ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿੰਨੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਆਉਦੇ ਹਨ, ਉਨ੍ਹਾਂ ਵਿਚ ਤਕਰੀਬਨ ਸਭ ਸਥਾਨਾਂ ਤੇ ਖੁੱਲ੍ਹੇ ਸਥਾਨ ਵੀ ਹਨ ਅਤੇ ਇਨ੍ਹਾਂ ਸਥਾਨਾਂ ਵਿਚ ਗੁਰੂਘਰਾਂ ਦੇ ਚੌਗਿਰਦੇ ਨੂੰ ਮਨਮੋਹਿਕ ਰੱਖਣ ਹਿੱਤ ਫੁੱਲਾਂ ਵਾਲੇ ਬੂਟੇ ਅੱਛੇ ਦਰੱਖਤ ਅਤੇ ਲੈਡਸਕੇਪਿੰਗ ਦਾ ਸਮੁੱਚਾ ਪ੍ਰਬੰਧ ਕਰਕੇ ਜਿਥੇ ਇਸਦੀ ਸਮੁੱਚੀ ਸਫ਼ਾਈ ਦਾ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਜਾਵੇ, ਉਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਥਾਨ ਵਿਖੇ ਇਹ ਵੀ ਵੇਖਣ ਵਿਚ ਆਇਆ ਹੈ ਕਿ ਬਹੁਤੇ ਗੁਰੂਘਰਾਂ ਵਿਚ ਬਣਾਉਟੀ ਪਲਾਸਟਿਕ ਜਾਂ ਕਾਗਜ ਦੇ ਬਣੇ ਗੁਲਦਸਤੇ ਸੁਸੋਭਿਤ ਕੀਤੇ ਜਾਂਦੇ ਹਨ ਜੋ ਕਿ ਗੁਰੂ ਮਰਿਯਾਦਾਂ ਦੀ ਉਲੰਘਣਾਂ ਦੇ ਨਾਲ-ਨਾਲ ਉਸ ਗੁਰੂਘਰ ਦਾ ਅਪਮਾਨ ਕਰਨ ਦੇ ਤੁੱਲ ਅਮਲ ਹਨ । ਜੋ ਸਖਤੀ ਨਾਲ ਬੰਦ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਸਥਾਨਾਂ ਉਤੇ ਤਾਜੇ ਵਧੀਆ ਕਿਸਮ ਦੇ ਖੁਸਬੂਦਾਰ ਫੁੱਲਾਂ ਦੇ ਗੁਲਦਸਤੇ ਸੁਸੋਭਿਤ ਹੋਣੇ ਚਾਹੀਦੇ ਹਨ । ਅਜਿਹਾ ਸਾਡਾ ਕੌਮੀ ਤੇ ਅਧਿਆਤਿਮਕ ਫਰਜ ਵੀ ਬਣ ਜਾਂਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਤਿਹਾਸਿਕ ਗੁਰੂਘਰਾਂ ਅਤੇ ਹੋਰਨਾਂ ਗੁਰਦੁਆਰਿਆ ਵਿਚ ਪ੍ਰਬੰਧਕਾਂ ਵੱਲੋ ਉਸ ਗੁਰੂਘਰਾਂ ਦੀ ਸਮੁੱਚੀ ਸਫ਼ਾਈ ਅਤੇ ਰੋਹਾਨੀਅਤ ਵੱਲ ਕਦਮ ਪੁੱਟਦੇ ਹੋਏ ਉਸਦੇ ਚੌਗਿਰਦੇ ਨੂੰ ਫੁੱਲਾਂ, ਫ਼ਲਾਂ ਵਾਲੇ ਖੁਸਬੂਦਾਰ ਬੂਟਿਆਂ ਨੂੰ ਲਗਾਉਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਰਜੋਰ ਅਪੀਲ ਕਰਦੇ ਹੋਏ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਂਨ ਤੇ ਬਣਾਉਟੀ ਫੁੱਲਾਂ ਨੂੰ ਸਖਤੀ ਨਾਲ ਹਟਾਕੇ ਰੋਜ਼ਾਨਾ ਤਾਜੇ ਫੁੱਲਾਂ ਨਾਲ ਉਸ ਅਸਥਾਂਨ ਨੂੰ ਸੁਸੋਭਿਤ ਕਰਨ ਅਤੇ ਮਹਿਕ ਭਰਿਆ ਕਰਨ ਦੀ ਉਚੇਚੇ ਤੌਰ ਤੇ ਜਿੰਮੇਵਾਰੀ ਨਿਭਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵੱਡੇ-ਵੱਡੇ ਸਿੱਖ ਕੌਮ ਨਾਲ ਸਿਆਸੀ ਆਗੂਆਂ ਦੀਆਂ ਕੋਠੀਆ ਅਤੇ ਘਰਾਂ ਵਿਚ ਤਾਜੇ ਫੁੱਲਾਂ ਦੇ ਗੁਲਦਸਤੇ ਲਗਾਏ ਜਾਂਦੇ ਹਨ ਤਾਂ ਮਹਾਰਾਜ ਦੇ ਸੁਸੋਭਿਤ ਅਸਥਾਂਨ ਤੇ ਅਜਿਹਾ ਕਰਨ ਤੋ ਪ੍ਰਬੰਧਕ ਕਿਉਂ ਮੂੰਹ ਮੋੜ ਲੈਦੇ ਹਨ ? ਜਦੋਂਕਿ ਇਸ ਅਸਥਾਨ ਦੀ ਸਫ਼ਾਈ ਅਤੇ ਮਹਿਕ ਭਰਿਆ ਰੱਖਣ ਲਈ ਸਾਡੀ ਸਭਨਾਂ ਦੀ ਸਾਂਝੀ ਤੇ ਕੌਮੀ ਜਿੰਮੇਵਾਰੀ ਬਣਦੀ ਹੈ ।