ਨਵੀਂ ਦਿੱਲੀ – ਬੀਤੇ ਕਲ੍ਹ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿਖੇ ਸਿੱਖਾਂ ਨੂੰ ਚਿੜਾਉਣ ਲਈ ਪੰਥ ਦੀ ਕੱਟੜ ਦੁਸ਼ਮਣ ਜਮਾਤ ਰਾਸ਼ਟਰੀ ਸੋਇੰਮ ਸੇਵਕ ਸੰਘ ਦਾ ਥਾਪੜਾ ਪ੍ਰਾਪਤ ਰਾਸ਼ਟਰ ਸਿੰਘ ਸੰਗਤ ਵੱਲੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਸਾਲਾ ਸਮਾਗਮਾਂ ਨੂੰ ਸਮੱਰਪਿੱਤ ਕਰਵਾਇਆ ਗਏ ਸਮਗਾਮ ਦੀ ਪੰਥ ਵਿਰੋਧੀ ਗਰਦਾਨਦਿਆਂ ਪੰਥਕ ਸੇਵਾ ਦਲ ਦੇ ਕਾਰਕੂੰਨਾਂ ਤੇ ਆਹੁਦੇਦਾਰਾਂ ਨੇ ਡੱਟ ਕੇ ਵਿਰੋਧ ਕਰਦਿਆ ਆਰ.ਐਸ ਐਸ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆ ਵਿੱਚ ਦਖਲ ਦੇਣ ਵਾਲੀ ਜਮਾਤ ਗਰਦਾਨਿਆ।
ਪੰਥਕ ਸੇਵਾ ਦਲ ਦੇ ਬੁਲਾਰੇ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਦਲ ਦੇ ਕਨਵੀਨਰ ਇੰਦਰਜੀਤ ਸਿੰਘ ਮੌਂਟੀ ਤੇ ਕੋ ਕਨਵੀਨਰ ਸ੍ਰ. ਸੰਗਤ ਸਿੰਘ ਦੀ ਅਗਵਾਈ ਹੇਠ ਜਦੋਂ ਗੁਰਦੁਆਰਾ ਰਕਾਬ ਗੰਜ ਤੋਂ ਪੰਥਕ ਸੇਵਾ ਦਲ ਦੇ ਕਾਰਕੁੰਨ ਭਾਰੀ ਗਿਣਤੀ ਵਿੱਚ ਹੱਥਾਂ ਵਿੱਚ ਤਖਤੀਆ ਫੜ ਕੇ ਅਕਾਸ਼ ਗੂੰਜਾਊ ਨਾਅਰੇ ਮਾਰਦੇ ਹੋਏ ਬਾਹਰ ਨਿਕਲੇ ਤਾਂ ਪੁਲੀਸ ਨੇ ਚੌਂਕ ਵਿੱਚ ਹੀ ਰੋਕ ਲਿਆ। ਉਹਨਾਂ ਦੱਸਿਆ ਕਿ ਕਿਸੇ ਜਥੇਬੰਦੀ ਜਾਂ ਵਿਅਕਤੀ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਨਹੀ ਦੇਣ ਦਿੱਤਾ ਜਾਵੇਗਾ ਅਤੇ ਸਿੱਖ ਇੱਕ ਵੱਖਰੀ ਕੌਮ ਹਨ ਤੇ ਗੁਰੂ ਨਾਨਕ ਸਾਹਿਬ ਨੇ ਨਿਰਾਲਾ ਪੰਥ ਚਲਾ ਕੇ ਸਿੱਖ ਨੂੰ ਵੱਖਰੀ ਪਛਾਣ ਦਿੱਤੀ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਖਾਲਸਾ ਪੰਥ ਵਿੱਚ ਨਵੀ ਰੂਹ ਫੂਕ ਦਿੱਤੀ ਤੇ ਖਾਲਸੇ ਨੂੰ ਹਮੇਸ਼ਾਂ ਮਜਲੂਮ ਦੀ ਰੱਖਿਆ ਕਰਨ ਤੇ ਜ਼ੁਲਮ ਤੇ ਜ਼ਾਲਮ ਦਾ ਟਾਕਰਾ ਕਰਨ ਦਾ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਸਿੱਖ ਕਿਸੇ ਵੀ ਕਰਮ ਕਾਂਡ ਜਾਂ ਮੂਰਤੀ ਪੂਜਾ ਦਾ ਪੁਜਾਰੀ ਨਹੀ ਹੈ ਤੇ ਸਿੱਖ ਨੂੰ ਗੁਰੂ ਸਾਹਿਬ ਨੇ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ ਤੇ ਦੀਦਾਰ ਖਾਲਸੇ ਦਾ ਸੰਦੇਸ਼ ਦੇ ਕੇ ਇੱਕ ਪੰਥ ਚਲਾਇਆ ਪਰ ਕੁਝ ਪੰਥ ਵਿਰੋਧੀ ਆਰ ਐਸ ਐਸ ਵਰਗੀਆ ਜਥੇਬੰਦੀਆ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸ ਕੇ ਸਿੱਖ ਪੰਥ ਨੂੰ ਰਲਗੱੜ ਕਰਨਾ ਚਾਹੁੰਦੀਆਂ ਹਨ ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀ ਕਰਨਗੇ। ਉਹਨਾਂ ਕਿਹਾ ਕਿ ਸਿੱਖ ਪੰਥ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਕਿਸੇ ਵੀ ਰੂਪ ਵਿੱਚ ਸਫਲ ਨਹੀ ਹੋਣ ਦਿੱਤੀਆਂ ਜਾਣਗੀਆਂ ਤੇ ਖਾਲਸਾ ਹਰ ਉਸ ਜਥੇਬੰਦੀ ਤੇ ਵਿਅਕਤੀ ਦਾ ਵਿਰੋਧ ਕਰੇਗਾ ਜਿਹੜਾ ਸਿੱਖੀ ਦੀ ਆਨ ਤੇ ਸ਼ਾਨ ਨੂੰ ਚੂਨੌਤੀ ਦੇਵੇਗਾ। ਉਹਨਾਂ ਕਿਹਾ ਕਿ ਨਾਮਧਾਰੀਆਂ ਬਾਰੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਉਹ ਸਿੱਖ ਪੰਥ ਦਾ ਹਿੱਸਾ ਹਨ ਤੇ ਬੀਤੇ ਕਲ੍ਹ ਵਾਲੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਜਿਹੜੀ ਬੱਜਰ ਗਲਤੀ ਨਾਮਧਾਰੀਆਂ ਨੇ ਕੀਤੀ ਹੈ ਉਹ ਬਰਦਾਸ਼ਤ ਨਹੀ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਭਾਂਵੇ ਰਾਸ਼ਟਰੀ ਸਿੱਖ ਸੰਗਤ ਦਾ ਇਹ ਸਮਾਗਮ ਪੂਰੀ ਤਰ੍ਹਾਂ ਅਸਫਲ ਰਿਹਾ ਫਿਰ ਜਿਹੜੇ ਅੰਸ਼ਕ ਮਾਤਰ ਸਿੱਖ ਇਸ ਸਮਾਗਮ ਵਿੱਚ ਸ਼ਾਮਲ ਹੋਏ ਹਨ ਉਹਨਾਂ ਦੇ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਕੀਤੀ ਜਾਵੇ। ਇਸ ਸਮੇ ਆਗੂਆਂ ਨੇ ਦਿੱਲੀ ਕਮੇਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਸਮੇਂ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਨੇ ਆਪਣੀ ਜਿੰਮੇਵਾਰੀ ਨਹੀ ਨਿਭਾਈ ਜਿਸ ਕਰਕੇ ਸਿੱਖ ਸੰਗਤਾਂ ਇਹਨਾਂ ਨੂੰ ਸਮਾਂ ਆਉਣ ਤੇ ਜਰੂਰ ਜਵਾਬ ਦੇਣਗੀਆਂ। ਉਹਨਾਂ ਕਿਹਾ ਕਿ ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਜਿਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤ ਜੋਤ ਪੁਰਬ ਹੈ ਉਸ ਦਿਨ ਜਾਣ ਬੁੱਝ ਕੇ ਆਰ ਐਸ ਐਸ ਨੇ ਸਿੱਖਾਂ ਨੂੰ ਚੜਾਉਣ ਪ੍ਰਕਾਸ਼ ਪੁਰਬ ਮਨਾ ਕੇ ਵੀ ਮਨਾਇਆ ਹੈ। ਉਹਨਾਂ ਕਿਹਾ ਕਿ ਸਿੱਖ ਸੰਗਤ ਤੇ ਸਿੱਖ ਦਾ ਕਿਸੇ ਰਾਸ਼ਟਰ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਕਿ ਸਿੱਖ ਤਾਂ ਅੰਤਰਰਾਸ਼ਟਰੀ ਪੱਧਰ ਤੇ ਵਸਿਆ ਹੋਇਆ ਹੈ। ਇਸ ਰੋਸ ਮਾਰਚ ਵਿੱਚ ਪੰਥਕ ਸੇਵਾ ਦਲ ਦੇ ਯੂਥ ਵਿੰਗ ਇਕਾਈ ਦੇ ਪ੍ਰਧ੍ਵਾਨ ਹਰਸ਼ ਸਿੰਘ, ਵਾਈਸ ਪ੍ਰਧਾਨ ਮਨਪ੍ਰੀਤ ਸਿੰਘ, ਪਰਮਜੀਤ ਸਿੰਘ ਖੁਰਾਣਾ ਸਰਪ੍ਰਸਤ, ਬਖਸ਼ੀਸ਼ ਸਿੰਘ ਕੌਰ ਕਮੇਟੀ ਮੈਂਬਰ ਆਦਿ ਨੇ ਵੀ ਮਾਰਚ ਵਿੱਚ ਸ਼ਾਮਿਲ ਸੰਗਤਾਂ ਨੂੰ ਸੰਬੋਧਨ ਕੀਤਾ ਜਦ ਕਿ ਭਾਰੀ ਗਿਣਤੀ ਵਿੱਚ ਸੰਗਤਾਂ ਇਸ ਮਾਰਚ ਵਿੱਚ ਸ਼ਾਮਲ ਹੋਈਆਂ।