ਮਜੀਠਾ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ’ਚ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੂੰ ਹਾਈਕੋਰਟ ਵੱਲੋਂ ਮਿਲੇ ਵੱਡੇ ਝਟਕੇ ਉਪਰੰਤ ਖਹਿਰਾ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਚੁਨੌਤੀ ਦਿੱਤੀ ਹੈ।
ਮਜੀਠਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਖਹਿਰੇ ਤੋਂ ਵਿਧਾਇਕ ਵੱਜੋ ਅਸਤੀਫ਼ਾ ਮੰਗ ਰਹੇ ਹਨ। ਪੰਜਾਬ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਸੰਵਿਧਾਨਕ ਅਹੁਦੇ ਵਾਲੇ ਵਿਰੋਧੀ ਧਿਰ ਦੇ ਨੇਤਾ ਨੂੰ ਨਸ਼ਿਆਂ ਦੀ ਸਮਗਲਿੰਗ ’ਚ ਬਤੌਰ ਕਿੰਗ ਪਿੰਨ ਫਾਜ਼ਿਲਕਾ ਦੀ ਅਦਾਲਤ ਵੱਲੋਂ ਜਾਰੀ ਸੰਮਨ ਜਾਰੀ ਕੀਤਾ ਗਿਆ। ਜਿਸ ਨੂੰ ਰੋਕਣ ਲਈ ਹਾਈਕੋਰਟ ਪਹੁੰਚੇ ਖਹਿਰਾ ਦੀ ਪਟੀਸ਼ਨ ਰੱਦ ਕਰ ਕੇ ਉਚ ਅਦਾਲਤ ਨੇ ਫਾਜ਼ਿਲਕਾ ਅਦਾਲਤ ਵਜੋਂ ਜਾਰੀ ਸੰਮਨ ’ਤੇ ਮੋਹਰ ਲਾ ਦਿੱਤੀ ਹੈ। ਅਜਿਹੇ ਵਿੱਚ ਖਹਿਰਾ ਅਤੇ ਆਪ ਦਾ ਚਿਹਰਾ ਸਭ ਦੇ ਸਾਹਮਣੇ ਆਗਿਆ ਹੈ। ਜੋ ਪੰਜਾਬ ’ਚ ਨਸ਼ਿਆਂ ਦਾ ਧੰਦਾ ਆਪ ਫੈਲਾਉਂਦਾ ਰਿਹਾ ਪਰ ਦੋਸ਼ ਅਕਾਲੀ ਆਗੂਆਂ ’ਤੇ ਮੜ੍ਹਦਾ ਰਿਹਾ। ਉਹਨਾਂ ਕਿਹਾ ਕਿ ਸਾਫ਼ ਸੁਥਰੀ ਰਾਜਨੀਤੀ ਕਰਨ ਦੇ ਨਾਮ ਹੇਠ ਹੋਂਦ ’ਚ ਆਈ ਪਾਰਟੀ ਆਪ ਦੇ ਆਗੂ ਦੇ ਅਸਲੀ ਚਿਹਰੇ ਦਾ ਪਰਦਾਫਾਸ਼ ਕਿਸੇ ਹੋਰ ਨੇ ਨਹੀਂ ਮਾਨਯੋਗ ਅਦਾਲਤ ਨੇ ਕੀਤਾ ਹੈ ।
ਉਨਾਂ ਹੈਰਾਨੀ ਪ੍ਰਗਟ ਕੀਤੀ ਕਿ ਜਿਸ ਕੇਸ ਵਿੱਚ ਖਹਿਰੇ ਨੂੰ ਤਲਬ ਕੀਤਾ ਜਾ ਰਿਹਾ ਹੈ ਉਹ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਹੈ। ਜਿਨ੍ਹਾਂ ਤੋ ਹੈਰੋਇਨ, ਹਥਿਆਰ ਅਤੇ ਪਾਕਿਸਤਾਨੀ ਸਿੰਮ ਫੜੇ ਜਾਣ ਕਾਰਨ ਇਹ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਇੱਕ ਗੰਭੀਰ ਮੁੱਦਾ ਵੀ ਬਣਦਾ ਹੈ। ਜਿਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਅਦਾਲਤ ਵੱਲੋਂ ਠੋਸ ਸਬੂਤਾਂ ਦੇ ਅਧਾਰ 319 ’ਚ ਬਤੌਰ ਦੋਸ਼ੀ ਤਲਬ ਕਰਨ ਦਾ ਭਾਵ ਉਸ ਦਾ ਕਸੂਰ ਪ੍ਰਤੱਖ ਹੈ ਅਤੇ ਸਜਾ ਵੀ ਲਾਜ਼ਮੀ ਹੈ। ਉਹਨਾਂ ਕਿਹਾ ਕਿ ਖਹਿਰਾ ’ਚ ਨੈਤਿਕਤਾ ਬਾਕੀ ਹੈ ਤਾਂ ਉਹ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਟ੍ਰੈਲ ਕੋਰਟ ਦਾ ਸਾਹਮਣਾ ਕਰੇ।