗਿਆ। ਹੁਣ ਤੱਕ ਮਾਓ ਅਤੇ ਡੇਂਗ ਦੇ ਨਾਮ ਅਤੇ ਸਿਧਾਂਤ ਹੀ ਪਾਰਟੀ ਸੰਵਿਧਾਨ ਵਿੱਚ ਸ਼ਾਮਿਲ ਸਨ। ਇਸ ਤੋਂ ਪਹਿਲਾਂ ਅਹੁਦੇ ਤੇ ਰਹਿੰਦੇ ਹੋਏ ਹੋਏ ਕੇਵਲ ਮਾਓ ਦਾ ਨਾਮ ਹੀ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਸੀ, ਜਦੋਂ ਕਿ ਡੇਂਗ ਦਾ ਨਾਮ ਉਨ੍ਹਾਂ ਦੀ ਮੌਤ ਤੋਂ ਬਾਅਦ 1997 ਵਿੱਚ ਸ਼ਾਮਿਲ ਕੀਤਾ ਗਿਆ ਸੀ। ਚੀਨ ਦੇ ਸਾਬਕਾ ਨੇਤਾ ਹੂ ਜਿੰਤਾਓ ਅਤੇ ਜਿਆਂਗ ਜੇਮਿਨ ਦੇ ਸਿਧਾਂਤ ਤਾਂ ਸੰਵਿਧਾਨ ਵਿੱਚ ਸ਼ਾਮਿਲ ਕੀਤੇ ਗਏ ਸਨ, ਪਰ ਉਨ੍ਹਾਂ ਦਾ ਨਾਮ ਸ਼ਾਮਿਲ ਨਹੀਂ ਕੀਤਾ ਗਿਆ।
ਰਾਸ਼ਟਰਪਤੀ ਜਿਨਪਿੰਗ ਨੇ ਇਸ ਮੌਕੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੀਨ ਅਤੇ ਦੇਸ਼ ਦੇ ਲੋਕਾਂ ਦੇ ਸਾਹਮਣੇ ਮਹਾਨ ਅਤੇ ਉਜਲ ਭਵਿੱਖ ਹੈ। ਇਨ੍ਹਾਂ ਮਹਾਨ ਪਲਾਂ ਵਿੱਚ ਅਸੀ ਜਿਆਦਾ ਆਤਮਵਿਸ਼ਵਾਸ਼ ਅਤੇ ਗਰਵ ਮਹਿਸੂਸ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਸਾਡੇ ਵਿੱਚ ਜਿੰਮੇਵਾਰੀ ਦੀ ਭਾਵਨਾ ਵੀ ਹੈ। ਅਗਲੇ ਪੰਜ ਸਾਲ ਦੇ ਲਈ ਪਾਰਟੀ ਦੀ ਅਗਵਾਈ ਕਰਨ ਵਾਲੀ ਕੇਂਦਰੀ ਕਮੇਟੀ ਦੀ ਚੋਣ ਵੀ ਕਰ ਲਈ ਗਈ ਹੈ।
ਜਿਨਪਿੰਗ ਦਾ ਜਨਮ 15 ਜੂਨ 1953 ਵਿੱਚ ਹੋਇਆ ਸੀ।ਉਹ 1974 ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋਏ ਸਨ। 2008 ਤੋਂ 2013 ਤੱਕ ਉਹ ਉਪ ਰਾਸ਼ਟਰਪਤੀ ਰਹੇ। 2013 ਵਿੱਚ ਉਹ ਚੀਨ ਦੇ ਸਤਵੇਂ ਰਾਸ਼ਟਰਪਤੀ ਬਣੇ। ਇਸ ਸਮੇਂ ਉਹ ਚੀਨ ਦੇ ਸੱਭ ਤੋਂ ਵੱਧ ਸ਼ਕਤੀਸ਼ਾਲੀ ਨੇਤਾ ਹਨ। ਉਹ ਪਾਰਟੀ, ਸ਼ਾਸਨ ਅਤੇ ਦੇਸ ਦੀ ਸੈਨਾ ਦੀ ਅਗਵਾਈ ਕਰ ਰਹੇ ਹਨ।