ਨਵੀਂ ਦਿੱਲੀ – ਮੋਦੀ ਵੱਲੋਂ ਕੀਤੀ ਗਈ ਨੋਟਬੰਦੀ ਦੇ ਇੱਕ ਸਾਲ ਪੂਰਾ ਹੋਣ ਤੇ ਵਿਰੋਧੀ ਦਲਾਂ ਨੇ ਕੇਂਦਰ ਸਰਕਾਰ ਨੂੰ ਘੇਰਨ ਦੇ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਹਨ। ਇਸ ਮੁੱਦੇ ਤੇ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਦੀ ਅਸਫ਼ਲਤਾ ਤੇ ਤਿੱਖੇ ਵਾਰ ਕੀਤੇ ਹਨ। ਉਨ੍ਹਾਂ ਨੇ ਨੋਟਬੰਦੀ ਨੂੰ ਤਬਾਹਕੁੰਨ ਆਰਥਿਕ ਨੀਤੀ ਕਰਾਰ ਦਿੰਦੇ ਹੋਏ ਕਿਹਾ ਕਿ ਮੋਦੀ ਇਸ ਨੂੰ ਆਪਣੀ ਬਹੁਤ ਵੱਡੀ ਗੱਲਤੀ ਦੇ ਰੂਪ ਵਿੱਚ ਸਵੀਕਾਰ ਕਰੇ ਅਤੇ ਅਰਥਵਿਵਸਥਾ ਦੇ ਪੁਨਰਨਿਰਮਾਣ ਦੇ ਲਈ ਆਮ ਸਹਿਮੱਤੀ ਨਾਲ ਕੰਮ ਕਰੇ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਨੋਟਬੰਦੀ ਨੂੰ ਕੈਟਸਟਰਾਫਿਕ ਇਕੋਨਮੀ ਪਾਲਿਸੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਦੇਸ਼ ਵਿੱਚ ਅਸਮਾਨਤਾ ਵੱਧ ਸਕਦੀ ਹੈ ਅਤੇ ਭਾਰਤ ਵਰਗੇ ਦੇਸ਼ ਵਿੱਚ ਇਹ ਸੱਭ ਤੋਂ ਵੱਡੀ ਸਮਾਜਿਕ ਆਫ਼ਤ ਸਾਬਿਤ ਹੋ ਸਕਦੀ ਹੈ। ਉਨ੍ਹਾਂ ਨੇ ਇੱਕ ਵੈਬਸਾਈਟ ਨੂੰ ਦਿੱਤੇ ਇੰਟਰਵਿਯੂ ਵਿੱਚ ਕਿਹਾ ਕਿ ਜੀਡੀਪੀ ਦਾ ਡਿੱਗਣਾ ਇਸ ਬਾਰੇ ਇੱਕ ਸੰਕੇਤ ਹੈ ਅਤੇ ਇਹ ਵਿਨਾਸ਼ਕਾਰੀ ਨੀਤੀ ਸਾਬਿਤ ਹੋਣ ਜਾ ਰਹੀ ਹੈ। ਇਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੋਏ ਹਨ। ਇਸ ਨਾਲ ਨੌਕਰੀਆਂ ਤੇ ਬੁਰਾ ਪ੍ਰਭਾਵ ਪਿਆ ਹੈ ਅਤੇ ਛੋਟੇ ਉਦਯੋਗਾਂ ਨੂੰ ਇਸ ਸੱਭ ਦੇ ਨਾਲ ਜਿਆਦਾ ਨੁਕਸਾਨ ਹੋਇਆ ਹੈ।
ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੈਂ ਨੋਟਬੰਦੀ ਦੇ ਲੰਬੇ ਸਮੇਂ ਤੱਕ ਦੇ ਪ੍ਰਭਾਵ ਨੁੰ ਲੈ ਕੇ ਚਿੰਤਿਤ ਹਾਂ। ਭਾਂਵੇ ਜੀਡੀਪੀ ਵਿੱਚ ਹੋਈ ਗਿਰਾਵਟ ਤੋਂ ਬਾਅਦ ਥੋੜਾ ਸੁਧਾਰ ਵਿਖਾਈ ਦੇ ਰਿਹਾ ਹੈ ਪਰ ਆਰਥਿਕ ਵਿਕਾਸ ਦੇ ਲਈ ਇਹ ਵੱਧਦੀ ਅਸਮਾਨਤਾ ਇੱਕ ਖ਼ਤਰਾ ਹੈ।