ਗ੍ਰੰਥ ਅੱਗੇ
ਲਾਲਸਾਵਾਂ ਦੀ
ਲਿਸਟ ਲਈ ਖੜ੍ਹੇ
ਲੋਕਾਂ ਨੂੰ ਤੱਕ
ਜੇ ਮੈਂ ਮੇਜ਼ ‘ਤੇ
ਜ਼ੋਰ ਦੀ ਮੁੱਕੀ ਮਾਰ ਆਖਾਂ…
“ਨਾਨਕ ਮਰ ਗਿਆ।”
ਤਾਂ ਹਜੂਮ ਉੱਠ ਖਲੋਣਗੇ;
“ਨਾਨਕ ਮਰੇ ਨਹੀਂ… …
ਜੋਤੀ-ਜੋਤ ਸਮਾਏ ਸੀ।”
ਪਰ… …
ਅਜਿਹਾ ਕੋਈ ਨਹੀ ਹੋਣਾ
ਜੋ ਚੋਰੀ-ਛੁਪੇ ਹੀ ਆਖੇ…
“ਨਾਨਕ ਦੇਵ ਦੇ ਕਾਤਿਲ
… ਅਸੀਂ ਆਪ ਹਾਂ।”
ਪਰ ਭਲਿਓ
ਮੈਂ ਤਾਂ
ਟੋਹ ਕਿ ਦੇਖ ਰਿਹਾ ਸੀ,
ਤੁਹਾਡੀਆਂ ਭਾਵਨਾਵਾਂ ਨੂੰ!
ਮੈਂ ਤਾਂ
ਝਾੜ ਦੇਖਦਾ ਸੀ
ਨਾਨਕ ਦੀ ਦੇਹੀ ਦਾ ਗਰਦਾ
ਤੁਹਾਡੇ ਤਨ ‘ਤੋਂ
ਉੱਡਦਾ ਹੈ ਕਿ ਨਹੀ!
ਮੈਂ ਤਾਂ
ਨਾਨਕ ਦੇ ਨਕਸ਼
ਤੁਹਾਡੇ ਜ਼ਿਹਨ ਵਿੱਚੋਂ
ਤਲਾਸ਼ ਰਿਹਾ ਸਾਂ।
ਪਰ ਭਲਿਓ
ਤੁਹਾਡੇ ਨਾਲ਼ੋਂ ਤਾਂ
ਨਾਨਕ ਦੇ
ਉੱਭਰਵੇਂ ਨਕਸ਼ ਤਾਂ
ਬਦੀ ਚੱਕੀ ਫਿਰਦੀ ਹੈ
ਹਾਕਮ; ਅੱਜ ਵੀ
ਖ਼ੌਫ਼ਜਦਾ ਨੇ
ਨਾਨਕ ਦੇ ਬੋਲਾਂ ਤੋਂ!
ਬੋਲ ਨਾਨਕ ਦੇ
ਤਪਦੇ ਮਾਰੂਥਲ ਠਾਰਣ;
“ਏਤੀ ਮਾਰ ਪਈ ਕੁਰਲਾਣੇ
ਤੈਂ ਕੀ ਦਰਦ ਨਾ ਆਇਆ”
ਰੱਬ ਨੂੰ ਵੀ
ਨਿਹੋਰੇ ਮਾਰਨ!
ਪਰ ਅਫ਼ਸੋਸ… …
ਤੁਸੀ ਤਾਂ
ਅੱਜ ਤੱਕ ਨਹੀ ਜਾਣ ਸਕੇ
ਨਾਨਕ ਤਾਂ… …
ਇੱਕ ਚੇਤਨਾ ਹੈ
ਤੇ ਚੇਤਨਾ;
ਕਦੇ ਮਰਦੀ ਨਹੀ
ਚੇਤਨਾਂ;
ਕਦੇ ਕਤਲ ਨਹੀ ਹੁੰਦੀ ।
ਤੇ ਹਾਕਮ;
ਹਾਕਮ ਵੀ ਤਾਂ
ਐਵੇਂ ਹੀ ਭੈਭੀਤ ਹੈ
ਨਾਨਕ ਤੋਂ…
ਭਲਾਂ ਉਹਦਾ
ਹਾਕਮ ਨਾਲ ਕਾਹਦਾ ਵੈਰ?
ਉਹ ਤਾਂ… …
ਬੁਰਾਈ ਦਾ ਵੈਰੀ ਹੈ,
ਉਹ ਤਾਂ… …
ਚੰਗਿਆਈ ਦਾ ਯਾਰ ਹੈ
ਤੇ ਚੰਗਿਆਈ;
ਕਦੇ ਮਰਦੀ ਨਹੀ…
ਚੰਗਿਆਈ;
ਕਦੇ ਕਤਲ ਨਹੀ ਹੁੰਦੀ…
ਨਾਨਕ ਤਾਂ
ਇੱਕ ਚੇਤਨਾ ਹੈ,
ਇੱਕ ਚੰਗਿਆਈ ਹੈ।