ਕੈਨੇਡਾ ਵਾਸੀ ਨਾਵਲਕਾਰ ਅਨਮੋਲ ਕੌਰ ਦਾ ਇਹ ਚੌਥਾਂ ਨਾਵਲ ਹੈ। ਇਸ ਤੋਂ ਪਹਿਲਾਂ ਉਹ ਦੋ ਕਹਾਣੀ-ਸੰਗ੍ਰਹਿ-‘ਕੋਰਾ ਸੱਚ’ (2005) ਤੇ ‘ਦੁੱਖ ਪੰਜਾਬ ਦੇ’ (2008) ਅਤੇ ਇਕ ਨਾਵਲ ‘ਹੱਕ ਲਈ ਲੜਿਆ ਸੱਚ’ (2012) ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੀ ਹੈ।2015 ਵਿਚ ਪਾਠਕਾਂ ਸਾਹਵੇਂ ਸੱਚ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਨਾਵਲ ‘ਕੁੜੀ ਕੈਨੇਡਾ ਦੀ’ ਲੈ ਕੇ ਮੁੜ ਹਾਜ਼ਰ ਹੋਈ।ਨਾਵਲਕਾਰ ਹੱਥਲੇ ਨਾਵਲ ਵਿਚ ਮਜ਼ਬੂਰੀ ਵੱਸ ਹੁੰਦੇ ਪਰਵਾਸ ਦੇ ਸੰਕਟ ਨੂੰ ਸੰਬੋਧਤ ਵਿਸ਼ੇ ਨੂੰ ਸੰਜੀਦਗੀ ਨਾਲ ਉਭਾਰਨ ਦੇ ਆਹਰ ਵਿਚ ਹੈ।ਝੂਠੇ ਵਿਆਹ ਪੰਜਾਬੀਆਂ ਦੇ ਪਰਵਾਸ ਦਾ ਇਕ ਸਾਧਨ ਬਣ ਚੁੱਕਿਆ ਹੈ।ਇਸ ਪਵਿੱਤਰ ਰਿਸ਼ਤੇ ਨੂੰ ਵਾਹਨ ਬਣਾ ਕੇ ਪੰਜਾਬੀ ਕਿਵੇ ਆਪਣੇ ਹਿੱਤ ਸਾਧ ਰਹੇ ਹਨ, ਇਸ ਨਾਵਲ ਦਾ ਬਿਰਤਾਂਤ ਇਸ ਰੁਝਾਨ ਦੀ ਡੂੰਘੀ ਘੋਖ ਕਰਦਾ ਹੈ।ਮਨਮੀਤ ਇਸ ਨਾਵਲ ਦਾ ਨਾਇਕ ਹੈ।ਨਾਵਲਕਾਰ ਉੱਤਮ ਪੁਰਖੀ ਪਾਤਰ ਵਜੋਂ ਉਸ ਕੋਲੋਂ ਕਹਾਣੀ ਸੁਣਾਉਣ ਦੀ ਵਿਧੀ ਰਾਹੀਂ ਪੂਰਾ ਬਿਰਤਾਂਤ ਪੇਸ਼ ਕਰਦੀ ਹੈ।ਆਪ-ਬੀਤੀ ਘਟਨਾ ਨੂੰ ਉਹ ਸੁਣਾ ਕੇ ਪ੍ਰਸਤੁਤ ਕਰਦਾ ਹੈ।ਉਹ ਇਕ ਗੁਰਸਿੱਖ ਹੋਣ ਕਾਰਨ ਗੁਰਬਾਣੀ ਤੋਂ ਬਿਨਾਂ ਕਿਸੇ ਹੋਰ ਵਹਿਮ-ਭਰਮ ਜਾਂ ਡੇਰੇ ਤੇ ਸਾਧੂਆਂ ਤੋਂ ਦੂਰ ਰਹਿੰਦਾ ਹੈ।ਪਰ ਝੂਠ ਦੀ ਬੁਨਿਆਦ ਉੱਪਰ ਸਥਾਪਤ ਹੋਏ ਇਕ ਜ਼ਬਰਦਸਤੀ ਵਾਲੇ ਰਿਸ਼ਤੇ ਕਾਰਨ ਉਹ ਮਾਨਸਿਕ ਦੁਬਿਧਾ ਦਾ ਸ਼ਿਕਾਰ ਹੋ ਜਾਂਦਾ ਹੈ।ਇਹ ਨਾਵਲ ਉਸ ਦੀ ਮਾਨਸਿਕ ਉਥਲ-ਪੁਥਲ ਨੂੰ ਇਕ ਦਰਦਨਾਕ ਦਾਸਤਾਨ ਦੇ ਰੂਪ ਵਿਚ ਪੇਸ਼ ਕਰਦਾ ਹੈ।
ਬਿਰਤਾਂਤ ਦੀ ਪੱਧਰ ਉੱਪਰ ਹੱਥਲਾ ਨਾਵਲ ਦੋ ਧਰਤਾਲਾਂ ਉੱਤੇ ਵਿਚਰਦਾ ਹੈ। ਪਹਿਲਾ ਹਿੱਸਾ ਭਾਰਤੀ ਪੰਜਾਬ ਵਿਚ ਤੇ ਦੂਜਾ ਹਿੱਸਾ ਕੈਨੇਡਾ ਦੇ ਵੈਨਕੂਵਰ ਤੇ ਸਰੀ ਵਿਚ ਵਾਪਰਦਾ ਹੈ। ਭਾਵ ਨਾਵਲ ਦਾ ਪਾਸਾਰ ਵਿਸ਼ਵ ਪੱਧਰ ਉੱਪਰ ਫੈਲਿਆ ਹੋਇਆ ਹੈ।ਨਾਵਲ ਦੇ ਬਿਰਤਾਂਤ ਅਨੁਸਾਰ ਮਨਮੀਤ ਤੇ ਹਰਨੀਤ ਦੋ ਨੌਜੁਆਨ ਪਾਤਰ ਹਨ।ਮਨਮੀਤ ਪੰਜਾਬ ਤੇ ਹਰਨੀਤ ਕੈਨੇਡਾ ਵਾਸੀ ਹਨ।ਨਾਵਲ ਦੀ ਕਹਾਣੀ ਅਨੁਸਾਰ ਹਰਨੀਤ ਕੈਨੇਡਾ ਵਿਚ ਆਪਣੇ ਬੁਆਏ ਫਰੈਂਡ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ।ਪਰ ਉਸ ਦੇ ਘਰ ਵਾਲੇ ਉਸ ਦਾ ਵਿਆਹ ਪੰਜਾਬ ਦੇ ਕਿਸੇ ਮੁੰਡੇ ਨਾਲ ਕਰਨਾ ਚਾਹੁੰਦੇ ਹਨ।ਉਸ ਦੀ ਦਾਦੀ ਆਪਣੇ ਜਿਉਂਦੇ ਜੀਅ ਉਸ ਦਾ ਵਿਆਹ ਵੇਖਣਾ ਚਾਹੁੰਦੀ ਹੈ।ਉਸ ਦੀ ਆਖਿਰੀ ਇੱਛਾ ਪੂਰੀ ਕਰਨ ਦੇ ਮਕਸਦ ਨਾਲ ਹਰਨੀਤ ਦੇ ਘਰ ਵਾਲੇ ਮੁੰਡੇ ਦੀ ਤਲਾਸ਼ ਲਈ ਪੰਜਾਬ ਆਉਂਦੇ ਹਨ।ਓਧਰ ਮਨਮੀਤ ਇਕ ਬੇਰੁਜ਼ਗਾਰ ਨੌਜੁਆਨ ਹੈ।ਉਸ ਦੇ ਘਰ ਵਾਲੇ ਉਸ ਨੂੰ ਪੜ੍ਹਾਉਣ ਲਈ ਬਾਹਰ ਭੇਜਣਾ ਚਾਹੁੰਦੇ ਹਨ।ਵਿਚੋਲੇ ਰਾਹੀਂ ਦੋਵਾਂ ਪਰਿਵਾਰਾਂ ਦਾ ਸੰਪਰਕ ਹੁੰਦਾ ਹੈ।ਪਹਿਲੀ ਵਾਰ ਮਿਲਣ ਉੱਪਰ ਹੀ ਹਰਨੀਤ, ਮਨਮੀਤ ਨਾਲ ਕੁੱਝ ਸ਼ਰਤਾਂ ਆਧਾਰਿਤ ਇਕ ‘ਡੀਲ’ ਯਾਨਿ ਸਮਝੌਤਾ ਕਰਦੀ ਹੈ।ਡੀਲ ਅਨੁਸਾਰ ਉਹ ਦੋਵੇਂ ਝੂਠਾ ਵਿਆਹ ਕਰਨਗੇ।ਮਨਮੀਤ ਕੈਨੇਡਾ ਪਹੁੰਚ ਕੇ ਹਰਨੀਤ ਨੂੰ ਤਲਾਕ ਦੇ ਦੇਵੇਗਾ।ਇਸ ਉਪਰੰਤ ਹਰਨੀਤ ਆਪਣੇ ਬੁਆਏ ਫਰੈਂਡ ਸੈਂਡੀ ਨਾਲ ਵਿਆਹ ਕਰਾਉਣ ਵਿਚ ਸਫ਼ਲ ਹੋ ਜਾਵੇਗੀ।ਨਾਲ ਹੀ ਮਨਮੀਤ ਦਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਹੋ ਜਾਵੇਗਾ।ਭਾਵ ਡੀਲ ਦੀ ਬੁਨਿਆਦ ਸੁਆਰਥ ਤੇ ਝੂਠ ਉਪਰ ਟਿਕਾਈ ਜਾਂਦੀ ਹੈ।
ਝੂਠੇ ਵਿਆਹ ਦੀ ਉਪਰੋਕਤ ਡੀਲ ਨੂੰ ਸਿਰੇ ਚੜ੍ਹਾਉਣ ਖਾਤਰ ਮਨਮੀਤ ਤੇ ਹਰਨੀਤ ਵਿਆਹ ਕਰਵਾ ਲੈਂਦੇ ਹਨ।ਵਿਆਹ ਹੋਣ ਮਗਰੋਂ ਕੁਝ ਦਿਨ ਇਕੱਠੇ ਰਹਿਣ ਵਿਚ ਪੇਸ਼ ਔਕੜਾਂ ਗਲਪੀ ਬਿਰਤਾਂਤ ਵਿਚ ਤਨਾਓ ਪੈਦਾ ਕਰਦੀਆਂ ਹਨ।ਇਕ ਝੂਠ ਖਾਤਰ ਦੋਵਾਂ ਨੂੰ ਕਈ ਝੂਠ ਬੋਲਣ ਲਈ ਮਜਬੂਰ ਹੋਣਾ ਪੈਂਦਾ ਹੈ।ਨਕਲੀ ਜ਼ਿੰਦਗੀ ਦਾ ਮਨਮੀਤ ਉੱਪਰ ਵੱਧ ਅਸਰ ਪੈਂਦਾ ਹੈ।ਕਿਉਂਕਿ ਝੂਠ ਨਾ ਬੋਲ ਸਕਣ ਕਾਰਨ ਕਈ ਵਾਰ ਉਹ ਪ੍ਰਸਤਿਥੀਆਂ ਵਿਚ ਘਿਰ ਜਾਂਦਾ ਹੈ। ਹਰਨੀਤ ਸਹਿਜ-ਸੁਭਾਅ ਹੀ ਹਰ ਮੁਸ਼ਕਲ ਨੂੰ ਝੂਠ ਬੋਲ ਕੇ ਹੱਲ ਕਰਨ ਵਿਚ ਮਾਹਿਰ ਹੈ। ਉਹ ਕਈ ਵਾਰੀ ਮਨਮੀਤ ਨੂੰ ਝੂਠ ਬੋਲ ਕੇ ਮੁਸ਼ਕਿਲਾਂ ਵਿਚੋਂ ਸਹਿਜੇ ਹੀ ਬਾਹਰ ਕੱਢ ਲੈਂਦੀ ਹੈ। ਕੈਨੇਡਾ ਪਹੁੰਚ ਕੇ ਵੀ ਉਹ ਫ਼ੋਨ ਰਾਹੀਂ ਮਨਮੀਤ ਦੇ ਪਿਤਾ ਤੇ ਦਾਦੀ ਦਾ ਮਨ ਜਿੱਤ ਲੈਂਦੀ ਹੈ।
ਝੂਠੇ ਵਿਆਹ ਵਿਚ ਮਨਮੀਤ ਦੀ ਮਾਨਸਿਕ ਹਾਲਤ ਅਸਥਿਰ ਹੋ ਜਾਂਦੀ ਹੈ।ਅਣਖ ਤੇ ਲਾਲਚ ਵਿਚਕਾਰ ਉਸ ਦੀ ਚੇਤਨਾ ਬਾਰ-ਬਾਰ ਉਸ ਨੂੰ ਕੋਸਣ ਲਈ ਮਜਬੂਰ ਕਰਦੀ ਹੈ।ਕੈਨੇਡਾ ਜਾਣ ਦੇ ਲਾਲਚ ਵੱਸ ਮਨਮੀਤ ਹਰਨੀਤ ਨਾਲ ਝੂਠੇ ਵਿਆਹ ਦੀ ਡੀਲ ਕਰ ਤਾਂ ਲੈਂਦਾ ਹੈ। ਪਰ ਇਸ ਨੂੰ ਨਿਭਾਉਣਾ ਉਸ ਲਈ ਉਨਾਂ ਹੀ ਮੁਸ਼ਕਿਲ ਹੈ।ਘਰ ਦੇ ਸੁਆਲਾਂ ਤੋਂ ਨਿਰਉੱਤਰ ਕਦੇ ਆਪਣੇ ਦੋਸਤ ਕਰਨੀ ਵੱਲ ਤੇ ਕਦੇ ਦੇਬੀ ਵੱਲ ਜਾਂਦਾ ਹੈ। ਪ੍ਰਸਥਿਤੀਆਂ ਤੋਂ ਭਾਂਜ ਉਸ ਨੂੰ ਮਾਨਸਿਕ ਉੱਥਲ-ਪੁੱਥਲ ਤੋਂ ਨਿਜ਼ਾਤ ਦਿਵਾਉਣ ਵਿਚ ਅਸਫ਼ਲ ਹੀ ਰਹਿੰਦੀ ਹੈ।
ਨਾਵਲਕਾਰ ਨੇ ਦੋਵਾਂ ਪਾਤਰਾਂ ਦੇ ਵਿਆਹ ਉਪਰੰਤ ਉਨ੍ਹਾਂ ਦੇ ਜੀਵਨ ਦੇ ਤਨਾਓ ਨੂੰ ਰੌਚਕ ਢੰਗ ਨਾਲ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ।ਦੋਵਾਂ ਵਿਚੋਂ ਮਨਮੀਤ ਦਵੰਦ ਦਾ ਬਹੁਤਾ ਸ਼ਿਕਾਰ ਹੁੰਦਾ ਹੈ। ਉਹ ਵਿਆਹ ਦੀਆਂ ਰਹੁ-ਰੀਤਾਂ, ਰਸਮ-ਰਿਵਾਜ ਤੇ ਅਣਚਾਹੇ ਖਰਚੇ ਕਾਰਨ ਸੰਕਟਗ੍ਰਸਤ ਹੈ। ਉਸ ਦੀ ਅਣਖ ਤੇ ਪਰਿਵਾਰਕ ਸੰਸਕਾਰ ਵੀ ਉਸ ਦੀ ਝੂਠੀ ਜ਼ਿੰਦਗੀ ਨੂੰ ਲਾਹਣਤਾਂ ਪਾਉਂਦੇ ਹਨ।ਜਦਕਿ ਹਰਨੀਤ ਇਸ ਤੋਂ ਵੱਖਰੀ ਸੋਚ ਦੀ ਧਾਰਨੀ ਹੈ।ਖੁੱਲ੍ਹੇ-ਡੁੱਲ੍ਹੇ ਸੁਭਾਅ ਦੀ ਮਾਲਿਕ ਹਰਨੀਤ ਇਕ ਪੇਸ਼ਾਵਰ ਢੰਗ ਨਾਲ ਆਪਣੀ ਡੀਲ ਲਈ ਵਚਨਬੱਧ ਹੈ। ਭਾਵੇਂ ਕਈ ਵਾਰੀ ਉਹ ਵੀ ਅਸਲੀਅਤ ਨੂੰ ਜਾਣਦੀ-ਪਹਿਚਾਨਦੀ ਹੋਈ ਅਨਜਾਣ ਬਣਨ ਦਾ ਨਾਟਕ ਕਰਦੀ ਹੈ।
ਪਰਵਾਸ ਦਾ ਦ੍ਰਿਸ਼ ਮਨਮੀਤ ਲਈ ਹਿਰਦੇ-ਵੇਧਕ ਹੈ।ਪਤਨੀ ਹਰਨੀਤ ਦੇ ਕੈਨੇਡਾ ਜਾਣ ਉਪਰੰਤ ਉਹ ਵੀ ਵੈਨਕੂਵਰ ਲਈ ਰਵਾਨਾ ਹੋ ਜਾਂਦਾ ਹੈ।ਹਰਨੀਤ ਨਾਲ ਹੋਈ ਡੀਲ ਉਸ ਦੇ ਮਨ ਉੱਪਰ ਛਾਈ ਰਹਿੰਦੀ ਹੈ। ਪਰ ਨਾਵਲਕਾਰ ਨੇ ਉਸ ਨੂੰ ਇਕ ਬਲਵਾਨ ਗਲਪੀ ਪਾਤਰ ਦਾ ਰੂਪ ਦਿੱਤਾ ਹੈ।ਉਹ ਪੜ੍ਹਾਕੂ ਹੋਣ ਕਰਕੇ ਜਾਗਰੂਕ ਬਿਰਤੀ ਵਾਲਾ ਪਾਤਰ ਹੈ।ਤਰਕ ਉੱਪਰ ਜਜ਼ਬਾਤ ਨੂੰ ਹਾਵੀ ਨਹੀਂ ਹੋਣ ਦਿੰਦਾ। ਉਹ ਉਲਝੀ ਜ਼ਿੰਦਗੀ ਨੂੰ ਸਮਝਣ ਲਈ ਅਣਥੱਕ ਜਤਨ ਜਾਰੀ ਰੱਖਦਾ ਹੈ। ਜਹਾਜ਼ ਵਿਚ ਇਕ ਮੁਸਾਫ਼ਰ ਨਾਲ ਬਹਿਸ ਕਰਦਾ ਹੋਇਆ ਉਹ ਇਕ ਦਾਰਸ਼ਨਿਕ ਬਹਿਸ ਛੇੜ ਲੈਂਦਾ ਹੈ।ਮੁਸਾਫ਼ਰ ਅਨੁਸਾਰ ਉਸ ਦੀ ਪਤਨੀ ਤੇ ਬੱਚੇ ਕੈਨੇਡਾ ਵਿਚ ਰਹਿੰਦੇ ਹਨ ਤੇ ਮਾਂ-ਬਾਪ ਪੰਜਾਬ ਵਿਚ। ਮਨਮੀਤ ਉਸ ਕੋਲੋਂ ਉਸ ਦੀ ਜੀਵਨ ਜਾਚ ਛਾਣਬੀਨ ਕਰਦਾ ਹੈ।ਮੁਸਾਫ਼ਰ ਪੰਜਾਬ ਤੇ ਕੈਨੇਡਾ ਦੋਵਾਂ ਥਾਵਾਂ ਉੱਪਰ ਰਹਿਣ ਵਿਚ ਖ਼ੁਸ਼ੀ ਦਾ ਇਜ਼ਹਾਰ ਕਰਦਾ ਹੈ।ਉਸ ਦੇ ਜੁਆਬ ਰਾਹੀਂ ਮਨਮੀਤ ਇਸ ਨਤੀਜੇ ਉੱਪਰ ਪਹੁੰਚਦਾ ਹੈ ਕਿ ਵਿਅਕਤੀ ਹਾਲਾਤ ਅਨੁਸਾਰ ਢਲ ਜਾਵੇ ਜਾਂ ਹਾਲਾਤ ਵਿਅਕਤੀ ਅਨੁਸਾਰ ਇਸ ਵਿਚ ਕੋਈ ਫਰਕ ਨਹੀਂ ਪੈਂਦਾ।ਦਰਅਸਲ ਮਨਮੀਤ ਦੀ ਪੜ੍ਹਾਈ ਹੀ ਉਸ ਦੀ ਤਾਕਤ ਹੈ।ਰਚਨਾ ਵਿਚ ਉਹ ਦਲੀਪ ਕੌਰ ਟਿਵਾਣਾ, ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਰਾਹੀਂ ਆਪਣੀ ਸੋਚ ਨੂੰ ਵਿਸ਼ਾਲ ਬਣਾਉਣ ਦੇ ਆਹਰ ਵਿਚ ਹੈ।ਮਹਿੰਦੀ ਹਸਨ ਦੀ ਗ਼ਜ਼ਲ ਅਤੇ ਗੁਰਬਾਣੀ ਨਾਲ ਜੋੜ ਕੇ ਆਪਣੀ ਉਲਝੀ ਜ਼ਿੰਦਗੀ ਨੂੰ ਸਾਰਥਕ ਬਣਾਉਣ ਲਈ ਜਤਨਸ਼ੀਲ ਰਹਿੰਦਾ ਹੈ।
ਉਹ ਹਰਨੀਤ ਨਾਲ ਇਕ ਬੇਸਮੈਂਟ ਵਿਚ ਰਹਿਣ ਲਗਦਾ ਹੈ।ਹੌਲੀ-ਹੌਲੀ ਹਰਨੀਤ ਦੇ ਮਾਪਿਆਂ ਦੇ ਕਾਫ਼ੀ ਨਜ਼ਦੀਕ ਹੋ ਜਾਂਦਾ ਹੈ।ਉਹ ਦੋਵੇਂ ਆਪਣੇ ਵਿਚਕਾਰ ਹੋਈ ਇਕ ਲੁਕਵੀਂ ਡੀਲ ਦੇ ਮੁਥਾਜ ਹਨ।ਪਰ ਦੋਵਾਂ ਦੇ ਮਾਪੇ ਉਨ੍ਹਾਂ ਨੂੰ ਜੁਆਈ ਤੇ ਨੂੰਹ ਦੇ ਰੂਪ ਵਿਚ ਬੇਹੱਦ ਸਵੀਕਾਰ ਕਰਦੇ ਹਨ।ਮਨਮੀਤ, ਹਰਨੀਤ ਤੇ ਉਸ ਦੇ ਮਾਪਿਆਂ ਨਾਲ ਗੁਰਦੁਅਰਿਆਂ ਦੇ ਦਰਸ਼ਨ ਤੇ ਹੋਰ ਥਾਵਾਂ ਵੇਖਣ ਜਾਂਦਾ ਹੈ।ਮਨਮੀਤ ਤੇ ਹਰਨੀਤ ਵਿਚਕਾਰ ਕਈ ਵਾਰ ਨੋਕਝੋਕ ਹੁੰਦੀ ਹੈ।ਮਨਮੀਤ ਨੂੰ ਕਈ ਵਾਰੀ ਹਰਨੀਤ ਦੀ ਸੁੰਦਰਤਾ ਤੇ ਉਸ ਦੀਆਂ ਅਦਾਵਾਂ ਪ੍ਰਭਾਵਿਤ ਕਰਦੀਆਂ ਹਨ।ਪਰ ਉਹ ਉਸ ਦੇ ਸੁਭਾਅ ਦੇ ਰਹੱਸ ਨੂੰ ਸਮਝਣ ਲਈ ਵੀ ਬੇਤਾਬ ਰਹਿੰਦਾ ਹੈ।ਉਹ ਇਕ ਮਨੋ-ਬਚਨੀ ਰਾਹੀਂ ਆਖਦਾ ਹੈ:
“ਇਸ ਸ਼ਹਿਰ ਦੇ ਉੱਚੇ-ਨੀਵੇਂ ਪਹਾੜਾਂ ਦਾ ਮੁਕਾਬਲਾ ਹਰਨੀਤ ਦੇ ਸੁਭਾਅ ਨਾਲ ਕਰਨ ਲੱਗਾ।ਕੁਦਰਤ ਕਿਵੇ ਇਹ ਸੋਹਣੀਆਂ-ਸੋਹਣੀਆਂ ਰਚਨਾਵਾਂ ਰਚਦੀ ਹੈ? ਕਿਵੇਂ ਇਹ ਮਿੱਟੀ ਦੀਆਂ ਚੀਜ਼ਾਂ ਅਤੇ ਫੁੱਲ-ਬੂਟਿਆਂ ਵਿਚ ਸੁੰਦਰਤਾ ਭਰ ਦਿੰਦੀ ਏ? ਮੇਰੀ ਸਮਝ ਤੋਂ ਬਾਹਰ ਸਨ।ਇਸ ਤਰ੍ਹਾਂ ਹਰਨੀਤ ਦੀ ਅੰਦਰਲੀ ਸੋਚ ਕੀ ਹੈ? ਮੈਨੂੰ ਨਹੀਂ ਸੀ ਪਤਾ।” (ਪੰਨਾ 146)
ਝੂਠੇ ਵਿਆਹ ਦੀ ਡੀਲ ਇਸ ਰਚਨਾ ਵਿਚ ਇਕ ਕਲੰਕ ਵਜੋਂ ਉਭਰਦੀ ਹੈ।ਮਨਮੀਤ ਤੇ ਹਰਨੀਤ ਵਿਚਕਾਰ ਝੂਠੇ ਵਿਆਹ ਦੇ ਇਸ ਕਲੰਕ ਨੂੰ ਧੋਣ ਲਈ ਨਾਵਲੀ ਬਿਰਤਾਂਤ ਦੀਆਂ ਘਟਨਾਵਾਂ ਰਾਹ ਪੱਧਰਾ ਕਰਦੀਆਂ ਹਨ।ਨਾਵਲਕਾਰ ਕਿਸੇ ਕਰਾਮਾਤੀ ਢੰਗ ਨਾਲ ਨਾਵਲ ਨੂੰ ਅਮਲੀ ਜਾਮਾ ਨਹੀਂ ਪਹਿਨਾਉਣਾ ਚਾਹੁੰਦੀ।ਸਗੋਂ ਘਟਨਾਵੀ ਚੱਕਰ ਅਤੇ ਤਰਕਸੰਗਤ ਅਮਲ ਰਾਹੀਂ ਉਹ ਹੱਲ ਵੱਲ ਅਹੁਲਦੀ ਹੈ।ਨਾਵਲਕਾਰ ਦੀ ਇਸ ਉਲਝਣ ਨੂੰ ਸੁਲਝਾਉਣ ਲਈ ਸੈਂਡੀ ਦਾ ਕੱਬਾ ਸੁਭਾਅ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ।ਉਹ ਸੈਂਡੀ ਤੇ ਹਰਨੀਤ ਵਿਚਲੇ ਤਲਖ ਬਣਾਉਟੀ ਰਿਸ਼ਤੇ ਨੂੰ ਅਗਰਭੂਮਣ ਉੱਪਰ ਲਿਆ ਕੇ ਪ੍ਰਸਥਿਤੀਆਂ ਨੂੰ ਸਾਵਾਂ ਬਣਾਉਣਾ ਚਾਹੁੰਦੀ ਹੈ।ਇਸ ਪੱਖੋਂ ਉਹ ਹਰਨੀਤ ਮੂਹਰੇ ਉਸ ਦੇ ਪਤੀ ਮਨਮੀਤ ਤੇ ਬੁਆਏ ਫਰੈਂਡ ਸੈਂਡੀ ਵਿਚਕਾਰ ਤੁਲਣਾਤਮਕ ਬਿਰਤਾਂਤ ਦਾ ਸਹਾਰਾ ਲੈਂਦੀ ਹੈ।ਸੈਂਡੀ ਖਾਤਿਰ ਹਰਨੀਤ ਮਨਮੀਤ ਨਾਲ ਝੂਠਾ ਵਿਆਹ ਕਰਕੇ ਤਲਾਕ ਲੈਣ ਦੀ ਖ਼ਤਰਨਾਕ ਘਟਨਾ ਨੂੰ ਅੰਜਾਮ ਦੇ ਚੁੱਕੀ ਹੈ।ਇਸ ਦੇ ਬਾਵਜੂਦ ਮਨਮੀਤ ਉਸ ਦਾ ਸਨਮਾਨ ਕਰਨ ਦੇ ਨਾਲ-ਨਾਲ ਉਸ ਦਾ ਖਿਆਲ ਰੱਖਦਾ ਹੈ।
ਸੈਂਡੀ ਲਈ ਕੁਰਬਾਨੀ ਦੀ ਪੁੰਜ ਬਣੀ ਹਰਨੀਤ ਮੂਹਰੇ ਹੌਲੀ-ਹੌਲੀ ਉਸ ਦੇ ਪ੍ਰੇਮੀ ਦਾ ਪਰਦਾ ਫ਼ਾਸ਼ ਹੋਣ ਲੱਗਦਾ ਹੈ।ਹਰਨੀਤ ਨੂੰ ਜ਼ਲੀਲ ਕਰਨ ਵਾਲਾ ਉਸ ਦਾ ਬੇਪ੍ਰਵਾਹ ਪ੍ਰੇਮੀ ਸੈਂਡੀ ਖ਼ੁਦਗ਼ਰਜ਼ ਹੈ।ਉਹ ਸ਼ਰਾਬੀ-ਕਬਾਬੀ ਹੈ।ਨਾਜਾਇਜ਼ ਕਾਰੋਬਾਰ ਵਿਚ ਲਿਪਤ ਹੈ।ਉਹ ਹਰਨੀਤ ਨੂੰ ਪਾਰਟੀ ਉੱਪਰ ਬੁਲਾ ਕੇ ਉਸ ਦੇ ਸਾਹਮਣੇ ਆਪਣੀ ਇਕ ਹੋਰ ਪ੍ਰੇਮਿਕਾ ਕੈਲੀ ਨਾਲ ਰੰਗਰਲੀਆਂ ਮਨਾ ਕੇ ਉਸ ਨੂੰ ਮਾਨਸਿਕ ਪੀੜਾ ਪਹੁੰਚਾਉਂਦਾ ਹੈ।ਏਨਾ ਹੀ ਨਹੀਂ ਉਹ ਹਰਨੀਤ ਨੂੰ ਅਗਵਾਅ ਕਰਨ ਲਈ ਜ਼ਬਰਦਸਤੀ ਕਰਦਾ ਹੈ।ਸੈਂਡੀ ਦਾ ਹਰਨੀਤ ਨਾਲ ਪਿਆਰ ਦਾ ਨਾਟਕ ਸੁਆਰਥ ਉੱਪਰ ਟਿਕਿਆ ਹੋਇਆ ਹੈ।ਦਰਅਸਲ ਉਹ ਆਪਣੀ ਵਿਰਾਸਤੀ ਜਾਇਦਾਦ ਲੈਣ ਖ਼ਾਤਿਰ ਘਰ ਵਾਲਿਆਂ ਦੀ ਮਰਜ਼ੀ ਅਨੁਸਾਰ ਪੰਜਾਬੀ ਕੁੜੀ ਨਾਲ ਵਿਆਹ ਕਰਨ ਦੀ ਉਨ੍ਹਾਂ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਹੈ।ਓਧਰ ਝੂਠੇ ਵਿਆਹ ਵਿਚ ਬਣੀ ਬਣਾਉਟੀ ਪਤਨੀ ਦੀ ਪਤ ਬਚਾਉਣ ਲਈ ਮਨਮੀਤ ਆਪਣੀ ਜਾਨ ਤੱਕ ਨੌਸ਼ਾਵਰ ਕਰਨ ਲਈ ਤਿਆਰ ਹੈ।ਆਖ਼ਿਰਕਾਰ ਹਰਨੀਤ ਆਪਣੇ ਪਤੀ ਮਨਮੀਤ ਦੀ ਦਰਿਆਦਿਲੀ ਤੇ ਉਸ ਦੇ ਸੰਸਕਾਰਾਂ ਤੋਂ ਕੁਰਬਾਨ ਜਾਂਦੀ ਹੋਈ ਉਸ ਦੀ ਚੋਣ ਕਰਦੀ ਹੈ।
ਨਾਵਲੀ ਘਟਨਾਕ੍ਰਮ ਇਸ ਗੱਲ ਨੂੰ ਉਤਸਾਹਤ ਕਰਦੇ ਹਨ ਕਿ ਸੰਸਕਾਰਾਂ ਮੂਹਰੇ ਦੁਰਾਚਾਰ ਦੀ ਹਾਰ ਹੁੰਦੀ ਹੈ।ਉਚ ਜੀਵਨ-ਮੁੱਲ ਬਲਵਾਨ ਹੁੰਦੇ ਹਨ।ਸਦਾਚਾਰੀ ਜੀਵਨ ਮੂਹਰੇ ਖੋਖਲੇ ਤੇ ਢੌਂਗੀ ਜੀਵਨ ਨੂੰ ਹਾਰ ਮੰਨਣੀ ਪੈਂਦੀ ਹੈ।ਇਹੀ ਸੰਦੇਸ਼ ਇਸ ਨਾਵਲ ਦੀ ਤਾਕਤ ਹੈ।ਕੈਨੇਡਾ ਦੀ ਧਰਤੀ ਉੱਪਰ ਪੰਜਾਬੀ ਕਦਰਾਂ-ਕੀਮਤਾਂ ਆਪਣੀ ਵਿਸ਼ਲਤਾ ਦਾ ਪ੍ਰਮਾਣ ਪੇਸ਼ ਕਰਦੀਆਂ ਹਨ।ਚਕਾਚੌਧ ਵਾਲੀ ਜੀਵਨ-ਜਾਚ ਇਨ੍ਹਾਂ ਮੂਹਰੇ ਨਤਮਸਤਕ ਹੁੰਦੀ ਵੇਖੀ ਜਾ ਸਕਦੀ ਹੈ।ਖ਼ੈਰ ਨਾਵਲ ਦਾ ਸੁਖਾਂਤਕ ਅੰਤ ਸ਼ੁਭ ਸ਼ਗਨ ਹੈ।ਤਨਾਓ ਤੇ ਕੜਵਾਹਟ ਵਿਚੋਂ ਗੁਜ਼ਰਦਾ ਹੋਇਆ ਸਮੁੱਚਾ ਬਿਰਤਾਂਤ ਆਖਿਰਕਾਰ ਸੱਚਾ ਪਿਆਰ ਕਰਨ ਵਾਲੇ ਮਨਮੀਤ ਤੇ ਹਰਨੀਤ ਦੇ ਮਿਲਣ-ਬਿੰਦੂ ਉੱਪਰ ਮੁਕੰਮਲ ਹੁੰਦਾ ਹੈ।ਝੂਠਾ ਵਿਆਹ ਸੱਚੇ ਵਿਆਹ ਵਿਚ ਤਬਦੀਲ ਹੋ ਜਾਂਦਾ ਹੈ।ਵਿਆਹ-ਪ੍ਰਥਾ ਦੀ ਪਾਵਨਤਾ ਬਰਕਰਾਰ ਰੱਖ ਕੇ ਨਾਵਲਕਾਰ ਨੇ ਆਪਣੇ ਸਿਰੜ ਤੇ ਵਚਨਬੱਧਤਾ ਦਾ ਸਬੂਤ ਦਿੱਤਾ ਹੈ।
ਨਾਵਲਕਾਰ ਨੇ ਪੰਜਾਬੀ ਵਿਰਸੇ ਦੀਆਂ ਕਦਰਾਂ-ਕੀਮਤਾਂ ਦੀਆਂ ਹਿਲਦੀਆਂ ਚੂਲਾਂ ਨੂੰ ਕੱਸਣ ਦੀ ਜਿੰਮੇਵਾਰੀ ਵੀ ਹੱਥਲੇ ਨਾਵਲ ਵਿਚ ਉਠਾਉਣ ਦੀ ਕੋਸ਼ਿਸ਼ ਕੀਤੀ ਹੈ।ਵਹਿਮਾਂ-ਭਰਮਾਂ ਦੀਆਂ ਮਨੌਤਾਂ ਤੇ ਖੰਡਨ ਸੁਚੇਤ ਰੂਪ ਵਿਚ ਇਸ ਨਾਵਲ ਦਾ ਵਿਸ਼ਾ ਬਣੇ ਹਨ।ਮਨਮੀਤ ਦੇ ਘਰ ਵਿਚ ਨੌਕਰਾਣੀ ਰਾਣੋ ਇਸ ਪ੍ਰਸੰਗ ਵਿਚ ਵਿਸ਼ੇਸ਼ ਭੁਮਿਕਾ ਨਿਭਾਉਂਦੀ ਹੈ।ਉਸ ਨੂੰ ਡੇਰੇ ਵਾਲੇ ਸਾਧ ਦੀ ਕਰਨੀ ਉੱਪਰ ਭਰੋਸਾ ਹੈ।ਮਨਮੀਤ ਦੀ ਦਾਦੀ ਉਸ ਨਾਲ ਸਹਿਮਤੀ ਪ੍ਰਗਟਾਉਂਦੀ ਹੈ।ਜਦਕਿ ਮਨਮੀਤ ਤੇ ਉਸ ਦਾ ਪਿਤਾ ਗੁਰਬਾਣੀ ਦੇ ਸੱਚੇ ਪੈਰੋਕਾਰ ਹਨ।ਪਰਵਾਸ ਦੌਰਾਨ ਲੋਕ ਆਪਣੇ ਧਰਮ ਤੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੰਦੇਸ਼ ਵੀ ਇਸ ਰਚਨਾ ਵਿਚੋਂ ਮਿਲਦਾ ਹੈ।ਗੁਰਦੁਆਰੇ ਦਾ ਭਾਈ ਮਨਮੀਤ ਨੂੰ ਓਧਰ ਜਾ ਕੇ ਗੁਰੂ ਘਰ ਨਾਲ ਜੁੜੇ ਰਹਿਣ ਦੀ ਸਮਝੋਤੀ ਦਿੰਦਾ ਹੈ। ਪੇਂਡੂ ਸਮਾਜ ਵਿਚ ਵਿਆਹ ਨਾਲ ਸੰਬੰਧਤ ਕਾਰ-ਵਿਹਾਰ ਵਿਚ ਆ ਰਹੀ ਤਬਦੀਲੀ ਨੂੰ ਪਾਤਰ ਚਰਚਾ ਦਾ ਵਿਸ਼ਾ ਬਣਾਉਂਦੇ ਵੇਖੇ ਜਾ ਸਕਦੇ ਹਨ।ਜਿਵੇਂ ਦਾਦੀ ਵੱਲੋਂ ਬੋਲਿਆ ਇਹ ਸਮਵਾਦ ਧਿਆਨ ਗੋਚਰੇ ਹੈ:
“ਕੁੜੀ ਨੂੰ ਤਿਆਰ ਕਰਨ ਲਈ ਸ਼ਹਿਰੋਂ ਆਉਣ ਲੱਗ ਪਈਆਂ।ਅੱਗੇ ਸਹੇਲੀਆਂ ਕੁੜੀ ਨੂੰ ਤਿਆਰ ਕਰ ਦਿੰਦੀਆਂ ਸੀ।” (ਪੰਨਾ 108)
ਪੰਜਾਬੀ ਮਨ ਦੀਆਂ ਕਈ ਘਾਟਾਂ ਮਨਮੀਤ ਦੇ ਵਿਅੰਗਾਤਮਕ ਸੰਵਾਦਾਂ ਵਿਚੋਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ।ਜਿਵੇਂ ਕਿ ਪੰਜਾਬੀ ਬਾਹਰ ਗਏ ਬੰਦੇ ਦੀ ਖ਼ੈਰਸੁੱਖ ਪੁੱਛਣ ਨਾਲੋਂ ਉਸ ਦੀ ਕਮਾਈ ਦੀ ਫ਼ਿਕਰ ਬਹੁਤੀ ਕਰਦੇ ਹਨ।ਕਰਨੀ ਦੇ ਬਾਪੂ ਨਾਲ ਮਨਮੀਤ ਦੀ ਹੋਈ ਗੱਲਬਾਤ ਵਿਚ ਉਹ ਇਸ ਉੱਪਰ ਤਨਜ਼ ਕੱਸਦਾ ਹੈ।ਪੰਜਾਬੀਆਂ ਵਿਚ ਵਿਦੇਸ਼ ‘ਲੰਘਾ’ ਦੇਣ ਦੀ ਪ੍ਰਵਿਰਤੀ ਵੀ ਮੁੱਖ ਰੂਪ ਵਿਚ ਉਜਾਗਰ ਹੁੰਦੀ ਹੈ।ਵਿਦੇਸ਼ ਜਾਣ ਲਈ ਉਤਾਵਲੇ ਲੋਕ ਹਰ ਹੀਲੇ ਵਿਦੇਸ਼ ਜਾਣਾ ਚਾਹੁੰਦੇ ਹਨ।ਨਾਵਲ ਵਿਚ ਇਸ ਪ੍ਰਵਿਰਤੀ ਉੱਪਰ ਸੁਆਲ ਖੜ੍ਹੇ ਹੋਣ ਲਗਦੇ ਹਨ ਜਦੋਂ ਮਨਮੀਤ ਨੂੰ ਇੰਗਲੈਂਡ ਜਾ ਕੇ ਮੁਸੀਬਤਾਂ ਦੇ ਪਹਾੜ ਨਾਲ ਮੱਥਾ ਲਾਉਣਾ ਪੈਂਦਾ ਹੈ।ਇੰਝ ਇਹ ਨਾਵਲ ਵਿਦੇਸ਼ ਜਾਣ ਦੀ ਭੇਡ-ਚਾਲ ਉੱਪਰ ਵੀ ਸਹਿਜ-ਸੁਭਾਅ ਹੀ ਮੰਥਨ ਕਰਨ ਵੱਲ ਰੁਚਿਤ ਹੈ।
ਨਾਵਲਕਾਰ ਅਨਮੋਲ ਕੌਰ ਨੇ ਆਪਣੇ ਤੱਥਾਂ ਤੇ ਵਿਚਾਰਾਂ ਨੂੰ ਹੋਰ ਪੁਖਤਾ ਰੰਗ ਚੜ੍ਹਾਉਣ ਲਈ ਲੋਕਧਾਰਾਈ ਹਵਾਲਿਆਂ ਦਾ ਸਹਾਰਾ ਲਿਆ ਹੈ।ਮੁਹਾਵਰਿਆਂ, ਅਖਾਣਾ ਤੇ ਗੁਰਬਾਣੀ ਦੀਆਂ ਤੁਕਾਂ ਦੀ ਸੁਚੱਜੀ ਵਰਤੋਂ ਨਾਵਲ ਨੂੰ ਹੋਰ ਰੌਚਕ ਬਣਾਉਂਦੀ ਹੈ।ਗੁਰੂਆਂ, ਪੀਰਾਂ ਦੇ ਹਵਾਲੇ ਨਾਵਲੀ ਬਿਰਤਾਂਤ ਵਿਚ ਤਰਕ ਨੂੰ ਹੋਰ ਗੰਭੀਰ ਬਣਾਉਂਦੇ ਹਨ।ਉਸ ਦੀ ਇਸ ਜੁਗਤ ਨਾਲ ਵਿਅੰਗ ਹੋਰ ਤਿੱਖਾ ਬਣਿਆ ਹੈ।
ਭਾਸ਼ਾ ਪੱਖੋਂ ਇਹ ਰਚਨਾ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ।ਨਾਵਲਕਾਰ ਕੋਲ ਭਾਸ਼ਾ ਦਾ ਵਡਮੁੱਲਾ ਭੰਡਾਰ ਮੌਜੂਦ ਹੈ।ਉਹ ਪਾਤਰਾਂ ਦੀ ਪ੍ਰਵਿਰਤੀ ਅਨੁਸਾਰ ਹੀ ਭਾਸ਼ਾ ਦਾ ਪ੍ਰਯੋਗ ਕਰਦੀ ਹੈ।ਪਾਤਰਾਂ ਦੀ ਬੋਲੀ ਭਾਰਤੀ ਤੇ ਕੈਨੇਡੀਅਨ ਮਹੌਲ ਦਾ ਨਿਖੇੜਾ ਕਰ ਦਿੰਦੀ ਹੈ। ਸੈਂਡੀ ਬਾਰੇ ਮਨਮੀਤ ਤੇ ਹਰਨੀਤ ਵਿਚਕਾਰ ਰਲੀ ਮਿਲੀ ਪੰਜਾਬੀ ਤੇ ਅੰਗਰੇਜ਼ੀ ਵਿਚ ਹੇਠ ਲਿਖਿਆ ਸੰਵਾਦ ਭਾਸ਼ਾ ਪੱਖੋਂ ਵਿਚਾਰਨਯੋਗ ਹੈ:
“ਵਾਏ ਦਾ ਵੇ ਸੈਂਡੀ ਕਰਦਾ ਕੀ ਏ?”
“ਬਹਤ ਅਮੀਰ ਹੈ।”
“ਇਸ ਕਰਕੇ ਤੁਸੀਂ ਉਸ ਨੂੰ ਪਿਆਰ ਕਰਦੇ ਹੋ।”
“ਪਤਾ ਨਹੀਂ।”
“ਤੁਸੀਂ ਉਸ ਨੂੰ ਮਿਲੇ ਕਿੱਥੇ?”
“ਮੇਰੇ ਨਾਲ ਇਕ ਮੁੰਡਾ ਕੰਮ ਕਰਦਾ ਹੈ, ਸੈਂਡੀ ਉਸ ਦਾ ਫਰੈਂਡ ਹੈ।”
“ਮੈਨੂੰ ਨਹੀਂ ਮਿਲਾਉਗੇ ਉਸ ਨਾਲ।” …………….
“ਉਸ ਦੀਆਂ ਹੈਵਟਸ ਤੁਹਾਡੇ ਨਾਲੋਂ ਡਿਫਰੈਂਟ ਹਨ।” (ਪੰਨਾ 168-169)
ਉਪਰੋਕਤ ਸੰਵਾਦ ਰਲੀ-ਮਿਲੀ ਭਾਸ਼ਾ ਦੇ ਨਾਲ-ਨਾਲ ਸੰਖੇਪਤਾ ਦਾ ਧਾਰਨੀ ਵੀ ਹੈ।ਅੰਗਰੇਜ਼ੀ ਦੇ ਹੋਰ ਸ਼ਬਦ ਜਿਵੇਂ-ਫਾਰਮੈਲਟੀ, ਫਾਦਰ, ਪਰੋਬਲੲਮ, ਮੈਰਿਜ, ਡਿਸੀਜ਼ਨ, ਨੈਗੇਟਿਵ, ਪੌਜ਼ਟਿਵ, ਸਮਾਰਟ, ਰਿਕੁਐਸਟ, ਸਟਰੇਂਜਰ ਫੇਵਰ, ਸੀਕਰਟ ਆਦਿ ਸਹਿਜ-ਸੁਭਾਅ ਹੀ ਬਿਰਤਾਂਤ ਦੇ ਆਰ-ਪਾਰ ਫੈਲੇ ਨਜ਼ਰ ਆਉਂਦੇ ਹਨ।ਇਹ ਕਹਾਣੀ ਦੀ ਲੋੜ ਤੇ ਮਹੌਲ ਮੁਤਾਬਕ ਹੀ ਨਾਵਲ ਵਿਚ ਰਚਮਿਚ ਗਏ ਹਨ।
ਭਾਸ਼ਾ ਦੇ ਉਪਰੋਕਤ ਰੁਝਾਨ ਦੇ ਬਾਵਜੂਦ ਨਾਵਲਕਾਰ ਸੁਚੇਤ ਰੂਪ ਵਿਚ ਮੁੱਖ ਕਹਾਣੀ ਤੋਂ ਹਟ ਕੇ ਰਚਨਾ ਵਿਚ ਆਪਣੀ ਪੰਜਾਬੀ ਮਾਂ ਬੋਲੀ ਪ੍ਰਤੀ ਭਾਵੁਕ ਹੋ ਜਾਂਦੀ ਹੈ।ਇਥੇ ਉਹ ਭਾਸ਼ਾ ਦੇ ਮਹੱਤਵ ਨੂੰ ਪਛਾਣਦੀ ਹੋਈ ਸੰਖੇਪ ਛੋਹਾਂ ਨਾਲ ਇਕ ਵੱਡੀ ਬਹਿਸ ਛੇੜਦੀ ਹੈ।ਪਾਤਰਾਂ ਦਰਮਿਆਨ ਭਾਸ਼ਾ ਬਾਰੇ ਵਿਚਾਰਾਂ ਦੇ ਟਕਰਾਅ ਰਾਹੀਂ ਉਹ ਇਕ ਵਿਸ਼ੇਸ਼ ਮਹੌਲ ਸਿਰਜ ਲੈਂਦੀ ਹੈ।‘ਦੀਦੀ’ ਸ਼ਬਦ ਉੱਪਰ ਹੋਈ ਬਹਿਸ ਪੰਜਾਬੀ ਦੇ ਪਰੰਪਰਕ ਸ਼ਬਦਾਂ ਦੀ ਹੋਂਦ ਨੂੰ ਪੈਦਾ ਹੋਏ ਖ਼ਤਰੇ ਵੱਲ ਸੰਕੇਤ ਕਰਦੀ ਹੈ:
“ਪੰਜਾਬ ਵਿਚ ਵੱਡੀ ਭੈਣ ਨੂੰ ਭੈਣ ਜੀ ਕਹਿੰਦੇ ਆ।” ਭੂਆ ਜੀ ਨੇ ਸਮਝਾਉਂਦਿਆਂ ਵਾਂਗ ਕਿਹਾ,“ਸਾਡੇ ਵੇਲੇ ਤਾਂ ਵੱਡੀ ਭੈਣ ਨੂੰ ਪਹਿਲਾਂ ਬੀਬੀ ਕਹਿੰਦੇ ਸੀ, ਫਿਰ ਭੈਣ ਜੀ ਹੋ ਗਿਆ, ਹੁਣ ਸਾਰੇ ਦੀਦੀ ਹੀ ਕਹਿਣ ਲੱਗ ਪਏ।”
“ਭੂਆ ਜੀ ਮੈਨੂੰ ਦੀਦੀ ਕਹਿਣਾ ਜ਼ਿਆਦਾ ਸੋਹਣਾ ਲੱਗਦਾ ਏ।” ਹਰਨੀਤ ਨੇ ਸੱਚ ਬੋਲਦਿਆਂ ਕਿਹਾ,“ਕਿੰਨਾ ਛੋਟਾ ਜਿਹਾ ਵਰਡ ਹੈ ਦੀਦੀ।”
“ਬੀਬੀ ਜੀ ਕਹਿ ਲੋ, ਬੀਬੀ ਕਹਿ ਲੋ ਜਾਂ ਦੀਦੀ।” ਹਰਨੀਤ ਦੀ ਮੰਮੀ ਬੋਲੀ,“ਗੱਲ ਇਕ ਹੀ ਹੈ, ਦੀਦੀ ਕਹਿਣ ਨਾਲ ਭੈਣ ਦਾ ਰਿਸ਼ਤਾ ਘਟ ਤਾਂ ਨਹੀਂ ਜਾਂਦਾ।”
“ਭੈਣ ਦਾ ਰਿਸ਼ਤਾ ਤਾਂ ਨਹੀਂ ਘਟਦਾ।” ਮੈਂ ਆਪਣਾ ਵਿਚਾਰ ਦੱਸਿਆ,“ਪਰ ਪੰਜਾਬੀ ਦਾ ਇਕ ਸ਼ਬਦ ਜ਼ਰੂਰ ਘਟ ਜਾਂਦਾ ਏ, ਹੌਲੀ-ਹੌਲੀ ਪੰਜਾਬੀ ਦੇ ਸ਼ਬਦ ਭੈਣ ਜੀ ਨੇ ਖਤਮ ਹੋ ਜਾਣਾ ਏ ਅਤੇ ਇਸ ਦੀ ਥਾਂ ਹਿੰਦੀ ਦੇ ਸ਼ਬਦ ਦੀਦੀ ਨੇ ਲੈ ਲੈਣੀ।”
“ਲੈ ਲੈਣੀ ਕੀ, ਲੈ ਹੀ ਲਈ ਹੈ।” ਡੈਡੀ ਹੱਸਦੇ ਹੋਏ ਕਹਿਣ ਲੱਗੇ,“ਮਨਮੀਤ, ਤੁਸੀਂ ਪੰਜਾਬੀ ਨੂੰ ਹਿੰਦੀ ਤੋਂ ਬਚਾਉਣ ਦੀ ਗੱਲ ਕਹਿ ਰਹੇ ਹੋ, ਹੁਣ ਤਾਂ ਇੰਗਲਿਸ਼ ਦੇ ਕਈ ਲਫ਼ਜ਼ ਪੰਜਾਬੀ ਵਿਚ ਘੁਸਪੈਠ ਕਰ ਗਏ ਨੇ।”
“ਹਾਂ ਜੀ ਗੱਲ ਤਾਂ ਤੁਹਾਡੀ ਠੀਕ ਹੈ।” ਮੈਂ ਉਨ੍ਹਾਂ ਨਾਲ ਸਹਿਮਤ ਹੁੰਦੇ ਕਿਹਾ,“ਵੈਸੇ ਸਾਰੇ ਪੰਜਾਬੀ ਚਾਹੁਣ ਤਾਂ ਇਸ ਮਿੱਠੀ ਬੋਲੀ ਨੂੰ ਬਾਕੀ ਬੋਲੀਆਂ ਦੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਏ।”
“ਸਾਰੇ ਤਾਂ ਆਪਣੇ ਮਤਲਬ ਲਈ ਹੀ ਭੱਜੇ ਫਿਰਦੇ ਨੇ, ਪੁੱਤ।” ਭੂਆ ਜੀ ਨੇ ਸਾਫ਼ ਹੀ ਕਹਿ ਦਿੱਤਾ,“ਪੰਜਾਬੀ ਬੋਲੀ ਦਾ ਕਿਹਨੂੰ ਫ਼ਿਕਰ?”
“ਸਾਰੀਆਂ ਬੋਲੀਆਂ ਤਾਂ ਭੈਣਾਂ ਹੀ ਹਨ।” ਹਰਨੀਤ ਦੀ ਮੰਮੀ ਫਿਰ ਬੋਲੀ,“ਬਹੁਤਾ ਨਹੀਂ ਫਰਕ।”
“ਫਰਕ ਤਾਂ ਹੈ।” ਭੂਆ ਜੀ ਕਿਹੜੇ ਘੱਟ ਸਨ ਬੋਲੇ,“ਬਾਕੀ ਤਾਂ ਮਾਸੀਆਂ ਆ, ਪੰਜਾਬੀ ਬੋਲੀ ਹੀ ਆ ਸਾਡੀ ਮਾਂ।” (149-150)
‘ਭੈਣ ਜੀ’ ਸ਼ਬਦ ਤੋਂ ਸ਼ੁਰੂ ਹੋਈ ਬਹਿਸ ਪੰਜਾਬੀ ਮਾਂ-ਬੋਲੀ ਦੇ ਵਿਗੜਦੇ ਰੂਪ ਤੋਂ ਹੁੰਦੀ ਹੋਈ ਇਸ ਦੀ ਉੱਚਤਾ ਤੱਕ ਪਹੁੰਚ ਜਾਂਦੀ ਹੈ।ਨਾਵਲਕਾਰ ਵੱਲੋਂ ਪੰਜਾਬੀ ਲਈ ਸਿਰਜਿਆ ਇਹ ਪ੍ਰਸੰਗ ਸ਼ਲਾਘਾਯੋਗ ਹੈ।ਸੁਚੇਤ ਰੂਪ ਵਿਚ ਇਹ ਭਾਸ਼ਾ ਦੇ ਪ੍ਰਚਾਰ ਲਈ ਇਕ ਈਮਾਨਦਾਰਾਨਾ ਕਦਮ ਕਿਹਾ ਜਾ ਸਕਦਾ ਹੈ।
‘ਕੁੜੀ ਕੈਨੇਡਾ ਦੀ’ ਨਾਵਲ ਦੀ ਸੰਵਾਦ ਯੋਜਨਾ ਇਕ ਵਿਸ਼ੇਸ਼ ਵਿਧੀ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ।ਨਾਵਲਕਾਰ ਸੰਵਾਦਾਂ ਨੂੰ ਆਮ ਤੌਰ ਉਤੇ ਤੋੜ ਕੇ ਪੇਸ਼ ਕਰਦੀ ਹੈ।ਇਸ ਨਾਲ ਉਹ ਸੰਵਾਦਾਂ ਨੂੰ ਸੰਖੇਪ ਤੇ ਵਿਅੰਗ-ਭਰਪੂਰ ਬਣਾਉਣ ਲਈ ਜਤਨਸ਼ੀਲ ਹੈ।ਹਰਨੀਤ ਦੇ ਡੈਡੀ ਵੱਲੋਂ ਆਪਣੇ ਜੁਆਈ ਮਨਮੀਤ ਬਾਰੇ ਬੋਲਿਆ ਹੇਠ ਲਿਖਿਆ ਸੰਵਾਦ ਜ਼ਿਕਰਯੋਗ ਹੈ:
“ਇੱਥੇ ਇਹ ਕੀ ਕਰਨਗੇ।” ਹਰਨੀਤ ਦੇ ਡੈਡੀ ਨੇ ਕਿਹਾ,“ਹੁਣ ਤਾਂ ਫਾਰਮਾਂ ਵਿਚ ਵੀ ਕੰਮ ਨਹੀਂ ਹੈ।”
“ਕੋਈ ਨਹੀਂ ਇਹਨਾਂ ਨੂੰ ਖੇਤੀ ਕਰਨੀ ਸਿਖਾ ਦੇਵਾਂਗੇ।” ਜਿੰਦਰ ਨੇ ਹੱਸ ਕੇ ਕਿਹਾ,“ਹਰਨੀਤ, ਕਿੱਦਾਂ ਫਿਰ ਰੱਖ ਲਈਏ ਪ੍ਰਹਾਉਣੇ ਨੂੰ।”
“ਮੈਨੂੰ ਕੀ ਪਤਾ ਪ੍ਰਹਾਉਣੇ ਕੋਲੋਂ ਪੁਛੋ।” ਹਰਨੀਤ ਨੇ ਜਵਾਬ ਦਿੱਤਾ,“ਵੈਸੇ ਇਹ ਅਗਾਂਹ ਪੜ੍ਹਾਈ ਕਰਨ ਲਈ ਕਾਲਜ ਜਾ ਰਹੇ ਨੇ….।” (ਪੰਨਾ 169)
ਉਪਰੋਕਤ ਸੰਵਾਦਾਂ ਵਿਚ ਬੋਲਣ ਵਾਲੇ ਦਾ ਹਵਾਲਾ ਉਸ ਵੱਲੋਂ ਕਹੇ ਦੋ ਸੰਵਾਦਾਂ ਦੇ ਵਿਚਕਾਰ ਆਉਂਦਾ ਹੈ। ਜੋ ਰੌਚਕ ਵੀ ਲਗਦਾ ਹੈ ਤੇ ਗੱਲ ਨੂੰ ਸਪਸ਼ਟ ਵੀ ਕਰਦਾ ਹੈ।ਇਹ ਸੰਵਾਦ ਯੋਜਨਾ ਸਮੁੱਚੇ ਨਾਵਲ ਵਿਚ ਵੇਖੀ ਜਾ ਸਕਦੀ ਹੈ।
‘ਕੁੜੀ ਕੈਨੇਡਾ ਦੀ’ ਨਾਵਲ ਬਾਰੇ ਉਪਰੋਕਤ ਚਰਚਾ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਨਾਵਲਕਾਰ ਅਨਮੋਲ ਕੌਰ 21ਵੀਂ ਸਦੀ ਦੇ ਅਰੰਭਕ ਦਹਾਕਿਆਂ ਦੌਰਾਨ ਹੋ ਰਹੇ ਪਰਵਾਸ ਬਾਰੇ ਚੇਤੰਨ ਹੈ।ਉਸ ਦੀਆਂ ਜੜ੍ਹਾਂ ਪੰਜਾਬ ਵਿਚ ਹਨ।ਇੰਗਲੈਂਡ ਵਿਚ ਵਿਚਰਦੀ ਹੋਈ ਉਹ ਆਪਣੇ ਹਮਸਾਇਆਂ ਦੇ ਪਰਵਾਸ ਬਾਰੇ ਫਿਕਰਮੰਦ ਹੈ।ਉਸ ਨੇ ਮਨਮੀਤ ਤੇ ਹਰਨੀਤ ਦੇ ਝੂਠੇ ਵਿਆਹ ਨੂੰ ਇਕ ਕੇਸ ਸਟੱਡੀ ਵਾਂਗ ਪੇਸ਼ ਕਰਕੇ ਪਾਠਕਾਂ ਨੂੰ ਸੁਚੇਤ ਕਰਨ ਦਾ ਸਫ਼ਲ ਉਪਰਾਲਾ ਕੀਤਾ ਹੈ।ਪ੍ਰਸਥਿਤੀਆਂ ਦੇ ਸ਼ਿਕਾਰ ਮਨਮੀਤ ਦੀ ਵੇਦਨਾ ਰਾਹੀਂ ਪਰਵਾਸ ਕਰਨ ਵਾਲੇ ਲੋਕਾਂ ਖ਼ਾਸ ਕਰਕੇ ਨੌਜੁਆਨਾ ਨੂੰ ਇਕ ਚਿਤਾਵਨੀ ਦਿੱਤੀ ਗਈ ਹੈ।ਸੁਆਰਥ, ਲਾਲਚ, ਝੂਠ, ਢੌਂਗ ਆਦਿ ਸ਼ਬਦਾਂ ਨਕਾਰਨ ਨੂੰ ਬਲ ਮਿਲਿਆ ਹੈ।ਮਨਮੀਤ ਉਨ੍ਹਾਂ ਪਰਵਾਸੀਆਂ ਦਾ ਪ੍ਰਤੀਨਿਧ ਬਣ ਕੇ ਉਭਰਦਾ ਹੈ ਜੋ ਨਾਜਾਇਜ਼ ਢੰਗ ਨਾਲ ਵਿਦੇਸ਼ੀ ਰਹਿਤਲ ਉੱਪਰ ਵਿਚਰਦੇ ਲਾਚਾਰੀ ਦਾ ਸ਼ਿਕਾਰ ਹੁੰਦੇ ਹਨ।
ਪਰਵਾਸ ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’ : ਡਾ. ਪ੍ਰਿਥਵੀ ਰਾਜ ਥਾਪਰ
This entry was posted in ਸਰਗਰਮੀਆਂ.