ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਅਤੇ ਵਿਸ਼ਵ ਪ੍ਰਸਿੱਧ ਹਾਸ-ਵਿਅੰਗ ਕਲਾਕਾਰ ਬਾਲ ਮੁਕੰਦ ਸ਼ਰਮਾ ਦੀਆਂ ਪ੍ਰਬੰਧਕੀ ਯੋਗਤਾਵਾਂ ਨੂੰ ਸਨਮਾਨਦਿਆਂ ਮਾਰਕਫੈੱਡ ਦਾ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਹੈ। ਸ਼੍ਰੀ ਸ਼ਰਮਾ 2019 ਤੀਕ ਇਸ ਰੁਤਬੇ ਤੇ ਸੇਵਾ ਨਿਭਾਉਣਗੇ। ਪੰਜਾਬ ਖੇਤੀ ਯੂਨੀਵਰਸਿਟੀ ਤੋਂ ਬੀ ਐਸ ਸੀ ਖੇਤੀਬਾੜੀ ਕਰਨ ਉਪਰੰਤ ਇਸੇ ਯੂਨੀਵਰਸਿਟੀ ਤੋਂ ਹੀ ਵਜ਼ੀਫੇ ਸਹਿਤ ਐੱਮ ਬੀ ਏ ਪਾਸ ਕਰਕੇ ਆਪ 1987 ਵਿੱਚ ਮਾਰਕਫੈੱਡ ਵਿੱਚ ਜ਼ਿਲ੍ਹਾ ਮੈਨੇਜਰ ਵਜੋਂ ਨਿਯੁਕਤ ਹੋਏ। ਜਲੰਧਰ, ਲੁਧਿਆਣਾ ਜ਼ਿਲ੍ਹਿਆਂ ਵਿੱਚ ਸੇਵਾ ਕਰਨ ਉਪਰੰਤ ਬਾਲ ਮੁਕੰਦ ਨੂੰ ਸੂਬਾਈ ਹੈੱਡ ਕੁਆਟਰ ਤੇ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਸਾਲ 2011 ਤੋਂ ਆਪ ਮਾਰਕਫੈੱਡ ਵਿੱਚ ਕਾਰਜਕਾਰੀ ਨਿਰਦੇਸ਼ਕ ਵਜੋਂ ਕਾਰਜਸ਼ੀਲ ਸਨ।
ਮਹੱਤਵਪੂਰਨ ਗੱਲ ਇਹ ਹੈ ਕਿ ਆਪਣੇ ਸਹਿਪਾਠੀ ਡਾ: ਜਸਵਿੰਦਰ ਭੱਲਾ ਨਾਲ ਮਿਲ ਕੇ ਸ: ਜਗਦੇਵ ਸਿੰਘ ਜੱਸੋਵਾਲ ਜੀ ਦੀ ਪ੍ਰੇਰਨਾ ਸਦਕਾ ਛਣਕਾਟਾ 88 ਤੋਂ ਸਫਰ ਸ਼ੁਰੂ ਕਰਕੇ ਦੇਸ਼ ਬਦੇਸ਼ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨ ਪਸਾਰ ਲਈ ਆਪਣੀ ਕਲਾ ਨੂੰ ਲਗਾਤਾਰ ਵਰਤਿਆ ਹੈ।
ਮਾਰਕਫੈੱਡ ਦੇ ਸਮਰਪਿਤ ਅਧਿਕਾਰੀ ਵਜੋਂ ਸਨਮਾਨਿਤ ਬਾਲ ਮੁੰਕਦ ਸ਼ਰਮਾ ਨੂੰ ਅਨੇਕਾਂ ਪੁਰਸਕਾਰ ਹਾਸਲ ਹੋ ਚੁੱਕੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ 1987 ਬੈਚ ਦੇ ਆਪਣੇ ਐੱਮ ਬੀ ਏ ਵਿਦਿਆਰਥੀ ਦੀ ਇਸ ਵਡੇਰੀ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਹੈ। ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ: ਐਸ ਪੀ ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਡਾ: ਨਛੱਤਰ ਸਿੰਘ ਮੱਲ੍ਹੀ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਵੀ ਆਪਣੇ ਕਲਾਵੰਤ ਪ੍ਰਸ਼ਾਸਕ ਨੂੰ ਮੁਬਾਰਕ ਦਿੱਤੀ ਹੈ।