ਫ਼ਤਹਿਗੜ੍ਹ ਸਾਹਿਬ – “ਭਾਈ ਮੋਹਕਮ ਸਿੰਘ ਜੋ ਦਮਦਮੀ ਟਕਸਾਲ ਦੇ ਕਰਤਾ-ਧਰਤਾ ਰਹੇ ਹਨ, ਉਨ੍ਹਾਂ ਵੱਲੋਂ ਸਿਆਸੀ ਮੁਫ਼ਾਦਾ ਦੀ ਪੂਰਤੀ ਅਧੀਨ ਹੁਣ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਮਿੱਥੇ ਕੌਮੀ ਨਿਸ਼ਾਨੇ ‘ਖ਼ਾਲਿਸਤਾਨ’ ਨੂੰ ਪਿੱਠ ਦੇ ਕੇ ਆਨੰਦਪੁਰ ਮਤੇ ਦੀ ਗੱਲ ਕਰਨਾ ਕੌਮੀ ਨਿਸ਼ਾਨੇ ਉਤੇ ਦਿਨੋ-ਦਿਨ ਵੱਡੀ ਗਿਣਤੀ ਵਿਚ ਪ੍ਰਪੱਕ ਹੁੰਦੀ ਜਾ ਰਹੀ ਸਿੱਖ ਨੌਜ਼ਵਾਨੀ ਅਤੇ ਸਿੱਖ ਕੌਮ ਨੂੰ ਭੰਬਲਭੂਸੇ ਵਿਚ ਪਾਉਣ ਵਾਲੇ ਦੁਖਦਾਇਕ ਅਮਲਾਂ ਦੇ ਨਾਲ-ਨਾਲ ਕੌਮੀ ਘਰ ਬਣਾਉਣ ਵਿਰੁੱਧ ਕੋਈ ਵੱਡੀ ‘ਸਾਜਿ਼ਸ’ ਦਾ ਹਿੱਸਾ ਬਣਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਕਿਉਂਕਿ ਅੱਜ ਇਹ ਆਗੂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆ ਦੇ ਨਾਮ ਦੀ ਦੁਰਵਰਤੋ ਕਰਕੇ ਇਹ ਵੀ ਕਹਿਣ ਲੱਗ ਪਏ ਹਨ ਕਿ ਸੰਤ ਭਿੰਡਰਾਂਵਾਲਿਆ ਨੇ ਵੀ ਆਨੰਦਪੁਰ ਮਤੇ ਦੀ ਮੰਗ ਕੀਤੀ ਸੀ । ਜਦੋਂਕਿ ਸਮੁੱਚੀ ਦੁਨੀਆਂ, ਪ੍ਰੈਸ, ਮੀਡੀਆ ਤੇ ਸਿੱਖ ਕੌਮ ਨੂੰ ਇਹ ਜਾਣਕਾਰੀ ਹੈ ਕਿ ਸੰਤ ਭਿੰਡਰਾਂਵਾਲਿਆ ਦੇ ਕਥਨ ਸਨ ਕਿ ‘ਜਦੋਂ ਹਿੰਦ ਫ਼ੌਜ ਨੇ ਦਰਬਾਰ ਸਾਹਿਬ ਉਤੇ ਹਮਲਾ ਕੀਤਾ, ਤਾਂ ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’ ਉਹ ਸ਼ਬਦ ਸ਼ਾਇਦ ਸ. ਮੋਹਕਮ ਸਿੰਘ ਤੇ ਉਨ੍ਹਾਂ ਦੇ ਸਾਥੀ ਭੁੱਲ ਚੁੱਕੇ ਹਨ ਜਾਂ ਫਿਰ ਕਿਸੇ ਸਾਜਿ਼ਸ ਦਾ ਸਿ਼ਕਾਰ ਹੋ ਕੇ ਹਿੰਦੂਤਵ ਹੁਕਮਰਾਨਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਦੀ ਪੂਰਤੀ ਕਰਨ ਦੀ ਤਾਕ ਵਿਚ ਹਨ । ਜਿਸ ਵਿਚ ਉਹ ਇਸ ਲਈ ਕਤਈ ਕਾਮਯਾਬ ਨਹੀਂ ਹੋ ਸਕਣਗੇ, ਕਿਉਂਕਿ ਸਿੱਖ ਕੌਮ ਮੌਜੂਦਾ ਵਿਚਰ ਰਹੀ ਲੀਡਰਸਿ਼ਪ ਦੀਆਂ ਅਜਿਹੀਆ ਕੌਮ ਵਿਰੋਧੀ ਕਾਰਵਾਈਆ ਅਤੇ ਹਕੂਮਤੀ ਸਾਜਿ਼ਸਾਂ ਤੋਂ ਭਰਪੂਰ ਵਾਕਫੀਅਤ ਰੱਖਦੀ ਹੈ ।”
ਇਹ ਵਿਚਾਰ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਸ. ਕੁਸਲਪਾਲ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ ਅਤੇ ਸ. ਸੁਰਜੀਤ ਸਿੰਘ ਕਾਲਾਬੂਲਾ (ਪੰਜੇ ਜਰਨਲ ਸਕੱਤਰ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਇਕ ਪ੍ਰੈਸ ਬਿਆਨ ਵਿਚ ਜ਼ਾਹਰ ਕਰਦੇ ਹੋਏ ਅਤੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਵਿਰੁੱਧ ਪੰਥਕ ਚਿਹਰਿਆ ਰਾਹੀ ਰਚੀਆਂ ਜਾ ਰਹੀਆਂ ਸਾਜਿ਼ਸਾਂ ਤੋਂ ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਇਹ ਵੀ ਚੇਤੇ ਰੱਖਣਾ ਪਵੇਗਾ ਕਿ ਬਾਬਾ ਠਾਕੁਰ ਸਿੰਘ ਜੀ ਦੀ ਮੁੱਖ ਸੇਵਾ ਸਮੇਂ ਭਾਈ ਮੋਹਕਮ ਸਿੰਘ ਨੇ ਟਕਸਾਲ ਦੇ ਹੈੱਡਕੁਆਟਰ ਮਹਿਤਾ ਚੌਕ ਵਿਖੇ ਸਿੱਖ ਕੌਮ ਦੇ ਕਾਤਲ ਪੁਲਿਸ ਅਫ਼ਸਰ ਕੇ.ਪੀ.ਐਸ. ਗਿੱਲ ਨੂੰ ਬੁਲਾਕੇ ਸਨਮਾਨਿਤ ਕੀਤਾ ਸੀ । ਫਿਰ ਲੁਧਿਆਣੇ ਵਿਖੇ ਇਕ ਸਮਾਗਮ ਦੌਰਾਨ ਬਾਬਾ ਠਾਕੁਰ ਸਿੰਘ ਜੀ ਤੋ ਵੀ ਕੇ.ਪੀ.ਐਸ. ਗਿੱਲ ਨੂੰ ਸਿਰਪਾਓ ਬਖਸਿ਼ਸ਼ ਕਰਵਾਉਣ ਦੀ ਗੁਸਤਾਖੀ ਕੀਤੀ ਸੀ । ਆਗੂਆਂ ਨੇ ਸ. ਮੋਹਕਮ ਸਿੰਘ ਨੂੰ ਪ੍ਰਸ਼ਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਮਨ-ਆਤਮਾ ਦੀ ਗੱਲ ਦੀ ਜਾਣਕਾਰੀ ਕਿਵੇਂ ਮਿਲ ਗਈ ? ਜਦੋਂਕਿ ਉਸ ਸਮੇਂ ਤਾਂ ਉਹ (ਮੋਹਕਮ ਸਿੰਘ) ਦਮਦਮੀ ਟਕਸਾਲ ਦੇ ਇਕ ਵਿਦਿਆਰਥੀ ਤੌਰ ਤੇ ਹੀ ਵਿਚਰ ਰਹੇ ਹੋਣਗੇ । ਦੂਸਰੇ ਪਾਸੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਉਸ ਸਮੇਂ ਸੰਤ ਜੀ ਦੇ ਅਤਿ ਨਜ਼ਦੀਕੀ ਵੀ ਰਹੇ ਹਨ ਅਤੇ ਉਨ੍ਹਾਂ ਨਾਲ ਸਭ ਗੰਭੀਰ ਮੁੱਦਿਆ ਉਤੇ ਸੰਤ ਜੀ ਵਿਚਾਰਾਂ ਵੀ ਸਾਂਝੀਆ ਕਰਦੇ ਸਨ । ਫਿਰ ਖ਼ਾਲਿਸਤਾਨ ਬਾਰੇ ਸੰਤਾਂ ਦੇ ਮਨ-ਆਤਮਾ ਦੀ ਗੱਲ ਸ. ਮੋਹਕਮ ਸਿੰਘ ਨੂੰ ਸਹੀ ਪਤਾ ਹੋਵੇਗਾ ਜਾਂ ਸ. ਸਿਮਰਨਜੀਤ ਸਿੰਘ ਮਾਨ ਨੂੰ ? ਇਸ ਲਈ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਨਾਮ ਦੀ ਦੁਰਵਰਤੋ ਕਰਨ ਵਾਲਿਆ ਨੂੰ ਇਹ ਕਹਿਣਾ ਚਾਹਵਾਂਗੇ ਕਿ ਉਹ ਅਜਿਹਾ ਖ਼ਾਲਿਸਤਾਨ ਅਤੇ ਸੰਤ ਭਿੰਡਰਾਂਵਾਲਿਆ ਸੰਬੰਧੀ ਗੁੰਮਰਾਹਕੁੰਨ ਪ੍ਰਚਾਰ ਕਰਕੇ ਕੌਮ ਦੀ ਖ਼ਾਲਿਸਤਾਨ ਵਿਚ ਬਣੀ ਆਸਥਾਂ ਨੂੰ ਥਿੜਕਾ ਕੇ ਹੁਕਮਰਾਨਾਂ ਦੇ ਮਨਸੂਬਿਆਂ ਨੂੰ ਪੂਰਨ ਕਰਨ ਵਿਚ ਜੇਕਰ ਭਾਗੀ ਨਾ ਬਣਨ ਤਾਂ ਇਹ ਉਨ੍ਹਾਂ ਲਈ ਬਿਹਤਰ ਹੋਵੇਗਾ । ਵਰਨਾ ਆਉਣ ਵਾਲੇ ਸਮੇਂ ਵਿਚ ‘ਸਿੱਖ ਲੀਡਰਸਿ਼ਪ’ ਅਤੇ ‘ਕੌਮੀ ਨਿਸ਼ਾਨੇ’ ਬਾਰੇ ਸਿੱਖ ਕੌਮ ਦ੍ਰਿੜਤਾ ਨਾਲ ਫੈਸਲਾ ਕਰਨ ਜਾ ਰਹੀ ਹੈ । ਫਿਰ ਉਸ ਸਮੇਂ ਅਜਿਹੀ ਦੋਚਿੱਤੀ ਵਿਚ ਫਸੀ ਆਪਣੇ-ਆਪ ਨੂੰ ਕੌਮ ਦੇ ਲੀਡਰ ਕਹਾਉਣ ਵਾਲੇ ਆਗੂਆਂ ਦੀ ਸਥਿਤੀ ਕਿੰਨੀ ਗੁੰਝਲਦਾਰ ਬਣ ਜਾਵੇਗੀ, ਉਸ ਨੂੰ ਜਰਾ ਭਾਪ ਤੇ ਸਮਝ ਲੈਣ ।