ਨਵੀਂ ਦਿੱਲੀ – ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਨੋਟਬੰਦੀ ਦੇ ਇੱਕ ਸਾਲ ਪੂਰੇ ਹੋਣ ਤੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਚੰਗੇ ਨਿਸ਼ਾਨੇ ਸਾਧੇ।। ਉਨ੍ਹਾਂ ਨੇ ਨੋਟਬੰਦੀ ਬਾਰੇ ਮੋਦੀ ਸਰਕਾਰ ਦੀ ਸੋਚ ਤੇ ਸਵਾਲ ਖੜੇ ਕੀਤੇ। ਬਹੁਤ ਸਾਰੇ ਹੋਰ ਰਾਜਨੀਤਕ ਦਲਾਂ ਨੇ ਵੀ ਮੋਦੀ ਦੇ ਇਸ ਫੈਂਸਲੇ ਨੂੰ ਦੇਸ਼ ਦੇ ਲਈ ਘਾਤਕ ਦੱਸਿਆ ਹੈ। ਸਾਬਕਾ ਪ੍ਰਧਾਨਮੰਤਰੀ ਡਾ:ਮਨਮੋਹਨ ਸਿੰਘ ਨੇ ਵੀ ਨੋਟਬੰਦੀ ਨੂੰ ਸੰਗਠਿਤ ਲੁੱਟ ਦੱਸਦੇ ਹੋਏ ਕਿਹਾ ਕਿ ਇਸ ਨਾਲ ਅੱਗੇ ਹੋਰ ਵੀ ਬੁਰਾ ਦੌਰ ਆਉਣ ਵਾਲਾ ਹੈ।
ਲਾਲੂ ਪ੍ਰਸਾਦ ਯਾਦਵ ਨੇ ਕੇਂਦਰ ਸਰਕਾਰ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਨੋਟਬੰਦੀ ਦੇ ਦੌਰਾਨ ਕੁਝ ਚੋਣਵੇਂ ਲੋਕਾਂ ਤੇ ਹੀ ਕਾਰਵਾਈ ਕਿਉਂ ਕੀਤੀ ਗਈ। ਉਨ੍ਹਾਂ ਨੇ ਆਪਣੇ ਟਵੀਟ ਤੇ ਲਿਖਿਆ, “ਨੋਟਬੰਦੀ ਦੇ ਦੌਰਾਨ ਕਿਸੇ ਮਹੇਸ਼ ਸ਼ਾਹ ਕੋਲੋਂ 13 ਹਜ਼ਾਰ ਕਰੋੜ ਦਾ ਕਾਲਾ ਧੰਨ ਮਿਲਿਆ। ਉਹ ਕਿਸ ਸ਼ਾਹ ਦਾ ਕਜ਼ਨ ਬਰਦਰ ਸੀ? ਉਸ ਤੇ ਕਿਸੇ ਆਈਟੀ /ਸੀਬੀਆਈ ਅਤੇ ਈਡੀ ਨੇ ਕਾਰਵਾਈ ਕਿਉਂ ਨਹੀਂ ਕੀਤੀ? ਕੀ ਇਹੋ ਹੈ, ਤੁਹਾਡੀ ਨੋਟਬੰਦੀ?”
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਨੋਟਬੰਦੀ ਦੇ ਇੱਕ ਸਾਲ ਪੂਰਾ ਹੋਣ ਤੇ ਵਿਰੋਧੀ ਧਿਰ ਵਿੱਚ ਸ਼ਾਮਿਲ 22 ਰਾਜਨੀਤਕ ਦਲ ਇਸ ਦਿਨ ਨੂੰ ਕਾਲੇ ਦਿਵਸ ਦੇ ਤੌਰ ਤੇ ਮਨਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨੋਟਬੰਦੀ ਕਰਕੇ ਗਰੀਬਾਂ ਨੂੰ ਲਾਭ ਦੇਣ ਦੇ ਬਹਾਨੇ ਅਮੀਰਾਂ ਅਤੇ ਹੋਰ ਵੱਡੇ ਲੋਕਾਂ ਨੂੰ ਲਾਭ ਪੁੰਚਾਇਆ ਗਿਆ। ਲਾਲੂ ਨੇ ਕਿਹਾ, “ਉਹ ਨੋਟਬੰਦੀ ਨਹੀਂ ਹੰਕਾਰ ਦੀ ਸੰਤੁਸ਼ਟੀ ਸੀ, ਜਿਸ ਨੇ 150 ਲੋਕਾਂ ਦੀ ਬਲੀ ਲੈ ਲਈ।
ਬੀਜੇਪੀ ਦੇ ਆਪਣੇ ਹੀ ਨੇਤਾ ਯਸ਼ਵੰਤ ਸਿਨਹਾ ਨੇ ਵੀ ਨੋਟਬੰਦੀ ਨੂੰ ਖੁਦਕੁਸ਼ੀ ਕਰਨ ਦੇ ਸਮਾਨ ਦੱਸਿਆ ਹੈ। ਤੇਜਸਵੀ ਯਾਦਵ ਨੇ ਸਰਕਾਰ ਤੇ ਵਰ੍ਹਦੇ ਹੋਏ ਕਿਹਾ ਕਿ ਭਾਜਪਾ ਵਾਲੇ ਖੁਦ ਦੇ ਭ੍ਰਿਸ਼ਟ, ਝੂਠੇ ਅਤੇ ਜੁਮਲੇਬਾਜ਼ ਹੋਣ ਦਾ ਜਸ਼ਨ ਮਨਾ ਰਹੇ ਹਨ।