ਜਤਿੰਦਰ ਸਿੰਘ ਕੋਹਾਲ਼ੀ
ਕਈ ਵਾਰ ਸੋਚਦਾ ਹਾਂ ਕਿ ਸ਼ਿਕਾਰ ਕਰਨ ਜਾਂ ਸ਼ਿਕਾਰ ਹੋਣ ਵਿਚ ਕਿੰਨਾ ਕੁ ਫਰਕ ਹੈ?ਇਕ ਪਾਸੇ ਖੂੰਖਾਰ ਚਿੰਗਾੜਦੇ ਜਬਾੜੇ ਅਤੇ ਦੂਜੇ ਪਾਸੇ ਦੁਬਕੀ ਬੈਠੀ ਮਲੂਕ ਜਿੰਦਗੀ।ਜਿੰਦਗੀ ਵੀ ਖੂਬ ਸ਼ਿਕਾਰੀ ਹੈ।ਸਾਰੀ ਉਮਰ ਸ਼ਿਕਾਰ ਹੋਣੋ ਬਚਦਾ-ਬਚਾਉਂਦਾ ਇਨਸਾਨ ਅੰਤ ਮੌਤ ਦਾ ਸ਼ਿਕਾਰ ਬਣ ਜਾਂਦਾ ਹੈ।ਕਾਰਲ ਮਾਰਕਸ ਨੇ ਯੁੱਗਾਂ ਨੂੰ ਚਾਰ ਹਿੱਸਿਆਂ ‘ਚ ਵੰਡਿਆ ਹੈ: ਪੱਥਰ ਯੁੱਗ,ਜਗੀਰਦਾਰੀ ਯੁੱਗ,ਸਰਮਾਏਦਾਰੀ ਯੁੱਗ ਅਤੇ ਭਵਿੱਖਤ ਸਮਾਜਵਾਦੀ ਯੁੱਗ।ਭਾਰਤੀ ਪ੍ਰਾਚੀਨ ਵਿਚਾਰਸ਼ਾਸ਼ਤਰੀਆਂ ਅਨੁਸਾਰ ਵੀ ਚਾਰ ਯੁੱਗ ਹੁੰਦੇ ਹਨ ਸਤਯੁੱਗ,ਦੁਆਪਰ,ਤਰੇਤਾ ਤੇ ਕਲਯੁੱਗ। ਕਲਯੁੱਗ ਨੂੰ ਮੈਨੂੰ ਲੱਗਦਾ ਹੈ ਕਿ ਨਾਮ ਗਲਤ ਨਾਮ ਦਿੱਤਾ ਗਿਆ ਹੈ। ਇੱਸਦਾ ਨਾਮ ‘ਸ਼ਿਕਾਰੀ’ ਯੁੱਗ ਚਾਹੀਦਾ ਸੀ। ਸਾਰੀ ਦੁਨੀਆਂ ਭੱਜੀ ਫਿਰ ਰਹੀ ਹੈ। ਕੋਈ ਸ਼ਿਕਾਰ ਕਰਨ ਜਾ ਰਿਹਾ ਹੈ ਤੇ ਕੋਈ ਸ਼ਿਕਾਰ ਹੋਣ। ਪਹਿਲਾਂ ਸ਼ਿਕਾਰ ਕਰਨ ਲਈ ਬੰਦੂਕਾਂ, ਤੀਰ ਕਮਾਨ,ਨੇਜੇ, ਜਾਲ ਤੇ ਸ਼ਿਕਾਰੀ ਕੁੱਤੇ ਚਾਹੀਦੇ ਸਨ। ਪਰ ਹੁਣ ਸ਼ਿਕਾਰ ਕਰਨ ਲਈ ਮਿੱਠੀ ਜ਼ੁਬਾਨ, ਅਗਲੇ ਦੇ ਹਿਰਦੇ ‘ਚ ਉੱਤਰ ਜਾਣ ਵਾਲ਼ੀ ਛੁਪੀ ਹੋਈ ਸਾਜਿਸ਼ ਭਰੀ ਚਾਲ, ਮੋਮੋਠੱਗਣੀਆਂ ਏਜੰਟੀਆਂ ਆਦਿ ਚਾਹੀਦੀਆਂ ਹਨ।ਜਿਉਂਦੇ-ਜੀਅ ਬੰਦੇ ਨੂੰ ਖਾਹਿਸ਼ਾਂ ਸ਼ਿਕਾਰ ਬਣਾਉਦੀਆਂ ਹਨ।ਦੁਸ਼ਮਣਾ ਤੋਂ ਇਲਾਵਾ ਦੋਸਤਾਂ,ਰਿਸ਼ਤੇਦਾਰਾਂ ਦੇ ਜਬਾੜਿਆਂ ਤੋਂ ਬਚਣਾ ਪੈਂਦਾ ਹੈ।ਰੋਜ਼ਾਨਾ ਦੇ ਕਾਰ-ਵਿਹਾਰ ਇੱਕ-ਦੂਜੇ ਨੂੰ ਸ਼ਿਕਾਰ ਬਣਾਉਣ ਜਾਂ ਬਣਨ ਤੋਂ ਬਚਣ ਦਾ ਹੀ ਸਲੀਕਾ ਹੈ।
ਮੇਰੀ ਤਹਿਸੀਲ ਅਜਨਾਲ਼ਾ ਦੀ ਪਾਕਿਸਤਾਨ ਨਾਲ਼ ਲੱਗਦੀ ਨੁੱਕਰ ਨਾਲ਼ ਖਹਿ ਕੇ ਰਾਵੀ ਨਦੀ ਵਗਦੀ ਹੈ। ਇਸਦੇ ਸਮਾਨਆਂਤਰ ਦੋ ਉੱਪ ਨਦੀਆਂ ਬੁੱਢਾ ਦਰਿਆ ਤੇ ਸੱਕੀ ਨਦੀ ਵੀ ਹਮਸਫ਼ਰ ਹੋ ਪਾਕਿਸਤਾਨ ਵਾਲ਼ੇ ਪਾਸੇ ਮੁੜ ਜਾਂਦੀਆਂ ਹਨ।ਆਸੇ-ਪਾਸੇ ਬਹੁਤ ਸਾਰਾ ਇਲਾਕਾ ਵਿਰਾਨ ਹੈ ਤੇ ਜੰਗਲੀ ਝਾੜੀਆਂ,ਰੁੱਖਾਂ ਤੋਂ ਇਲਾਵਾ ਸਰਕੜਿਆਂ ਦੇ ਦੂਰ ਤੱਕ ਫੈਲੇ ਮੈਦਾਨ ਹਨ।ਅੱਜ ਵੀ ਇਸ ਇਲਾਕੇ ‘ਚ ਤਿੱਤਰ,ਜੰਗਲੀ ਸੂਰ,ਹਿਰਨ ਤੇ ਬਟੇਰੇ ਮਿਲ਼ ਜਾਂਦੇ ਹਨ।ਸ਼ਿਕਾਰ ਦੇ ਸ਼ੌਕੀਨਾ ਲਈ ਕੁਝ ਹੱਦ ਤੱਕ ਇਹ ਜਗ੍ਹਾ ਰਾਖਵੀਂ ਪਈ ਹੈ।ਕਦੀ ‘ਭੁੱਸਿਆਂ ਦੀ ਰੱਖ’ ਵੀ ਅੰਮ੍ਰਿਤਸਰ ਜਿਲੇ ਦੀ ਵੱਡੀ ਸ਼ਿਕਾਰਗਾਹ ਹੋਇਆ ਕਰਦੀ ਸੀ।ਅੱਜ ‘ਸਮੈਕ’ ਪੀਣ ਵਾਲਿਆਂ ਲਈ ਸੇਫ ਜਗ੍ਹਾ ਹੈ।
ਅਜਨਾਲ਼ਾ ਤਹਿਸੀਲ ਦੇ ਦਰਿਆ ਨਾਲ਼ ਲੱਗਦੇ ਇਸ ਇਲਾਕੇ ‘ਚ ਕੁਝ ਦਹਾਕੇ ਪਹਿਲਾਂ ਤੱਕ ‘ਰਾਅ ਸਿੱਖ’ ਅਤੇ ਮਹਿਤਮ’ ਕਬੀਲੇ ਦੇ ਲੋਕ ਹੀ ਵੱਸਦੇ ਸਨ।ਹੋਰਨਾ ਇਲਾਕਿਆਂ ‘ਚ ਆਬਾਦੀ ਵਧਣ ਨਾਲ਼ ਜੱਟਾਂ ਨੇ ਇੱਧਰ ਰੁਖ਼ ਕਰ ਲਿਆ। ਬਹੁਤ ਸਾਰੀ ਵਿਹਲੀ ਪਈ ਕੇਂਦਰ ਸਰਕਾਰ ਦੀ ਜ਼ਮੀਨ ਆਬਾਦ ਕਰ ਦਿੱਤੀ ਗਈ। ਜੰਗਲੀ ਜੀਵਾਂ ਦੀ ਥਾਂ ਸੁੰਘੜ ਗਈ। ਮੇਰੇ ਪਿੰਡ ਦੇ ਲੋਕ ਇੱਸ ਸ਼ਿਕਾਰਗਾਹ ਦੇ ਘਾਗ ਸ਼ਿਕਾਰੀ ਰਹੇ ਹਨ। ਇਹਨਾ ਸ਼ਿਕਾਰੀਆਂ ਦੇ ਘਰੇ ਗਰੀਬੀ ਦਾਅਵਾ ਹੀ ਹੁੰਦਾ ਹੈ। ਆਪ ਭਾਵੇਂ ਭੁੱਖੇ ਰਹਿ ਲੈਣ ਪਰ ਸ਼ਿਕਾਰਨ ਕੁੱਤੀਆਂ ਨੂੰ ਰਜਾ ਕੇ ਰੱਖਣਗੇ।ਜਦੋਂ ਸ਼ਿਕਾਰ ਮਿਲ਼ਦਾ ਹੈ ਤਾਂ ਤਿਰਕਾਲ਼ਾਂ ਨੂੰ ਘਰੇ ਮੁੜਦਿਆਂ ਦੇ ਚਿਹਰੇ ਦੀ ਰੌਣਕ ਹੀ ਹੋਰ ਹੁੰਦੀ ਹੈ। ਤਿੱਤਰ,ਬਟੇਰਾ,ਸਹਿਆ ਜਾਂ ਜੰਗਲੀ ਬਿੱਲਾ ਆਦਿ ਕੁਝ ਤਾਂ ਉਹ ਮੀਟ ਵੇਚ ਲੈਂਦੇ ਤੇ ਕੁਝ ਘਰੇ ਬਣ ਜਾਂਦਾ। ਇਸ ਇਲਾਕੇ ਦੇ ਲੋਕਾਂ ਨੂੰ ਸ਼ਿਕਾਰ ਕਰਨ ਦਾ ਜਨੂੰਨ ਸੀ। ਆਦਿ ਕਾਲ ਤੋਂ ਜਦੋਂ ਮਨੁੱਖ ਜੰਗਲਾਂ ਵਿਚ ਰਹਿੰਦਾ ਸੀ ਤਾਂ ਮਾਨਵ ਅਤੇ ਜਾਨਵਰਾਂ ਵਿਚਾਲੇ ਇੱਕ-ਦੂਜੇ ਨੂੰ ਸ਼ਿਕਾਰ ਕਰਨ ਦੀ ਹੋੜ ਲੱਗੀ ਰਹਿੰਦੀ। ਸਮਾ ਬੀਤਣ ਨਾਲ਼ ਮਨੁੱਖ ਨੇ ਪੇਟ ਨੂੰ ਝੁਲਕਾ ਦੇਣ ਲਈ ਹੋਰ ਸਾਧਨ ਲੱਭ ਲਏ।ਪਰ ਸ਼ਿਕਾਰ ਦੀ ਆਦਤ ਕੇਵਲ ਸ਼ਂੌਕ ਮਾਤਰ ਹੀ ਰਹਿ ਗਈ।
ਪਿੰਡ ਵਿਚੋਂ ਦਸ-ਪੰਦਰਾਂ ਦਾ ਹਜੂਮ ਇੱਕੱਠਾ ਹੋ ਕੇ ਤੁਰ ਪੈਂਦਾ।ਹੱਥਾਂ ਵਿਚ ਡਾਗਾਂ ਤੇ ਇੱਕ-ਦੋ ਜਾਲ ਹੁੰਦੇ। ਸ਼ਿਕਾਰੀ ਕੁੱਤੇ ਜੋਸ਼ ਵਿਚ ਅੱਗੇ-ਅੱਗੇ ਜਾਂਦੇ। ਕਿਸੇ ਰੱਖ ਦੇ ਮਲ੍ਹੇ-ਝਾੜੀ ‘ਚ ਖਰਗੋਸ਼ ਦੌੜ ਕੇ ਲੁੱਕ ਜਾਂਦਾ।ਤਾਂ ਸ਼ਿਕਾਰੀਆਂ ਦੀ ਨਜ਼ਰ ਪੈ ਜਾਂਦੀ। ਉੰਝ ਸ਼ਿਕਾਰ ਦੀ ਮੌਜੂਦਗੀ ਦਾ ਪਤਾ ਬਹੁਤੀ ਵਾਰ ਕੁੱਤੇ ਹੀ ਆਪਣੀ ਸੁੰਘਣ ਸ਼ਕਤੀ ਨਾਲ਼ ਕਰ ਲੈਂਦੇ। ਡਰਿਆ-ਸਹਿਮਿਆ ਸ਼ਿਕਾਰ ਜਦੋਂ ਦੌੜਨ ਲੱਗਦਾ ਤਾਂ ਜਾਂ ਤਾਂ ਝਾੜੀ ਦੁਆਲ਼ੇ ਲਪੇਟੇ ਜਾਲ਼ ਵਿਚ ਜਾ ਵੱਜਦਾ ਜਾਂ ਵਗਾਹ ਕੇ ਸੁੱਟੀਆਂ ਡਾਗਾਂ ਦਾ ਸ਼ਿਕਾਰ ਹੋ ਜਾਂਦਾ।ਸ਼ਿਕਾਰੀ ਕੁੱਤਿਆਂ ਦੇ ਜੋਰ ਦਾ ਵੀ ਪਤਾ ਲੱਗਦਾ। ਜਿਸਦਾ ਕੁੱਤਾ ਫਾਡੀ ਰਹਿ ਜਾਂਦਾ। ਉਸਦੇ ਮਾਲਕ ਨੂੰ ਬਾਅਦ ਵਿਚ ਝੇਡਾਂ ਤੇ ਮਖੌਲ ਭਰੀ ਕੁੱਤੇਖਾਣੀ ਵੀ ਸਹਿਣੀ ਪੈਂਦੀ।
ਇਕ ਵਾਰ ਸਾਡੇ ਪਿੰਡ ਦੇ ਇਕ ਬੰਦੇ ਨੇ ਦੋ ਏਕੜ ‘ਚ ਸਫੈਦੇ ਦੇ ਰੁੱਖ ਲਾਏ। ਉਸਨੇ ਰੁੱਖ ਵਢਾਅ ਲਏ ਕਿਉਂ ਜੋ ਉਹ ਉਹਨਾ ਨੂੰ ਕੁਝ ਮਹੀਨੇ ਬਾਅਦ ਵੇਚਣੇ ਚਾਹੁੰਦਾ ਸੀ।ਉਸਨੇ ਰੁੱਖ ਆਪਣੀ ਹਵੇਲੀ ‘ਚ ਰੱਖ ਲਏ। ਹਵੇਲੀ ‘ਚ ਸਫੈਦੇ ਦੇ ਤਣਿਆ ਦਾ ਤਾਂ ਅੰਬਾਰ ਲੱਗ ਗਿਆ ਨਾਲ਼ ਹੀ ਛੋਟੀਆਂ-ਮੋਟੀਆਂ ਟਹਿਣੀਆਂ ਵੀ ਸੁੱਕਣ ਤੋਂ ਬਾਅਦ ਬਾਲ਼ਣ ਵਜ੍ਹੋਂ ਵਰਤਣ ਲਈ ਰੱਖ ਲਈਆਂ ਗਈਆਂ। ਉਸ ਬੰਦੇ ਸੰਤੋਖ ਸਿੰਘ ਨੇ ਰੁਲ਼ਦੂ ਸ਼ਿਕਾਰੀ ਨੂੰ ਖਬਰ ਦਿੱਤੀ ਕਿ ਉਸਦੀ ਹਵੇਲੀ ਪਏ ਸਫੈਦਿਆਂ ਵਿਚ ਇਸ ਪਾਸੇ ਇਕ ਸਹਿਆ ਤੇ ਉਸ ਪਾਸੇ ਇਕ ਬਿੱਲਾ ਵੜ ਗਿਆ ਹੈ।ਰੁਲ਼ਦੂ ਦੇ ਮੂੰਹ ਵਿਚ ਪਾਣੀ ਆ ਗਿਆ।ਉਸਨੇ ਦੋ ਹੋਰ ਸ਼ਿਕਾਰੀਆਂ ਨੂੰ ਅਵਾਜ ਮਾਰੀ ਤਾਂ ਚਾਰ ਹੋਰ ਆ ਗਏ।
ਦੋ ਜਣੇ ਕੁੱਤੇ ਫੜ ਕੇ ਦੋਹੀਂ ਪਾਸੀਂ ਖਲੋ ਗਏ।ਬਾਕੀ ਡਾਗਾਂ ਨਾਲ਼ ਬਾਲਣ ਵਾਲੀਆਂ ਲੱਕੜੀਆਂ ਦੀ ਫੋਲਾ-ਫਾਲੀ ਕਰਨ ਲੱਗੇ।ਟਹਿਣੀਆਂ ਦੇ ਝਾੜ ਤੇ ਰੁੱਖਾਂ ਦੇ ਤਣਿਆਂ ਦੇ ਅੰਬਾਰ ਚੜ੍ਹੇ ਹੋਏ ਸਨ। ਹਵੇਲੀ ਦਾ ਮਾਲਕ ਸੰਤੋਖ ਸਿੰਘ ਕਹਿਣ ਲੱਗਾ,”ਲੈ ਭਈ ਜਵਾਨੋ! ਅੱਜ ਪਤਾ ਲੱਗੂ ਕਿਹੜਾ ਸ਼ੇਰਨੀ ਦਾ ਜਾਇਆ ਆ। ਲੱਕੜ-ਤੁੰਬੜ ਆਲੀ ਭਾਵੇਂ ਹੇਠਲੀ ਉੱਤੇ ਕਰ ਦਿਉ। ਆਪਾਂ ਨੂੰ ਕੋਈ ਪਰਵਾਹ ਨਹੀ। ਘਰਦੀ ਕੱਢੀ ਹੈਗੀ ਆ ਐਂ ਕੰਢੇ ‘ਤੇ ਕਰ ਦਿਆਂਗੇ।“।
ਸੰਤੋਖ ਸਿੰਘ ਤੋਂ ਮਿਲ਼ਨ ਵਾਲ਼ੀ ਹੱਲਾਸ਼ੇਰੀ ਅਤੇ ਘਰਦੀ ਕੱਢੀ ਦਾ ਨਾਮ ਸੁਣ ਕੇ ਸ਼ਿਕਾਰੀਆਂ ਦਾ ਜੋਸ਼ ਹੋਰ ਵੱਧ ਗਿਆ। ਚਿਹਰਿਆਂ ਦੇ ਰੰਗ ਹੋਰ ਭਖ ਗਏ।ਸ਼ਿਕਾਰ ਕਰਨਾ ਬੜਾ ਭੈੜਾ ਜਾਨੂੰਨ ਹੈ ਮੁਹਿੰਮ ਫਤਿਹ ਹੋਣ ਤੱਕ ਸਾਰੇ ਕੰਮ-ਕਾਰ ਵਿਸਰ ਜਾਂਦੇ ਹਨ।ਕੁੱਤੇ ਟਹਿਣੀਆਂ ਨੂੰ ਸੁੰਘਦੇ ਕਦੀ ਇੱਧਰ ਤੇ ਕਦੀ ਉੱਧਰ ਆ ਜਾ ਰਹੇ ਸਨ। ਹੋਰ ਨਿਆਣੇ-ਸਿਆਣੇ ਵੇਖਣ ਦੇ ਮਾਰੇ ਜੁੜ ਗਏ।ਜੇ ਸ਼ਿਕਾਰ ਬਚ ਕੇ ਨਿਕਲ਼ ਜਾਂਦਾ ਤਾਂ ਸ਼ਿਕਾਰੀਆਂ ਲਈ ਸ਼ਰਮ ਵਾਲ਼ੀ ਗੱਲ ਸੀ।
“ਪਹਿਲਾਂ ਘੁੱਟ-ਘੁੱਟ ਲਾ ਨਾ ਲਈਏ, ਚਾਚਾ”, ਬੀਰੇ ਨੇ ਕਿਹਾ। ਸੰਤੋਖ ਸਿੰਘ ਬੋਤਲ ਲੈ ਆਇਆ ਤੇ ਗਲਾਸੀ-ਗਲਾਸੀ ਸਾਰਿਆਂ ਨੇ ਅੰਬ ਦੇ ਅਚਾਰ ਨਾਲ਼ ਲਾ ਲਈ।
ਸੰਤੋਖ ਸਿੰਘ ਕਹਿਣ ਲੱਗਾ,” ਤੁਸੀਂ ਯੱਭਲ਼ੀਆਂ ਮਾਰਨ ਡਹੇ ਜੇ,ਇੰਝ ਗੱਲ ਨਹੀ ਬਣਨੀ ਲੱਕੜਾਂ ਚੁੱਕ ਕੇ ਦੂਜੇ ਥਾਂ ਤੇ ਰੱਖਣੀਆਂ ਸ਼ੁਰੂ ਕਰੋ।ਐਹ ਟਹਿਣੀਆਂ ਵੀ ਚੁੱਕ-ਚੁੱਕ ਮਾਰੋ। ਫੇਰ ਵੇਖਿਉ ਸ਼ਿਕਾਰ ਨਿਕਲ਼ਦਾ”।
ਸ਼ਿਕਾਰੀਆਂ ਨੇ ਪੱਤਿਆਂ ਲੱਦੀਆਂ ਟਹਿਣੀਆਂ ਨੂੰ ਫੋਲਣਾ ਸ਼ੁਰੂ ਕਰ ਦਿੱਤਾ ਤੇ ਟਹਿਣੀਆਂ ਚੁੱਕ ਕੇ ਇੱਕ ਥਾਉਂ ਦੂਜੇ ਥਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ।
“ਲਉ ਸ਼ੇਰੋ ਇਕ-ਇਕ ਪੈੱਗ ਹੋਰ ਲਾ ਲਉ। ਆਪਾਂ ਰਹੁਰਾਸ ਦੇ ਵੇਲ਼ੇ ਤੋਂ ਪਹਿਲਾਂ-ਪਹਿਲਾਂ ਮੋਰਚਾ ਫਤਿਹ ਕਰਨਾ”। ਸੰਤੋਖ ਸਿੰਘ ਲਗਾਤਾਰ ਹੱਲਾਸ਼ੇਰੀਆਂ ਦੇਈ ਜਾ ਰਿਹਾ ਸੀ। ਪਰ ਸ਼ਿਕਾਰ ਕੁਝ ਜਿਆਦਾ ਹੀ ਵੇਹਰ ਗਿਆ ਸੀ।ਕੁੱਤਿਆਂ ਦਾ ਮੱਚ ਤਾਂ ਮੱਠਾ ਪੈ ਗਿਆ ਸੀ ਨਾਲ਼ ਹੀ ਸ਼ਿਕਾਰੀ ਵੀ ਅੰਨ੍ਹੇ-ਬੋਲ਼੍ਹੇ ਜਿਹੇ ਹੋ ਗਏ ਸਨ।
ਰੁਲ਼ਦੂ ਸੰਤੋਖੇ ਨੂੰ ਕਹਿਣਾ ਲੱਗਾ,”ਕੋਈ ਸ਼ੈਅ ਵੜਦੀ ਵੀ ਵੇਖੀ ਊ ਕਿ ਐਵੇਂ ਝਾਉਲ਼ਾ ਤੇ ਨਹੀ ਪਿਆ”।
“ਮੈਂ ਆਪ ਵੇਖਿਆ ਨਾਲ਼ੇ ਅੱਗੇ ਕਦੀ ਝੂਠ ਮਾਰਿਆ ਤੇਰੇ ‘ਗਾੜੀ”। ਸੰਤੋਖ ਸਿਉਂ ਨੇ ਖਰੇ ਹੁੰਦਿਆਂ ਕਿਹਾ।
ਸ਼ਿਕਾਰੀਆਂ ਨੇ ਰਹਿੰਦੀਆਂ-ਖੂੰਹਦੀਆਂ ਲੱਕੜਾ ਤੇ ਬਾਲ਼ਣ ਵੀ ਫੋਲ ਦਿੱਤਾ।ਥਕੇਂਵੇਂ ਤੇ ਸ਼ਿਕਾਰ ਨਾ ਮਿਲ਼ਨ ਦੀ ਨਿਰਾਸ਼ਾ ਕਾਰਨ ਝੂਰ ਹੋਏ ਪਏ ਸਨ।ਹੁਣ ਤੇ ਕੋਈ ਆਸ ਬਾਕੀ ਨਹੀ ਸੀ ਰਹੀ।ਬੀਰਾ ਸੰਤੋਖੇ ਅੱਗੇ ਗਿਲਾ ਕਰ ਰਿਹਾ ਸੀ,” ਚਾਚਾ ਸਾਰੀਆਂ ਲੱਕੜਾਂ ਫੋਲ ਮਾਰੀਆਂ ਨਿਕਲਿਆ ਤੇ ਕੁਝ ਵੀ ਨਹੀ।ਇਹ ਕਿਹੜਾ ਸੱਪ ਸੀ ਕਿ ਧਰਤੀ ਵਿਹਲ ਦੇਗੀ”।
ਸੰਤੋਖ ਸਿੰਘ ਠਰੰਮੇ ਨਾਲ਼ ਕਹਿਣ ਲੱਗਾ,” ਆਜੋ ਸਹੁਰੀ ਦਿਉ ਮੈਂ ਤੁਹਾਨੂੰ ਦੱਸਨਾਂ। ਦਰਅਸਲ ਇੱਥੇ ਕੁਝ ਹੁੰਦਾ ਤਾਂ ਤੁਹਾਨੂੰ ਲੱਭਦਾ। ਬਰਸਾਤਾਂ ਕਾਰਨ ਹੇਠਲੀਆਂ ਲੱਕੜਾਂ ਸਲ੍ਹਾਭ ਨਾਲ਼ ਗਲ਼ਣ ਲੱਗੀਆਂ ਸਨ।ਮੈਂ ਸੋਚਿਆ ਲੱਕੜਾਂ ਤੇ ਬਾਲ਼ਣ ਦੀ ਫੋਲਾ-ਫਾਲੀ ਕਰਾ ਲਈਏ।ਸਲ੍ਹਾਭੀਆਂ ਲੱਕੜਾਂ ਨੂੰ ਵੀ ਧੁੱਪ-ਹਵਾ ਲੱਗ ਜਾਵੇ”। ਸ਼ਿਕਾਰੀ ਇੱਕ-ਦੂਜੇ ਵੱਲ ਬਿਟਰ-ਬਿਟਰ ਝਾਕਣ ਲੱਗੇ।
“ ਉੰਝ ਮਹੁਰਿਉ ਦਿਹਾੜੀ ‘ਤੇ ਲਿਆਂਦੇ ਬੰਦਿਆਂ ਨੇ ਦੋ ਦਿਨਾ ‘ਚ ਏਨਾ ਕੰਮ ਨਹੀ ਸੀ ਕਰਨਾ ਜਿੰਨਾ ਤੁਸੀਂ ਦੋਂਹ-ਚੌਂਹ ਘੰਟਿਆ ‘ਚ ਕਰ ਵਿਖਾਇਆ। ਮੰਨ ਗਏ ਭਈ ਤੁਹਾਡੇ ਜੋਰ ਨੂੰ”। ਸੰਤੋਖ ਸਿੰਘ ਕਹਿਣ ਲੱਗਾ।
ਅਸਲ ਵਿਚ ਸੰਤੋਖ ਸਿੰਘ ਦੀ ਹਵੇਲੀ ਪਿਆ ਕੀਮਤੀ ਲੱਕੜਾਂ ਤੇ ਬਾਲ਼ਣ ਬਰਸਾਤ ਕਾਰਨ ਹੇਠੋਂ ਗਲ਼ਨ ਲੱਗ ਪਿਆ ਸੀ। ਉਹ ਇੱਸਦੀ ਫੋਲਾ-ਫਾਲੀ ਕਰਨੀ ਚਾਹੁੰਦਾ ਸੀ। ਸੰਤੋਖ ਸਿੰਘ ਨੇ ਸੋਚਿਆ ਦਿਹਾੜੀ ‘ਤੇ ਮਜਦੂਰ ਕਿਉਂ ਲਾਈਏ। ਕਿਉਂ ਨਾ ਇਸ ਕੰਮ ਲਈ ਸ਼ਿਕਾਰੀਆਂ ਨੂੰ ਵਰਤਿਆ ਜਾਵੇ। ਇਸ ਲਈ ਉਸਨੇ ਲੱਕੜਾਂ ‘ਚ ਜੰਗਲੀ ਬਿੱਲਾ ਤੇ ਸਹਿਆ ਵੜਿਆ ਹੋਣ ਦੀ ਝੂਠੀ ਗੱਲ ਫੈਲ਼ਾਅ ਦਿੱਤੀ।
ਲੋਕ ਸਿਕਾਰੀਆਂ ਨੂੰ ਝੇਡਾਂ ਕਰ ਰਹੇ ਸਨ। ਪੰਜ-ਛੇ ਸੁੱਕੇ ਜਿਹੇ ਪੈੱਗ ਲਾ ਕੇ ਸ਼ਿਕਾਰੀ ਬੇਸ਼ਰਮਾਂ ਵਾਂਗੂੰ ਝੂਠਾ ਜਿਹਾ ਹੱਸਦੇ ਘਰਾਂ ਨੂੰ ਜਾ ਰਹੇ ਸਨ।ਜਿਵੇਂ ਕਹਿ ਰਹੇ ਹੋਣ ‘ਅੱਜ ਤਾਂ ਆਪ ਹੀ ਸ਼ਿਕਾਰ ਬਣ ਗਏ”।