ਨਵੀਂ ਦਿੱਲੀ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾੱਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੇ ਪੁੱਜ ਕੇ ਗੁਰੂ ਸਾਹਿਬ ਨੂੰ ਆਪਣਾ ਅਕੀਦਾ ਭੇਟ ਕੀਤਾ।ਪ੍ਰਚਾਰਕਾ ਵੱਲੋਂ ਜਿਥੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਗੁਰਮਤਿ ਪ੍ਰਚਾਰ ਕੀਤਾ ਗਿਆ ਉਥੇ ਹੀ ਬੱਚਿਆਂ ਨੂੰ ਧਰਮ ਅਤੇ ਵਿਰਸੇ ਨਾਲ ਜੋੜਨ ਲਈ ਗੁਰਬਾਣੀ ਕੁਵਿਜ਼ ਅਤੇ ਦਸਤਾਰ ਮੁਕਾਬਲੇ ਵੀ ਕਮੇਟੀ ਵੱਲੋਂ ਕਰਵਾਏ ਗਏ। ਇਸ ਮੌਕੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ’ਚ ਖਾਸ ਯੋਗਦਾਨ ਦੇਣ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਧਰਮਾਂ ਵਿੱਚਕਾਰ ਦੀ ਲਕੀਰਾਂ ਨੂੰ ਖਤਮ ਕਰਕੇ ਇੱਕ ਅਕਾਲ ਪੁਰਖ ਦੀ ਬੰਦਗੀ ਕਰਨ ਦੇ ਦਿੱਤੇ ਗਏ ਸੁਨੇਹੇ ਦਾ ਜ਼ਿਕਰ ਕਰਦੇ ਹੋਏ ਧਰਮਾਂ ਵਿਚਕਾਰ ਲਕੀਰਾਂ ਖਿੱਚਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਸੋੜੀ ਮਾਨਸਿਕਤਾ ਦਾ ਸ਼ਿਕਾਰ ਦੱਸਿਆ। ਜੀ.ਕੇ. ਨੇ ਕਿਹਾ ਕਿ ਕੋਈ ਵੀ ਧਰਮ ਸਮਾਜ ਨੂੰ ਤੋੜਨ ਦੀ ਗੱਲ ਨਹੀਂ ਕਰਦਾ ਪਰ ਕੁਝ ਧਰਮ ਤੋਂ ਦੂਰ ਖੁਦ ਬਣੇ ਧਰਮ ਦੇ ਠੇਕੇਦਾਰਾਂ ਨੇ ਧਰਮ ਨੂੰ ਸਮਾਜ ਤੋੜਨ ਵਾਸਤੇ ਵਰਤਣ ਦਾ ਟੀਚਾ ਬਣਾ ਲਿਆ ਹੈ। ਧਰਮ ਵਿਸ਼ਾਲ ਸ਼ਬਦ ਹੈ ਪਰ ਆਪਹੁੱਦਰੇ ਧਰਮ ਦੀ ਪਰਿਭਾਸ਼ਾ ਨੂੰ ਪੜਨ ਅਤੇ ਸਮਝਣ ਤੋਂ ਭਗੋੜੇ ਹਨ। ਜੀ.ਕੇ. ਨੇ ਗੁਰੂ ਨਾਨਕ ਸਾਹਿਬ ਦੇ ਮੁੱਢਲੇ ਸਿਧਾਂਤ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛੱਕਣ ਨੂੰ ਆਪਣੇ ਜੀਵਨ ’ਚ ਉਤਾਰਣ ਦਾ ਸੰਗਤਾਂ ਨੂੰ ਸੱਦਾ ਦਿੱਤਾ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਸੱਚਾ ਸੌਦਾ ਕਰਕੇ ਲੰਗਰ ਚਲਾ ਕੇ ਅਜਿਹੀ ਪ੍ਰੇਰਨਾ ਕੀਤੀ ਕਿ ਅੱਜ ਸਾਰੀ ਦੁਨੀਆਂ ’ਚ ਸਿੱਖ ਪੰਥ ਦੀ ਵੱਡੀ ਪਛਾਣ ਲੰਗਰ ਦੀ ਮਰਯਾਦਾ ਕਰਕੇ ਹੈ। ਇਹ ਕੌਮ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਵੱਡਮੁੱਲੀ ਦੇਣ ਹੈ। ਉਹਨਾਂ ਨੇ ਗੁਰੂ ਨਾਨਕ ਪਾਤਿਸ਼ਾਹ ਦੇ ਵੱਖ-ਵੱਖ ਧਰਮਾਂ ਦੇ ਤੀਰਥ ਅਸਥਾਨਾਂ ਤੇ ਜਾ ਕੇ ਕੀਤੇ ਗਏ ਸੰਵਾਦ ਚਰਚਾ ਦਾ ਵਿਸਥਾਰ ਪੂਰਵਕ ਜਿਕਰ ਕੀਤਾ।
ਪੰਜਾਬੀ ਭਾਸ਼ਾ ਦੇ ਪ੍ਰਚਾਰ ’ਚ ਯੋਗਦਾਨ ਦੇਣ ਵਾਲੇ ਪੰਜਾਬੀ ਪ੍ਰੇਮੀ ਪੰਡਿਤਰਾਓ ਧਰੇਨਵਰ ਨੇ ਇਸ ਮੋਕੇ ਪੰਜਾਬੀ ਭਾਸ਼ਾ ਨੂੰ ਬਚਾਉਣ ਦਾ ਤਰਲਾ ਮਾਰਦੇ ਹੋਏ ਸੰਗਤ ਨੂੰ ਘਰਾਂ ’ਚ ਬੱਚਿਆਂ ਨਾਲ ਪੰਜਾਬੀ ਬੋਲਣ ਦੀ ਪ੍ਰੇਰਣਾ ਕੀਤੀ। ਪੰਡਿਤਰਾਓ ਨੇ ਕੰਨੜ ਭਾਸ਼ਾ ’ਚ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਦਾ ਪਾਠ ਵੀ ਕੀਤਾ। ਦਿੱਲੀ ਕਮੇਟੀ ਦੀ ਪੰਜਾਬੀ ਵਿਕਾਸ ਕਮੇਟੀ ਵੱਲੋਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਵਾਸਤੇ ਭਾਵੁੱਕ ਅਪੀਲ ਵਾਲੇ ਪਲੇ ਕਾਰਡਸ ਜਰੀਏ ਪੰਜਾਬੀ ਅੱਖਰਾਂ ਦੇ ਅਰਥਾਂ ਨੂੰ ਨਿਵੇਕਲੇ ਢੰਗ ਨਾਲ ਪੇਸ਼ ਕੀਤਾ। ਗੰਗਾ ਰਾਮ ਹਸਪਤਾਲ ਦੇ ਡਾ. ਅਰਵਿੰਦ ਵੱਲੋਂ ਵਾਤਾਵਰਣ ਦੀ ਸੰਭਾਲ ਅਤੇ ਫੇਫੜਿਆ ਦੀ ਸੰਭਾਲ ਲਈ ਦਿਵਾਲੀ ਮੌਕੇ ਪਟਾਖੇ ਨਾ ਚਲਾਉਣ ਦੇ ਚਲਾਏ ਗਏ ਅੰਦੋਲਨ ਅਤੇ ਪੰਥਕ ਸੇਵਾਵਾਂ ਲਈ ਭਾਈ ਸਤਪਾਲ ਸਿੰਘ ਦਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।